ਫਾਜ਼ਿਲਕਾ 08 ਸਤੰਬਰ 2025 AJ DI Awaaj
Punjab Desk : ਸਿਹਤ ਮੰਤਰੀ ਪੰਜਾਬ ਡਾਕਟਰ ਬਲਬੀਰ ਸਿੰਘ ਦੇ ਦਿਸ਼ਾ ਨਿਰਦੇਸ਼ਾਂ ਡਾਕਟਰ ਰਾਜ ਕੁਮਾਰ ਸਿਵਲ ਸਰਜਨ ਦੀ ਉਚੇਚੀ ਨਿਗਰਾਨੀ ਅਤੇ ਡਾਕਟਰ ਰੋਹਿਤ ਗੋਇਲ ਸਹਾਇਕ ਸਿਵਲ ਸਰਜਨ ਦੀ ਦੇਖ ਰੇਖ ਵਿੱਚ ਸਿਹਤ ਵਿਭਾਗ ਫਾਜ਼ਿਲਕਾ ਵੱਲੋਂ ਹੜ੍ਹਾਂ ਅਤੇ ਬਰਸਾਤਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਸੱਪਾਂ ਦੇ ਡੰਗ ਤੋਂ ਬਚਾਅ ਅਤੇ ਇਲਾਜ ਸਬੰਧੀ ਸਲਾਹ ਜਾਰੀ ਕੀਤੀ ਗਈ ਹੈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਡਾਕਟਰ ਰੋਹਿਤ ਗੋਇਲ ਨੇ ਦੱਸਿਆ ਕਿ ਹੜ੍ਹਾਂ ਅਤੇ ਬਰਸਾਤਾਂ ਦਾ ਮੋਸਮ ਹੋਣ ਕਾਰਨ ਸੱਪਾਂ ਦਾ ਖੱਡਾਂ ਵਿੱਚੋਂ ਨਿਕਲ ਕੇ ਬਾਹਰ ਆਉਣਾ ਆਮ ਹੈ, ਜਿਸ ਕਾਰਨ ਇਸ ਮੌਸਮ ਵਿੱਚ ਸੱਪ ਦੇ ਡੰਗ ਦੇ ਕੇਸ ਵੱਧ ਜਾਂਦੇ ਹਨ। ਉਹਨਾਂ ਕਿਹਾ ਕਿ ਸੱਪ ਦੇ ਡੰਗ ਤੋਂ ਬਚਾਅ ਲਈ ਹੜ੍ਹਾਂ ਦੇ ਪਾਣੀ ਵਿੱਚ ਜਾਣ ਤੋਂ ਗੁਰੇਜ਼ ਕੀਤਾ ਜਾਵੇ। ਹੜ੍ਹਾਂ ਦੇ ਪਾਣੀ, ਖੇਤਾਂ, ਜੰਗਲਾਂ ਅਤੇ ਘਾਹ ਵਾਲੀਆਂ ਥਾਵਾਂ ਅਤੇ ਬਾਹਰ ਜਾਣ ਵੇਲੇ ਬੰਦ ਜੁੱਤੀਆਂ, ਲੰਬੇ ਬੂਟ ਪਾਏ ਜਾਣ। ਉਹਨਾਂ ਕਿਹਾ ਕਿ ਜੇਕਰ ਸੱਪ ਡੰਗ ਜਾਵੇ ਤਾਂ ਤੁਰੰਤ ਮੁੱਢਲੀ ਸਹਾਇਤਾ ਦਿੱਤੀ ਜਾਵੇ। ਡੰਗ ਵਾਲੀ ਥਾਂ ਨੂੰ ਨਾ ਹੀ ਕੱਟਿਆ ਜਾਵੇ ਤੇ ਨਾ ਹੀ ਮੂੰਹ ਨਾਲ ਜ਼ਹਿਰ ਬਾਹਰ ਕੱਢਣ ਦੀ ਕੋਸ਼ਿਸ਼ ਕੀਤੀ ਜਾਵੇ।
ਡਾਕਟਰੀ ਸਲਾਹ ਤੋਂ ਬਗੈਰ ਕਿਸੇ ਕਿਸਮ ਦੀ ਦਵਾਈ ਦੀ ਵਰਤੋਂ ਨਾ ਕੀਤੀ ਜਾਵੇ। ਸੱਪ ਦੇ ਡੰਗ ਮਾਰਨ ਤੇ ਘਬਰਾਉਣ ਦੀ ਲੋੜ ਨਹੀਂ, ਬਲਕਿ ਮਰੀਜ਼ ਨੂੰ ਤੁਰੰਤ ਸਰਕਾਰੀ ਹਸਪਤਾਲ ਵਿੱਚ ਪਹੁੰਚਾਇਆ ਜਾਵੇ। ਇਸ ਸਮੇਂ ਐਂਬੂਲੈਂਸ ਲਈ 108 ਤੇ ਸੰਪਰਕ ਕੀਤਾ ਜਾ ਸਕਦਾ ਹੈ। ਇਸ ਦਾ ਇਲਾਜ ਸਰਕਾਰੀ ਹਸਪਤਾਲਾਂ ਵਿੱਚ ਮੁਫ਼ਤ ਉਪਲੱਬਧ ਹੈ। ਇਸ ਤੋਂ ਇਲਾਵਾ ਉਹਨਾਂ ਕਿਹਾ ਕਿ ਜੇਕਰ ਕੁੱਤਾ ਕੱਟ ਜਾਵੇ ਤਾਂ ਬਿਨ੍ਹਾਂ ਕਿਸੇ ਦੇਰੀ ਮਰੀਜ਼ ਨੂੰ ਹਸਪਤਾਲ ਵਿੱਚ ਲਿਆਂਦਾ ਜਾਵੇ। ਕਿਉਂਕਿ ਕੁੱਤੇ ਦੇ ਕੱਟੇ ਨਾਲ ਹਲਕਾਅ ਹੋ ਸਕਦਾ ਹੈ। ਸਾਰੇ ਸਰਕਾਰੀ ਹਸਪਤਾਲਾਂ ਵਿੱਚ ਐਂਟੀ ਰੇਬੀਜ਼ ਵੈਕਸੀਨ ਅਤੇ ਸੀਰਮ ਦਾ ਪ੍ਰਬੰਧ ਹੈ। ਜਿਲ੍ਹੇ ਦੇ ਆਮ ਆਦਮੀ ਕਲੀਨਿਕਾਂ ਵਿੱਚ ਵੀ ਐਂਟੀ ਰੇਬੀਜ਼ ਵੈਕਸੀਨ ਉਪਲੱਬਧ ਹੈ।
ਉਹਨਾਂ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਰਾਤ ਨੂੰ ਬਾਹਰ ਜਾਣ ਵੇਲੇ ਸੋਟੀ ਕੋਲ ਰੱਖੀ ਜਾਵੇ, ਹਮੇਸ਼ਾ ਟਾਰਚ ਜਾਂ ਮੋਬਾਈਲ ਦੀ ਲਾਈਟ ਦੀ ਵਰਤੋਂ ਕੀਤੀ ਜਾਵੇ। ਫਰਸ਼ ਤੇ ਸੌਣ ਤੋਂ ਗੁਰੇਜ਼ ਕੀਤਾ ਜਾਵੇ। ਘਰ ਦੇ ਆਲੇ ਦੁਆਲੇ ਨੂੰ ਸਾਫ ਸੁਥਰਾ ਰੱਖਿਆ ਜਾਵੇ। ਘਰਾਂ ਦੇ ਨੇੜੇ ਘਾਹ, ਬਾੜੀਆਂ ਨੂੰ ਸਮੇਂ-ਸਮੇਂ ਤੇ ਕੱਟਿਆ ਜਾਵੇ।
