ਐਚ.ਡੀ.ਐਫ.ਸੀ. ਬੈਂਕ ਲੁੱਟ: 38 ਲੱਖ ਦੀ ਲੁੱਟ, 17 ਦਿਨਾਂ ‘ਚ ਤਿੰਨ ਮੁਲਜ਼ਮ ਕਾਬੂ

36

ਕਪੂਰਥਲਾ,17 ਜੂਨ 2025 Aj DI Awaaj

ਕਪੂਰਥਲਾ ਦੇ ਫਗਵਾੜਾ ਡਿਵੀਜ਼ਨ ਦੇ ਪਿੰਡ ਰੇਹਾਣਾ ਜੱਟਾ ਵਿਖੇ 30 ਮਈ ਨੂੰ ਐਚ.ਡੀ.ਐਫ.ਸੀ. ਬੈਂਕ ‘ਚ ਹੋਈ ਲੁੱਟ ਦੀ ਵੱਡੀ ਘਟਨਾ ਨੂੰ ਪੰਜਾਬ ਪੁਲਿਸ ਨੇ ਸਿਰਫ 17 ਦਿਨਾਂ ‘ਚ ਸੁਲਝਾ ਲਿਆ ਹੈ। ਪੁਲਿਸ ਨੇ ਲੁੱਟ ਵਿੱਚ ਸ਼ਾਮਲ ਤਿੰਨ ਮੁਲਜ਼ਮਾਂ ਨੂੰ ਕਾਬੂ ਕਰ ਲਿਆ ਹੈ। ਇਸ ਦੀ ਪੁਸ਼ਟੀ ਜ਼ਿਲ੍ਹਾ ਸਿੰਨੀਅਰ ਸੁਪਰਡੈਂਟ ਆਫ ਪੁਲਿਸ (SSP) ਗੌਰਵ ਤੂਰਾ ਨੇ ਕੀਤੀ।

SSP ਤੂਰਾ ਨੇ ਦੱਸਿਆ ਕਿ 7 ਜੂਨ ਨੂੰ ਪਹਿਲਾ ਮੁਲਜ਼ਮ ਪਿੰਡ ਕਾਹਲਵਾਂ (ਕਰਤਾਰਪੁਰ ਨੇੜੇ) ਤੋਂ ਗ੍ਰਿਫ਼ਤਾਰ ਹੋਇਆ ਸੀ, ਜਿਸ ਕੋਲੋਂ 28.67 ਲੱਖ ਰੁਪਏ ਨਕਦ ਅਤੇ ਇੱਕ ਦੇਸੀ ਪਿਸਤੌ*ਲ ਬਰਾਮਦ ਹੋਇਆ। ਹੋਰ ਦੋ ਲੁਟੇਰੇ, ਜੋ ਕਿ ਮਥੁਰਾ ਵਿੱਚ ਲੁਕੇ ਹੋਏ ਸਨ, ਉਨ੍ਹਾਂ ਨੂੰ ਵੀ ਗ੍ਰਿਫ਼ਤਾਰ ਕਰ ਲਿਆ ਗਿਆ। ਉਨ੍ਹਾਂ ਕੋਲੋਂ ਹੋਰ ਨਕਦੀ, ਇੱਕ ਇਨੋਵਾ ਕ੍ਰਿਸਟਾ ਕਾਰ, ਇੱਕ ਵਰਨਾ ਕਾਰ, ਦੋ ਪਿਸਤੌ*ਲ ਅਤੇ ਦੋ ਜਿੰਦੇ ਰੌਂ*ਦ ਵੀ ਬਰਾਮਦ ਕੀਤੇ ਗਏ ਹਨ।

30 ਮਈ ਦੀ ਦੁਪਹਿਰ ਤਿੰਨ ਨਕਾਬਪੋਸ਼ ਲੁਟੇਰੇ ਇੱਕ ਸਫੈਦ ਵਰਨਾ ਕਾਰ ‘ਚ ਬੈਂਕ ਅੰਦਰ ਦਾਖਲ ਹੋਏ ਅਤੇ ਹਥਿਆਰਾਂ ਦੀ ਨੋਕ ‘ਤੇ 38,34,900 ਰੁਪਏ ਦੀ ਲੁੱਟ ਕਰਕੇ ਫਰਾਰ ਹੋ ਗਏ। ਉਨ੍ਹਾਂ ਦੀ ਵਰਤੀ ਗਈ ਗੱਡੀ ‘ਤੇ ਲੱਗੀ ਨੰਬਰ ਪਲੇਟ ਜਾਲੀ ਸੀ। ਘਟਨਾ ਦੀ ਸੂਚਨਾ ਮਿਲਦਿਆਂ ਹੀ ਪੁਲਿਸ ਨੇ ਸੀਸੀਟੀਵੀ ਫੁਟੇਜ ਅਤੇ ਹੋਰ ਤੱਥਾਂ ਦੇ ਆਧਾਰ ‘ਤੇ ਜਾਂਚ ਸ਼ੁਰੂ ਕਰ ਦਿੱਤੀ।

ਇਸ ਮਾਮਲੇ ਦੀ ਜਾਂਚ ਲਈ SSP ਗੌਰਵ ਤੂਰਾ ਦੀ ਅਗਵਾਈ ਹੇਠ ਹਿਊਮਨ ਇੰਟੈਲੀਜੈਂਸ, ਟੈਕਨੀਕਲ ਟੀਮਾਂ ਅਤੇ ਵੱਖ-ਵੱਖ ਵਿਭਾਗਾਂ ਦੀਆਂ ਵਿਸ਼ੇਸ਼ ਟੀਮਾਂ ਤਾਇਨਾਤ ਕੀਤੀਆਂ ਗਈਆਂ। ਪੁਲਿਸ ਦੀ ਸੀਆਈਏ ਟੀਮ ਦੇ ਇੰਚਾਰਜ ਜਰਨੈਲ ਸਿੰਘ ਅਤੇ ਟੈਕਨੀਕਲ ਟੀਮ ਦੇ ਇੰਚਾਰਜ ਚਰਨਜੀਤ ਸਿੰਘ ਨੇ 10 ਦਿਨਾਂ ਤੱਕ ਲਗਾਤਾਰ ਕਾਰਵਾਈ ਕਰਦਿਆਂ ਇਹ ਸਫਲਤਾ ਹਾਸਲ ਕੀਤੀ।

SSP ਮੁਤਾਬਕ, ਲੁੱਟ ਦੀ ਯੋਜਨਾ ਬਣਾਉਣ ਵਾਲਾ ਮੁੱਖ ਦਿਮਾਗ਼ੀ ਸੁਤਰਧਾਰ ਜ਼ੋਰਾਵਰ ਸਿੰਘ ਹੈ, ਜੋ ਪਹਿਲਾਂ ਤੋਂ ਚਾਰ ਕ੍ਰਿਮਿਨਲ ਮਾਮਲਿਆਂ ਵਿੱਚ ਫ਼ਸਿਆ ਹੋਇਆ ਹੈ। ਉਸ ਦੇ ਨਾਲ ਨਵਜੋਤ ਸਿੰਘ ਅਤੇ ਗੁਰਵਿੰਦਰ ਸਿੰਘ ਨੇ ਵੀ ਲੁੱਟ ਨੂੰ ਅੰਜਾਮ ਦੇਣ ਵਿੱਚ ਭੂਮਿਕਾ ਨਿਭਾਈ।

ਪੁਲਿਸ ਵਲੋਂ ਆਖਰੀ ਰਕਮ ਦੀ ਬਰਾਮਦੀ ਅਤੇ ਹੋਰ ਦੋਸ਼ਾਂ ਦੀ ਪੁਸ਼ਟੀ ਲਈ ਜਾਂਚ ਜਾਰੀ ਹੈ।