15November 2025 Aj Di Awaaj
International Desk ਇਜ਼ਰਾਈਲ ਨੇ ਵੀਰਵਾਰ ਨੂੰ ਦੱਸਿਆ ਕਿ ਹਮਾਸ ਹਮਲੇ ਦੌਰਾਨ ਫੜੇ ਗਏ ਬਾਕੀ ਚਾਰ ਬੰਧਕਾਂ ਵਿੱਚੋਂ ਇੱਕ ਦੀ ਲਾਸ਼ ਉਨ੍ਹਾਂ ਨੂੰ ਵਾਪਸ ਮਿਲੀ ਹੈ। ਉਸਦੀ ਪਛਾਣ ਮੇਨੀ ਗੋਡਾਰਡ ਵਜੋਂ ਹੋਈ ਹੈ, ਜਿਸਨੂੰ ਦੱਖਣੀ ਇਜ਼ਰਾਈਲ ਤੋਂ ਅਗਵਾ ਕੀਤਾ ਗਿਆ ਸੀ। ਹਮਲੇ ਦੌਰਾਨ ਉਸਦੀ ਪਤਨੀ ਏਲੇਟ ਦੀ ਮੌਤ ਹੋ ਗਈ ਸੀ।
ਹਮਾਸ ਨੇ ਕਿਹਾ ਕਿ ਗੋਡਾਰਡ ਦੀ ਲਾ/ਸ਼ ਦੱਖਣੀ ਗਾਜ਼ਾ ਵਿੱਚ ਬਰਾਮਦ ਕੀਤੀ ਗਈ ਸੀ। ਉੱਥੇ ਹੀ, ਇਜ਼ਰਾਈਲ ਨੇ ਸ਼ੁੱਕਰਵਾਰ ਨੂੰ ਗਾਜ਼ਾ ਵਾਸਤੇ 15 ਫ਼ਲਸਤੀਨੀਆਂ ਦੀਆਂ ਲਾਸ਼ਾਂ ਵਾਪਸ ਭੇਜੀਆਂ।
10 ਅਕਤੂਬਰ ਨੂੰ ਇਜ਼ਰਾਈਲ ਅਤੇ ਹਮਾਸ ਵਿਚਾਲੇ ਜੰਗਬੰਦੀ ਸ਼ੁਰੂ ਹੋਣ ਤੋਂ ਬਾਅਦ ਹੁਣ ਤੱਕ 25 ਬੰਧਕਾਂ ਦੀਆਂ ਲਾਸ਼ਾਂ ਇਜ਼ਰਾਈਲ ਨੂੰ ਵਾਪਸ ਮਿਲ ਚੁੱਕੀਆਂ ਹਨ। ਗਾਜ਼ਾ ਵਿੱਚ ਹਾਲੇ ਵੀ ਤਿੰਨ ਹੋਰ ਬੰਧਕਾਂ ਦੀਆਂ ਲਾਸ਼ਾਂ ਮੌਜੂਦ ਹਨ, ਜਿਨ੍ਹਾਂ ਨੂੰ ਵਾਪਸ ਕਰਨਾ ਬਾਕੀ ਹੈ।
ਜੰਗਬੰਦੀ ਸਮਝੌਤੇ ਅਨੁਸਾਰ, ਇਜ਼ਰਾਈਲ ਹਰੇਕ ਬੰਧਕ ਦੀ ਲਾਸ਼ ਦੇ ਬਦਲੇ 15 ਫ਼ਲਸਤੀਨੀ ਲਾਸ਼ਾਂ ਵਾਪਸ ਕਰ ਰਿਹਾ ਹੈ।
ਗਾਜ਼ਾ ਦੇ ਸਿਹਤ ਮੰਤਰਾਲੇ ਅਨੁਸਾਰ, ਹੁਣ ਤੱਕ ਕੁੱਲ 315 ਲਾਸ਼ਾਂ ਵਾਪਸ ਮਿਲ ਚੁੱਕੀਆਂ ਹਨ। ਹਮਾਸ ਨੇ ਕਿਹਾ ਹੈ ਕਿ ਗਾਜ਼ਾ ਵਿੱਚ ਵਿਆਪਕ ਤਬਾਹੀ ਕਾਰਨ ਲਾਸ਼ਾਂ ਬਰਾਮਦ ਕਰਨਾ ਬਹੁਤ ਮੁਸ਼ਕਲ ਹੋ ਰਿਹਾ ਹੈ। ਇਜ਼ਰਾਈਲ ਲਾਸ਼ਾਂ ਦੀ ਵਾਪਸੀ ਦੀ ਪ੍ਰਕਿਰਿਆ ਤੇਜ਼ ਕਰਨ ’ਤੇ ਜ਼ੋਰ ਦੇ ਰਿਹਾ ਹੈ ਅਤੇ ਕੁਝ ਮਾਮਲਿਆਂ ਵਿੱਚ ਇਹ ਵੀ ਕਿਹਾ ਗਿਆ ਹੈ ਕਿ ਵਾਪਸ ਕੀਤੀਆਂ ਲਾਸ਼ਾਂ ਬੰਧਕਾਂ ਦੀਆਂ ਨਹੀਂ ਸਨ।












