ਫਰੀਦਕੋਟ 28 Feb 2026 AJ DI Awaaj
Punjab Desk : ਜ਼ਿਲ੍ਹੇ ਦੇ ਪਿੰਡ ਸੁਖਾਂਵਾਲਾ ਵਿੱਚ ਤਿੰਨ ਮਹੀਨੇ ਪਹਿਲਾਂ ਹੋਏ ਗੁਰਵਿੰਦਰ ਸਿੰਘ ਕ*ਤਲ ਮਾਮਲੇ ਵਿੱਚ ਪੁਲਿਸ ਨੇ ਮ੍ਰਿ*ਤਕ ਦੀ ਪਤਨੀ ਸਮੇਤ ਚਾਰ ਮੁਲਜ਼ਮਾਂ ਖ਼ਿਲਾਫ਼ ਜੇਐਮਆਈਸੀ ਅਦਾਲਤ ਵਿੱਚ 240 ਸਫ਼ਿਆਂ ਦੀ ਚਾਰਜਸ਼ੀਟ ਦਾਇਰ ਕਰ ਦਿੱਤੀ ਹੈ। ਪੁਲਿਸ ਨੇ 85 ਦਿਨਾਂ ਵਿੱਚ ਜਾਂਚ ਮੁਕੰਮਲ ਕਰਕੇ 48 ਗਵਾਹਾਂ ਦੀ ਸੂਚੀ ਵੀ ਅਦਾਲਤ ਅੱਗੇ ਪੇਸ਼ ਕੀਤੀ ਹੈ।
ਸਦਰ ਫਰੀਦਕੋਟ ਪੁਲਿਸ ਵੱਲੋਂ ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮਾਂ ਵਿੱਚ ਰੁਪਿੰਦਰ ਕੌਰ, ਉਸਦਾ ਕਥਿਤ ਪ੍ਰੇਮੀ ਹਰਕੰਵਲਪ੍ਰੀਤ ਸਿੰਘ (ਵਾਸੀ ਬੱਲੂਆਣਾ, ਬਠਿੰਡਾ), ਉਸਦਾ ਦੋਸਤ ਵਿਸ਼ਵਜੀਤ ਕੁਮਾਰ (ਵਾਸੀ ਮੰਡੀ ਡੱਬਵਾਲੀ, ਹਰਿਆਣਾ) ਅਤੇ ਰੁਪਿੰਦਰ ਦੀ ਸਹੇਲੀ ਵੀਰਿੰਦਰ ਕੌਰ (ਵਾਸੀ ਫਰੀਦਕੋਟ) ਸ਼ਾਮਲ ਹਨ। ਚਾਰੇ ਮੁਲਜ਼ਮ ਇਸ ਵੇਲੇ ਨਿਆਂਇਕ ਹਿਰਾਸਤ ਵਿੱਚ ਜੇਲ੍ਹ ਵਿੱਚ ਹਨ।
ਚਾਰਜਸ਼ੀਟ ਅਨੁਸਾਰ ਰੁਪਿੰਦਰ ਕੌਰ ਅਤੇ ਹਰਕੰਵਲਪ੍ਰੀਤ ਸਿੰਘ ਦੇ ਕਥਿਤ ਨਾਜਾਇਜ਼ ਸੰਬੰਧਾਂ ਦੇ ਚੱਲਦਿਆਂ ਸਾਜ਼ਿਸ਼ ਰਚ ਕੇ ਗੁਰਵਿੰਦਰ ਸਿੰਘ ਦੀ ਗਲਾ ਘੁੱਟ ਕੇ ਹੱ*ਤਿਆ ਕੀਤੀ ਗਈ। ਇਹ ਵਾਰਦਾਤ 28 ਨਵੰਬਰ 2025 ਦੀ ਰਾਤ ਨੂੰ ਹੋਈ। ਗੁਰਵਿੰਦਰ ਸਿੰਘ ਦੀ ਲਾ*ਸ਼ ਉਸਦੇ ਘਰ ਦੀ ਛੱਤ ਤੋਂ ਸ਼ੱਕੀ ਹਾਲਾਤਾਂ ਵਿੱਚ ਮਿਲੀ ਸੀ। ਘਟਨਾ ਦੀ ਸੂਚਨਾ ਸਭ ਤੋਂ ਪਹਿਲਾਂ ਉਸਦੀ ਪਤਨੀ ਰੁਪਿੰਦਰ ਕੌਰ ਨੇ ਪਰਿਵਾਰ ਨੂੰ ਦਿੱਤੀ ਸੀ।
ਮ੍ਰਿ*ਤਕ ਦੀ ਵਿਆਹੁਤਾ ਭੈਣ ਮਨਵੀਰ ਕੌਰ ਦੀ ਸ਼ਿਕਾਇਤ ਦੇ ਆਧਾਰ ‘ਤੇ ਪੁਲਿਸ ਨੇ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕੀਤੀ। ਪਹਿਲਾਂ ਰੁਪਿੰਦਰ ਕੌਰ ਨੂੰ ਗ੍ਰਿਫ਼ਤਾਰ ਕੀਤਾ ਗਿਆ ਅਤੇ ਬਾਅਦ ਵਿੱਚ ਜਾਂਚ ਦੌਰਾਨ ਹੋਰ ਤਿੰਨ ਮੁਲਜ਼ਮਾਂ ਨੂੰ ਵੀ ਕਾਬੂ ਕੀਤਾ ਗਿਆ।
ਪੁਲਿਸ ਜਾਂਚ ਵਿੱਚ ਸਾਹਮਣੇ ਆਇਆ ਕਿ ਮੁਲਜ਼ਮਾਂ ਨੇ ਪਹਿਲਾਂ ਗੁਰਵਿੰਦਰ ਸਿੰਘ ਨੂੰ ਨਸ਼ੀਲੀ ਦਵਾਈ ਦੇ ਕੇ ਮਾਰਨ ਦੀ ਯੋਜਨਾ ਬਣਾਈ ਸੀ, ਪਰ ਅਸਫਲ ਰਹਿਣ ‘ਤੇ ਗਲਾ ਘੁੱਟ ਕੇ ਹੱ*ਤਿਆ ਕਰ ਦਿੱਤੀ। ਜਾਂਚ ਅਨੁਸਾਰ ਜਨਵਰੀ 2025 ਵਿੱਚ ਕੈਨੇਡਾ ਤੋਂ ਵਾਪਸ ਆਈ ਰੁਪਿੰਦਰ ਕੌਰ ਦੇ ਹਰਕੰਵਲਪ੍ਰੀਤ ਸਿੰਘ ਨਾਲ ਸੰਬੰਧ ਸਨ ਅਤੇ ਦੋਵੇਂ ਪਰਿਵਾਰ ਤੋਂ ਲੁਕ ਕੇ ਮਿਲਦੇ ਰਹਿੰਦੇ ਸਨ। ਰੁਪਿੰਦਰ ਦੀ ਸਹੇਲੀ ਵੀਰਿੰਦਰ ਕੌਰ ਇਸ ਰਿਸ਼ਤੇ ਤੋਂ ਜਾਣੂ ਸੀ ਅਤੇ ਕਥਿਤ ਤੌਰ ‘ਤੇ ਸਾਜ਼ਿਸ਼ ਵਿੱਚ ਸਹਾਇਕ ਬਣੀ।
ਘਟਨਾ ਵਾਲੀ ਰਾਤ ਹਰਕੰਵਲਪ੍ਰੀਤ ਸਿੰਘ ਆਪਣੇ ਦੋਸਤ ਵਿਸ਼ਵਜੀਤ ਕੁਮਾਰ ਨਾਲ ਕਾਰ ਰਾਹੀਂ ਰੁਪਿੰਦਰ ਦੇ ਘਰ ਪਹੁੰਚਿਆ ਅਤੇ ਪਹਿਲਾਂ ਤੋਂ ਬਣਾਈ ਯੋਜਨਾ ਅਨੁਸਾਰ ਅਪਰਾਧ ਨੂੰ ਅੰਜਾਮ ਦਿੱਤਾ ਗਿਆ। ਚਾਰਜਸ਼ੀਟ ਦਾਇਰ ਹੋਣ ਨਾਲ ਹੁਣ ਮਾਮਲੇ ਦੀ ਅਦਾਲਤੀ ਕਾਰਵਾਈ ਤੇਜ਼ ਹੋਣ ਦੀ ਸੰਭਾਵਨਾ ਹੈ।














