ਰਾਜਪੁਰਾ: 19 Sep 2025 AJ DI Awaaj
Punjab Desk : ਰਾਜਪੁਰਾ ਦੀ ਅਨਾਜ ਮੰਡੀ ਵਿੱਚ ਤਿੰਨ ਦਿਨਾਂ ਤੱਕ ਚੱਲਿਆ ‘ਗੁਰੂ ਮਾਨਿਓ ਗ੍ਰੰਥ ਚੇਤਨਾ ਸਮਾਗਮ’ 18 ਸਤੰਬਰ ਨੂੰ ਭਾਵੁਕ ਅਤੇ ਰੋਹਮਾਣਕ ਮਾਹੌਲ ਵਿੱਚ ਸਮਾਪਤ ਹੋਇਆ। ਭਾਈ ਸਾਹਿਬ ਭਾਈ ਰਣਜੀਤ ਸਿੰਘ ਜੀ ਖ਼ਾਲਸਾ ਢੱਡਰੀਆਂ ਵਾਲਿਆਂ ਦੀ ਅਗਵਾਈ ਹੇਠ ਹੋਏ ਇਸ ਸਮਾਗਮ ਵਿੱਚ ਅੰਤਿਮ ਦਿਨ ਲਗਭਗ 40 ਹਜ਼ਾਰ ਸੰਗਤਾਂ ਨੇ ਹਾਜ਼ਰੀ ਭਰੀ।
ਇਹ ਸਮਾਗਮ ਦਵਿੰਦਰ ਸਿੰਘ ਆੜ੍ਹਤੀ, ਆੜ੍ਹਤੀ ਐਸੋਸੀਏਸ਼ਨ ਦੇ ਪ੍ਰਧਾਨ, ਅਤੇ ਸ਼ਹਿਰ ਵਾਸੀਆਂ ਦੇ ਸਹਿਯੋਗ ਨਾਲ ਸੰਪੰਨ ਹੋਇਆ। ਸਮਾਗਮ ਵਿੱਚ ਰਾਜਪੁਰਾ ਦੇ ਵਿਧਾਇਕ ਨੀਲ ਮਿੱਤਲ ਨੂੰ ਵਿਸ਼ੇਸ਼ ਸਨਮਾਨ ਦਿੱਤਾ ਗਿਆ, ਜਦਕਿ ਘਨੌਰ ਦੇ ਸਾਬਕਾ ਐਮ.ਐਲ.ਏ. ਮਦਨ ਲਾਲ ਜਲਾਲਪੁਰ, ਅਤੇ ਸਾਬਕਾ ਵਿਧਾਇਕ ਹਰਦਿਆਲ ਸਿੰਘ ਕੰਬੋਜ ਸਮੇਤ ਕਈ ਹੋਰ ਮਹਾਨੁਭਾਵਾਂ ਨੂੰ ਵੀ ਸਨਮਾਨਿਤ ਕੀਤਾ ਗਿਆ।
ਭਾਈ ਰਣਜੀਤ ਸਿੰਘ ਜੀ ਦੀ ਰਸ ਭਰੀ ਗੁਰਬਾਣੀ ਦੇ ਕੀਰਤਨ ਨੇ ਰਾਤ 11 ਵਜੇ ਤੱਕ ਸੰਗਤਾਂ ਨੂੰ ਆਤਮਕ ਰਸ ’ਚ ਡੁਬੋਇਆ। ਨੌਜਵਾਨਾਂ ਅਤੇ ਬੀਬੀਆਂ ਦੀ ਭਾਰੀ ਹਾਜ਼ਰੀ ਨੇ ਸਮਾਗਮ ਦੀ ਸ਼ੋਭਾ ਵਧਾਈ। ਜਿਥੇ ਤੱਕ ਨਿਗਾਹ ਜਾਂਦੀ ਸੀ, ਉਥੇ ਤੱਕ ਸਿਰਫ਼ ਸੰਗਤਾਂ ਦੀ ਭੀੜ ਹੀ ਨਜ਼ਰ ਆਉਂਦੀ ਸੀ।
ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਵਿਤਰ ਹਜ਼ੂਰੀ ਹੇਠ ਆਯੋਜਿਤ ਇਸ ਸਮਾਗਮ ਦੌਰਾਨ ਲੰਗਰ ਅਤੇ ਪ੍ਰਸ਼ਾਸਨਕ ਪ੍ਰਬੰਧ ਭੀ ਚੰਗੇ ਢੰਗ ਨਾਲ ਕੀਤੇ ਗਏ। ਹਜ਼ਾਰਾਂ ਸੰਗਤਾਂ ਨੇ ਲੰਗਰ ਦਾ ਪ੍ਰਸਾਦ ਛਕਿਆ ਅਤੇ ਹਰ ਪਾਸੇ ਵਾਹਿਗੁਰੂ ਸਿਮਰਨ ਦੀ ਗੂੰਜ ਗੂੰਜਦੀ ਰਹੀ।
ਇਹ ਸਮਾਗਮ ਨਾ ਸਿਰਫ਼ ਧਾਰਮਿਕ ਜੋਸ਼ ਭਰਿਆ ਰਿਹਾ, ਸਗੋਂ ਸੰਗਤਾਂ ਲਈ ਆਤਮਕ ਸ਼ਾਂਤੀ ਅਤੇ ਚੇਤਨਾ ਦਾ ਸਰੋਤ ਵੀ ਬਣਿਆ।
