ਚੇਅਰਮੈਨ ਰਮਨ ਬਹਿਲ ਦੀਆਂ ਕੋਸ਼ਿਸ਼ਾਂ ਨਾਲ ਸਬਜ਼ੀ ਮੰਡੀ ਗੁਰਦਾਸਪੁਰ ਨੂੰ ਮਿਲਿਆ ਤੋਹਫ਼ਾ

36

ਗੁਰਦਾਸਪੁਰ, 26 ਅਗਸਤ 2025 Aj Di Awaaj

Punjab Desk :  ਪੰਜਾਬ ਹੈਲਥ ਸਿਸਟਮਜ਼ ਕਾਰਪੋਰੇਸ਼ਨ ਦੇ ਚੇਅਰਮੈਨ ਸ੍ਰੀ ਰਮਨ ਬਹਿਲ ਦੀਆਂ ਕੋਸ਼ਿਸ਼ਾਂ ਸਦਕਾ ਪੰਜਾਬ ਸਰਕਾਰ ਵੱਲੋਂ ਗੁਰਦਾਸਪੁਰ ਸਬਜ਼ੀ ਮੰਡੀ ਨੂੰ ਤੋਹਫ਼ਾ ਦਿੱਤਾ ਗਿਆ ਹੈ। ਸੂਬਾ ਸਰਕਾਰ ਵੱਲੋਂ 1.05 ਕਰੋੜ ਰੁਪਏ ਦੀ ਲਾਗਤ ਨਾਲ ਸਬਜ਼ੀ ਮੰਡੀ ਗੁਰਦਾਸਪੁਰ ਵਿੱਚ 15000 ਸੁਕੇਅਰ ਫੁੱਟ ਦਾ ਨਵਾਂ ਸਟੀਲ ਕਵਰ ਸ਼ੈੱਡ ਮਨਜ਼ੂਰ ਕੀਤਾ ਗਿਆ ਹੈ ਜਿਸ ਦਾ ਨੀਂਹ ਪੱਥਰ ਅੱਜ ਪੰਜਾਬ ਹੈਲਥ ਸਿਸਟਮਜ਼ ਕਾਰਪੋਰੇਸ਼ਨ ਦੇ ਚੇਅਰਮੈਨ ਸ੍ਰੀ ਰਮਨ ਬਹਿਲ ਵੱਲੋਂ ਰੱਖਿਆ ਗਿਆ।

15000 ਸੁਕੇਅਰ ਫੁੱਟ ਦੇ ਸਟੀਲ ਕਵਰ ਸ਼ੈੱਡ ਦਾ ਨੀਂਹ ਪੱਥਰ ਰੱਖਣ ਮੌਕੇ ਸ਼ਹਿਰ ਵਾਸੀਆਂ ਅਤੇ ਸਬਜ਼ੀ ਮੰਡੀ ਨਾਲ ਜੁੜੇ ਆੜ੍ਹਤੀਆਂ, ਲੇਬਰ ਤੇ ਕਿਸਾਨਾਂ ਨੂੰ ਵਧਾਈ ਦਿੰਦਿਆਂ ਚੇਅਰਮੈਨ ਸ੍ਰੀ ਰਮਨ ਬਹਿਲ ਨੇ ਕਿਹਾ ਕਿ ਸਬਜ਼ੀ ਮੰਡੀ ਵਿੱਚ ਇਸ ਸ਼ੈੱਡ ਦੀ ਬਹੁਤ ਜ਼ਰੂਰਤ ਸੀ ਅਤੇ ਸਬਜ਼ੀ ਮੰਡੀ ਐਸੋਸੀਏਸ਼ਨ ਵੱਲੋਂ ਇਸ ਦੀ ਮੰਗ ਵੀ ਕੀਤੀ ਜਾ ਰਹੀ ਸੀ। ਸ੍ਰੀ ਬਹਿਲ ਨੇ ਕਿਹਾ ਕਿ ਉਹ ਹਮੇਸ਼ਾਂ ਹੀ ਲੋਕਾਂ ਦੀ ਭਲਾਈ ਅਤੇ ਮਸਲਿਆਂ ਦਾ ਹੱਲ ਕਰਨ ਨੂੰ ਆਪਣਾ ਇਖ਼ਲਾਕੀ ਫ਼ਰਜ਼ ਸਮਝਦੇ ਹਨ ਅਤੇ ਉਨ੍ਹਾਂ ਨੇ ਸਬਜ਼ੀ ਮੰਡੀ ਦੀ ਇਸ ਜਾਇਜ਼ ਮੰਗ ਲਈ ਪੰਜਾਬ ਸਰਕਾਰ ਅਤੇ ਪੰਜਾਬ ਮੰਡੀ ਬੋਰਡ ਤੱਕ ਪਹੁੰਚ ਕੀਤੀ ਸੀ। ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਨੇ ਗੁਰਦਾਸਪੁਰ ਸਬਜ਼ੀ ਮੰਡੀ ਦੀ ਘਾਟ ਨੂੰ ਪੂਰਾ ਕਰਦੇ ਹੋਏ 1.05 ਕਰੋੜ ਰੁਪਏ ਜਾਰੀ ਕਰਕੇ 15000 ਸੁਕੇਅਰ ਫੁੱਟ ਦਾ ਨਵਾਂ ਸਟੀਲ ਕਵਰ ਸ਼ੈੱਡ ਬਣਾਉਣ ਨੂੰ ਮਨਜ਼ੂਰੀ ਦੇ ਦਿੱਤੀ ਹੈ। ਉਨ੍ਹਾਂ ਕਿਹਾ ਕਿ ਅੱਜ ਪ੍ਰਮਾਤਮਾ ਦਾ ਓਟ-ਆਸਰਾ ਲੈ ਕੇ ਇਸ ਨਵੇਂ ਬਣਨ ਵਾਲੇ ਸ਼ੈੱਡ ਦਾ ਨੀਂਹ ਪੱਥਰ ਰੱਖ ਦਿੱਤਾ ਗਿਆ ਹੈ ਅਤੇ ਜਲਦੀ ਹੀ ਇਸ ਸ਼ੈੱਡ ਨੂੰ ਮੁਕੰਮਲ ਕਰ ਲਿਆ ਜਾਵੇਗਾ। ਉਨ੍ਹਾਂ ਕਿਹਾ ਕਿ ਸਬਜ਼ੀ ਮੰਡੀ ਵਿੱਚ 15000 ਸੁਕੇਅਰ ਫੁੱਟ ਦਾ ਇਹ ਸ਼ੈੱਡ ਬਣਨ ਨਾਲ ਸਬਜ਼ੀ ਵੇਚਣ ਆਉਣ ਵਾਲੇ ਕਿਸਾਨਾਂ, ਆੜ੍ਹਤੀਆਂ, ਲੇਬਰ ਅਤੇ ਖ਼ਰੀਦਦਾਰਾਂ ਨੂੰ ਸਹੂਲਤ ਮਿਲੇਗੀ।

ਚੇਅਰਮੈਨ ਸ੍ਰੀ ਰਮਨ ਬਹਿਲ ਨੇ ਕਿਹਾ ਕਿ ਉਨ੍ਹਾਂ ਦੇ ਪਰਿਵਾਰ ਦੀਆਂ ਤਿੰਨ ਪੀੜ੍ਹੀਆਂ ਸਮਾਜ ਸੇਵਾ ਨੂੰ ਸਮਰਪਿਤ ਹਨ ਅਤੇ ਉਨ੍ਹਾਂ ਦੇ ਪਰਿਵਾਰ ਨੇ ਹਮੇਸ਼ਾਂ ਹੀ ਸਬਜ਼ੀ ਮੰਡੀ ਦੀ ਬਿਹਤਰੀ ਲਈ ਆਪਣੇ ਯਤਨ ਕੀਤੇ ਹਨ। ਉਨ੍ਹਾਂ ਕਿਹਾ ਕਿ ਗੁਰਦਾਸਪੁਰ ਹਲਕੇ ਦੇ ਨਿਵਾਸੀ ਉਨ੍ਹਾਂ ਦਾ ਆਪਣਾ ਪਰਿਵਾਰ ਹਨ ਅਤੇ ਉਹ ਹਮੇਸ਼ਾਂ ਕੋਸ਼ਿਸ਼ ਕਰਦੇ ਹਨ ਕਿ ਆਪਣੇ ਲੋਕਾਂ ਦੀ ਉਹ ਵੱਧ ਤੋਂ ਵੱਧ ਸੇਵਾ ਕਰ ਸਕਣ। ਸਬਜ਼ੀ ਮੰਡੀ ਦੇ ਇਸ ਪ੍ਰੋਜੈਕਟ ਲਈ ਉਨ੍ਹਾਂ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ, ਖੇਤੀਬਾੜੀ ਮੰਤਰੀ ਸ. ਗੁਰਮੀਤ ਸਿੰਘ ਖੁੱਡੀਆਂ ਅਤੇ ਪੰਜਾਬ ਮੰਡੀ ਬੋਰਡ ਦੇ ਚੇਅਰਮੈਨ ਸ. ਹਰਚੰਦ ਸਿੰਘ ਬਰਸਟ ਦਾ ਧੰਨਵਾਦ ਕੀਤਾ ਹੈ।

ਇਸ ਮੌਕੇ ਮਾਰਕਿਟ ਕਮੇਟੀ ਗੁਰਦਾਸਪੁਰ ਦੇ ਚੇਅਰਮੈਨ ਸ੍ਰੀ ਭਾਰਤ ਭੂਸ਼ਨ ਸ਼ਰਮਾ, ਸ੍ਰੀ ਰਵੀ ਮਹਾਜਨ ਪ੍ਰਧਾਨ ਸਬਜ਼ੀ ਮੰਡੀ ਐਸੋਸੀਏਸ਼ਨ ਗੁਰਦਾਸਪੁਰ, ਨਗਰ ਸੁਧਾਰ ਟਰੱਸਟ ਦੇ ਟਰੱਸਟੀ ਸ. ਰਘੁਬੀਰ ਸਿੰਘ ਖ਼ਾਲਸਾ, ਹਿਤੇਸ਼ ਮਹਾਜਨ ਤੋਂ ਇਲਾਵਾ ਸਬਜ਼ੀ ਮੰਡੀ ਦੇ ਆੜ੍ਹਤੀਏ ਸਾਹਿਬਾਨ ਤੇ ਸ਼ਹਿਰ ਦੇ ਹੋਰ ਮੁਹਤਬਰ ਵੀ ਹਾਜ਼ਰ ਸਨ।