ਵਪਾਰ ਮੰਡਲ ਗੁਰਦਾਸਪੁਰ ਨੇ ਹੜ੍ਹ ਪੀੜ੍ਹਤਾਂ ਦੀ ਮਦਦ

34

ਗੁਰਦਾਸਪੁਰ, 30 ਸਤੰਬਰ 2025 AJ DI Awaaj

Punjab Desk : ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਅਤੇ ਗੁਰਦਾਸਪੁਰ ਦੇ ਹਲਕਾ ਇੰਚਾਰਜ ਸ੍ਰੀ ਰਮਨ ਬਹਿਲ ਦੀ ਪ੍ਰੇਰਨਾ ਸਦਕਾ ਵਪਾਰ ਮੰਡਲ ਗੁਰਦਾਸਪੁਰ ਨੇ ਹੜ੍ਹ ਪੀੜ੍ਹਤਾਂ ਦੀ ਮਦਦ ਲਈ ਇੱਕ ਫਿਰ ਹੱਥ ਵਧਾਇਆ ਹੈ। ਵਪਾਰ ਮੰਡਲ ਗੁਰਦਾਸਪੁਰ ਨੇ ਪੰਜਾਬ ਸਰਕਾਰ ਵੱਲੋਂ ਹੜ੍ਹ ਪੀੜ੍ਹਤਾਂ ਦੀ ਮਦਦ ਲਈ ਸ਼ੁਰੂ ਕੀਤੇ ‘ਮਿਸ਼ਨ ਚੜ੍ਹਦੀ ਕਲਾ’ ਵਿੱਚ 51,000 ਰੁਪਏ ਦਾ ਯੋਗਦਾਨ ਪਾਇਆ ਹੈ।

ਵਪਾਰ ਮੰਡਲ ਗੁਰਦਾਸਪੁਰ ਦੇ ਸਮੂਹ ਅਹੁਦੇਦਾਰਾਂ ਅਤੇ ਮੈਂਬਰਾਂ ਦਾ ਧੰਨਵਾਦ ਕਰਦਿਆਂ ਸ੍ਰੀ ਰਮਨ ਬਹਿਲ ਨੇ ਕਿਹਾ ਕਿ ਇਸ ਸੰਕਟ ਦੀ ਘੜੀ ਵਿੱਚ ਵਪਾਰ ਮੰਡਲ ਵੱਲੋਂ ਹੜ੍ਹ ਪੀੜ੍ਹਤਾਂ ਲਈ ਦੀ ਜੋ ਮਦਦ ਕੀਤੀ ਜਾ ਰਹੀ ਹੈ ਉਸ ਲਈ ਉਹ ਉਨ੍ਹਾਂ ਦੇ ਦਿਲੋਂ ਧੰਨਵਾਦੀ ਹਨ। ਉਨ੍ਹਾਂ ਕਿਹਾ ਕਿ ਕੁਝ ਦਿਨ ਪਹਿਲਾਂ ਵਪਾਰ ਮੰਡਲ ਵੱਲੋਂ ਹੜ੍ਹ ਪੀੜ੍ਹਤਾਂ ਨੂੰ ਮਕਾਨਾਂ ਦੀ ਮੁਰੰਮਤ ਲਈ 90 ਹਜ਼ਾਰ ਰੁਪਏ ਦੇ ਚੈੱਕ ਵੀ ਦਿੱਤੇ ਗਏ ਸਨ ਅਤੇ ਅੱਜ ਮਿਸ਼ਨ ਚੜ੍ਹਦੀਕਲਾ ਵਿੱਚ 51,000 ਰੁਪਏ ਦਾ ਯੋਗਦਾਨ ਪਾਇਆ ਗਿਆ ਹੈ।

ਸ੍ਰੀ ਰਮਨ ਬਹਿਲ ਨੇ ਕਿਹਾ ਕਿ ਪੰਜਾਬ ਦੇ ਹੜ੍ਹ ਪੀੜਤਾਂ ਦੇ ਮੁੜ ਵਸੇਬੇ ਲਈ ਯਤਨਾਂ ਨੂੰ ਤੇਜ਼ ਕਰਦਿਆਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪੰਜਾਬ ਸਰਕਾਰ ਵੱਲੋਂ ‘ਮਿਸ਼ਨ ਚੜ੍ਹਦੀ ਕਲਾ’ ਦੀ ਸ਼ੁਰੂਆਤ ਕੀਤੀ ਗਈ ਹੈ। ਇਸ ਮਿਸ਼ਨ ਦੇ ਤਹਿਤ ਪੰਜਾਬ ਸਰਕਾਰ ਵੱਲੋਂ ਸੂਬੇ ਵਿੱਚ ਹੜ੍ਹ ਪ੍ਰਭਾਵਿਤ ਲੋਕਾਂ ਨੂੰ ਮੁੜ ਆਪਣੇ ਪੈਰਾਂ ‘ਤੇ ਖੜ੍ਹਾ ਕਰਨ ਲਈ ਕੀਤੀਆਂ ਜਾ ਰਹੀਆਂ ਕੋਸ਼ਿਸ਼ਾਂ ਵਾਸਤੇ ਫ਼ੰਡ ਜੁਟਾਉਣ ਲਈ ਆਲਮੀ ਪੱਧਰ ‘ਤੇ ਮੁਹਿੰਮ ਚਲਾਈ ਗਈ ਹੈ।

ਸ੍ਰੀ ਰਮਨ ਬਹਿਲ ਨੇ ਕਿਹਾ ਕਿ ਭਾਵੇਂ ਇਹ ਪੰਜਾਬ ਦੇ ਇਤਿਹਾਸ ਦਾ ਸਭ ਤੋਂ ਭਿਆਨਕ ਦੁਖਾਂਤ ਹੈ, ਪਰ ਇਸ ਦੇ ਨਾਲ ਇਹ ਪੰਜਾਬ ਲਈ ਸਭ ਤੋਂ ਵੱਡੀ ਇਮਤਿਹਾਨ ਦੀ ਘੜੀ ਹੈ। ਉਨ੍ਹਾਂ ਕਿਹਾ ਕਿ ਇਤਿਹਾਸ ਗਵਾਹ ਹੈ ਕਿ ਜਦੋਂ ਵੀ ਪੰਜਾਬ ਨੇ ਕਿਸੇ ਸੰਕਟ ਦਾ ਸਾਹਮਣਾ ਕੀਤਾ ਹੈ, ਪੰਜਾਬੀ ਕਦੇ ਸੰਕਟ ਦੇ ਸਾਹਮਣੇ ਝੁਕੇ ਨਹੀਂ ਸਗੋਂ ਹਮੇਸ਼ਾ ਚਟਾਨ ਵਾਂਗ ਹਿੱਕ ਤਾਣ ਕੇ ਖੜ੍ਹੇ ਹੋਏ ਹਨ।

ਉਨ੍ਹਾਂ ਕਿਹਾ ਕਿ ਇਨ੍ਹਾਂ ਚੁਣੌਤੀਪੂਰਨ ਪ੍ਰਸਥਿਤੀਆਂ ਦੇ ਮੱਦੇਨਜ਼ਰ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪੰਜਾਬ ਸਰਕਾਰ ਵੱਲੋਂ ‘ਮਿਸ਼ਨ ਚੜ੍ਹਦੀ ਕਲਾ’ ਦੀ ਸ਼ੁਰੂਆਤ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਚੜ੍ਹਦੀ ਕਲਾ ਦਾ ਭਾਵ ਔਖੇ ਤੋਂ ਔਖੇ ਸਮੇਂ ਵਿੱਚ ਵੀ ਹੌਂਸਲੇ ਬੁਲੰਦ ਰੱਖਣਾ। ਹਰ ਦੁੱਖ ਵਿੱਚ ਵੀ ਮਜ਼ਬੂਤ ਰਹਿਣਾ। ਹਰ ਹਨੇਰੇ ਵਿੱਚ ਵੀ ਉਮੀਦਾਂ ਦੇ ਦੀਵੇ ਜਗਾਈ ਰੱਖਣਾ ਹੈ।

ਸ੍ਰੀ ਰਮਨ ਬਹ‌ਿਲ ਨੇ ਗੁਰਦਾਸਪੁਰ ਹਲਕੇ ਦੇ ਸਮੂਹ ਦਾਨੀਆਂ ਅਤੇ ਦੁਨੀਆਂ ਭਰ ਵਿੱਚ ਵੱਸਦੇ ਪੰਜਾਬੀਆਂ, ਉਦਯੋਗਪਤੀਆਂ, ਕਲਾਕਾਰਾਂ, ਚੈਰੀਟੇਬਲ ਟਰੱਸਟਾਂ ਨੂੰ ਅਪੀਲ ਕੀਤੀ ਹੈ ਕਿ ਅੱਜ ਪੰਜਾਬ ਨੂੰ ਤੁਹਾਡੀ ਲੋੜ ਹੈ, ਆਓ ਇੱਕਜੁੱਟ ਹੋ ਕੇ ਇਸ ਔਖੀ ਘੜੀ ਵਿੱਚ ਪੰਜਾਬ ਦੀ ਬਾਂਹ ਫੜੀਏ ਅਤੇ ਖੁੱਲ੍ਹੇ ਦਿਲ ਨਾਲ ਪੰਜਾਬ ਦੀ ਮਦਦ ਕਰੀਏ।

ਇਸ ਮੌਕੇ ਵਪਾਰ ਮੰਡਲ ਗੁਰਦਾਸਪੁਰ ਦੇ ਚੇਅਰਮੈਨ ਰਘੁਬੀਰ ਸਿੰਘ ਨੇ ਕਿਹਾ ਕਿ ਵਪਾਰ ਮੰਡਲ ਇਸ ਸੰਕਟ ਦੀ ਘੜੀ ਵਿੱਚ ਆਪਣੇ ਲੋਕਾਂ ਨਾਲ ਅਤੇ ਪੰਜਾਬ ਸਰਕਾਰ ਦੇ ਨਾਲ ਖੜ੍ਹਾ ਹੈ। ਉਨ੍ਹਾਂ ਕਿਹਾ ਕਿ ਸ੍ਰੀ ਰਮਨ ਬਹਿਲ ਦੀ ਪ੍ਰੇਰਨਾ ਸਦਕਾ ਅੱਜ ਉਨ੍ਹਾਂ ਵੱਲੋਂ ਮਿਸ਼ਨ ਚੜ੍ਹਦੀਕਲਾ ਵਿੱਚ 51,000 ਰੁਪਏ ਦਾ ਯੋਗਦਾਨ ਪਾਇਆ ਗਿਆ ਹੈ ਅਤੇ ਉਹ ਭਵਿੱਖ ਵਿੱਚ ਵੀ ਹੜ੍ਹ ਪੀੜ੍ਹਤਾਂ ਦੀ ਮਦਦ ਲਈ ਹਰ ਸੰਭਵ ਉਪਰਾਲੇ ਕਰਦੇ ਰਹਿਣਗੇ।

ਇਸ ਮੌਕੇ ਵਪਾਰ ਮੰਡਲ ਦੇ ਪ੍ਰਧਾਨ ਅਸ਼ੋਕ ਮਹਾਜਨ, ਵਪਾਰ ਮੰਡਲ ਦੇ ਅਹੁਦੇਦਾਰ ਹਿਤੇਸ਼ ਮਹਾਜਨ, ਮੁਕੇਸ਼ ਸ਼ਰਮਾ, ਵਿਕਾਸ ਮਹਾਜਨ, ਰਜਿੰਦਰ ਨਈਅਰ, ਹਰਦੀਪ ਸਿੰਘ, ਦਪਿੰਦਰ ਸਿੰਘ ਰੌਬਿਨ, ਰਾਜ ਕੁਮਾਰ ਗੰਡੋਤਰਾ, ਗਗਨ ਮਹਾਜਨ ਅਤੇ ਮਨੀਸ਼ ਸਰਪਾਲ ਸਮੇਤ ਵਪਾਰ ਮੰਡਲ ਦੇ ਹੋਰ ਮੈਂਬਰ ਵੀ ਹਾਜ਼ਰ ਸਨ।