ਨਵੀਨਤਮ ਖੇਤੀ ਤਕਨੀਕਾਂ ਤੇ ਸਰਕਾਰੀ ਸਕੀਮਾਂ ਬਾਰੇ ਜਾਗਰੂਕਤਾ ਆਧੁਨਿਕ ਦੌਰ ਦੀ ਜਰੂਰਤ : ਕ੍ਰਿਸ਼ੀ  ਵਿਗਿਆਨ ਕੇਂਦਰ

57

ਫ਼ਿਰੋਜ਼ਪੁਰ, 12 ਜੂਨ 2025 , Aj Di Awaaj                                                                               

Punjab Desk: ਕਿਸਾਨਾਂ ਨੂੰ ਸਾਉਣੀ ਦੀਆਂ ਫਸਲਾਂ ਦੀਆਂ ਨਵੀਆਂ ਤਕਨੀਕਾਂ, ਮਿੱਟੀ ਵਿਚਲੇ ਖੁਰਾਕੀ  ਤੱਤਾਂ, ਖਾਦਾਂ ਦੀ ਸੁਚੱਜੀ ਵਰਤੋਂ, ਕਿਸਾਨ ਭਲਾਈ ਸਕੀਮਾਂ ਸਮੇਤ ਖੇਤੀਬਾੜੀ ਦੇ ਵੱਖ-ਵੱਖ ਪਹਿਲੂਆਂ ਤੋਂ ਜਾਣੂ ਕਰਵਾਉਣ ਲਈ ਕੇਂਦਰੀ ਖੇਤੀਬਾੜੀ ਅਤੇ ਕਿਸਾਨ ਭਲਾਈ ਮੰਤਰਾਲੇ ਵੱਲੋਂ 29 ਮਈ ਤੋਂ 12 ਜੂਨ ਤੱਕ ਦੇਸ਼ ਭਰ ਵਿੱਚ ਚਲਾਏ ਜਾ ਰਹੇ ਵਿਕਸਿਤ ਕ੍ਰਿਸ਼ੀ ਸੰਕਲਪ ਅਭਿਆਨ ਤਹਿਤ ਅੱਜ ਜ਼ਿਲ੍ਹਾ ਫਿਰੋਜ਼ਪੁਰ ਦੇ ਪਿੰਡ ਧੀਰਾ ਪਤਰਾ, ਬੁੱਕਣ ਖਾਨ ਵਾਲਾ , ਮੁਰਕਵਾਲਾ,  ਕਰੀਵਾਲਾ, ਜੋਗੇਵਾਲਾ, ਲੱਖੋ ਕੇ ਬਹਿਰਾਮ ਵਿੱਚ ਜਾਗਰੂਕਤਾ ਕੈਂਪਾਂ ਦਾ ਆਯੋਜਨ ਕੀਤਾ ਗਿਆ। ਇਹ ਕੈਂਪ ਡਾ ਗੁਰਮੇਲ ਸਿੰਘ, ਡਿਪਟੀ ਡਾਇਰੈਕਟਰ (ਸਿਖਲਾਈ) ਪੀ ਏ ਯੂ-ਕ੍ਰਿਸ਼ੀ ਵਿਗਿਆਨ ਕੇਂਦਰ, ਫਿਰੋਜ਼ਪੁਰ ਦੀ ਦੇਖ-ਰੇਖ ਹੇਠ ਆਯੋਜਿਤ ਕੀਤੀ ਗਏ, ਜਿਸ ਵਿੱਚ ਵਿਗਿਆਨੀ ਡਾ. ਭੱਲਣ ਸਿੰਘ ਸੇਖੋਂ, ਡਾ. ਸਿਮਰਨਜੀਤ ਕੌਰ ਅਤੇ ਡਾ. ਹਰਪ੍ਰੀਤ ਕੌਰ ਦੇ ਨਾਲ-ਨਾਲ  ਤਕਨੀਕੀ ਸਟਾਫ਼ ਸ਼੍ਰੀ ਜਸਬੀਰ ਸਿੰਘ ਅਤੇ ਸ਼੍ਰੀ ਦੀਪਕ ਕੁਮਾਰ ਨੇ ਕਿਸਾਨਾਂ ਤੇ ਕਿਸਾਨ ਬੀਬੀਆਂ ਨੂੰ ਤਕਨੀਕੀ ਜਾਣਕਾਰੀ ਦਿੱਤੀ।  ਡਾ. ਗੁਰਮੇਲ ਸਿੰਘ ਨੇ ਦੱਸਿਆ ਕਿ  ਨਵੀਨਤਮ ਖੇਤੀ ਤਕਨੀਕਾਂ ਤੇ ਸਰਕਾਰੀ ਸਕੀਮਾਂ ਬਾਰੇ ਜਾਗਰੂਕਤਾ ਆਧੁਨਿਕ ਦੌਰ ਵਿੱਚ ਘੱਟ ਖਰਚ ਕਰਕੇ  ਵੱਧ  ਝਾੜ  ਪ੍ਰਾਪਤ ਕਰਨ ਲਈ ਬਹੁਤ ਜਰੂਰੀ ਹੈ। ਉਹਨਾਂ ਨੇ ਵੱਖ -ਵੱਖ ਖੇਤੀਬਾੜੀ ਸਕੀਮਾਂ  ਬਾਰੇ  ਜਾਣਕਾਰੀ ਦਿੰਦੇ ਹੋਏ ਦੱਸਿਆ ਅਤੇ ਕਿਸਾਨਾਂ ਨੂੰ ਇਹਨਾਂ ਦਾ ਪੂਰਾ ਲਾਭ ਲੈਣਾ ਚਾਹੀਦਾ ਹੈ | ਕ੍ਰਿਸ਼ੀ  ਵਿਗਿਆਨ ਕੇਂਦਰ  ਫਿਰੋਜ਼ਪੁਰ ਦੀ ਵਿਗਿਆਨੀਆਂ  ਦੀ  ਟੀਮ ਨੇ ਇਨਾਂ ਕੈਂਪਾਂ ਵਿੱਚ ਸ਼ਾਮਲ ਕਿਸਾਨਾਂ ਨੂੰ ਝੋਨੇ ਅਤੇ ਬਾਸਮਤੀ ਦੀਆਂ ਪ੍ਰਮਾਣਿਤ ਕਿਸਮਾਂ ਅਤੇ ਇਨਾਂ ਦੀਆਂ ਕਾਸ਼ਤ ਦੀਆਂ ਸੁਧਰੀਆਂ ਤਕਨੀਕਾਂ, ਝੋਨੇ ਦੀ ਸਿੱਧੀ ਬਿਜਾਈ, ਸਾਉਣੀ ਰੁੱਤ ਦੀ ਮੱਕੀ ਦੀ ਕਾਸ਼ਤ, ਜੈਵਿਕ ਖੇਤੀ, ਮਿੱਟੀ ਪਰਖ ਰਿਪੋਰਟ ਅਧਾਰਿਤ ਖਾਦਾਂ ਦੀ ਸੁਚੱਜੀ ਵਰਤੋਂ, ਖੇਤੀ ਮਸ਼ੀਨਰੀ, ਝੋਨੇ ਦੀ ਮਸ਼ੀਨੀ ਲਵਾਈ, ਬਾਗਬਾਨੀ ਫਸਲਾਂ ਦੀ ਕਾਸ਼ਤ, ਸਰਵਪੱਖੀ ਕੀਟ ਅਤੇ ਰੋਗ ਪ੍ਰਬੰਧ ਸਬੰਧੀ ਜਾਣਕਾਰੀ ਦਿੱਤੀ| ਕੈਂਪਾਂ ਦੌਰਾਨ ਕਿਸਾਨਾਂ ਨਾਲ ਖੇਤੀ ਸਮੱਸਿਆਵਾਂ ਸਬੰਧੀ ਵਿਚਾਰ-ਚਰਚਾ ਕੀਤੀ ਗਈ ਅਤੇ ਯੋਗ ਹੱਲ ਸੁਝਾਏ ਗਏ। ਖੇਤੀਬਾੜੀ, ਬਾਗਬਾਨੀ ਅਤੇ ਪਸ਼ੂ-ਪਾਲਣ ਨਾਲ ਸਬੰਧਤ ਵਿਭਾਗਾਂ ਦੇ ਅਧਿਕਾਰੀਆਂ ਨੇ ਕਿਸਾਨ ਭਲਾਈ ਸਕੀਮਾਂ ਸਬੰਧੀ ਜਾਣਕਾਰੀ ਦਿੱਤੀ। ਡਾ ਗੁਰਮੇਲ ਸਿੰਘ ਨੇ ਦੱਸਿਆ ਕਿ ਇਸ ਦੇਸ਼ ਵਿਆਪੀ ਅਭਿਆਨ ਦੌਰਾਨ 700 ਤੋਂ ਵੱਧ ਜ਼ਿਲ੍ਹਿਆਂ ਵਿੱਚ 2000 ਤੋਂ ਵੱਧ ਵਿਗਿਆਨਕ ਟੀਮਾਂ ਹਿੱਸਾ ਲੈ ਰਹੀਆਂ ਹਨ, ਜੋ ਕਿ ਕਿਸਾਨਾਂ ਨੂੰ ਨਵੀਆਂ ਤਕਨੀਕਾਂ ਅਤੇ ਸਰਕਾਰੀ ਸਕੀਮਾਂ ਦੀ ਜਾਣਕਾਰੀ ਦੇਣ ਦੇ ਨਾਲ-ਨਾਲ ਕਿਸਾਨਾਂ ਦੇ ਸੁਝਾਅ ਅਤੇ ਨਿਵੇਕਲੇ ਉੱਦਮਾਂ ਦੇ ਦਸਤਾਵੇਜ਼ ਤਿਆਰ ਕਰ ਰਹੀਆਂ ਹਨ।