India 18 Nov 2025 AJ DI Awaaj
National Desk : ਵਿਦੇਸ਼ ਮੰਤਰਾਲੇ ਨੇ ਐਲਾਨ ਕੀਤਾ ਹੈ ਕਿ ਅਗਲੇ 6 ਮਹੀਨਿਆਂ ਤੋਂ 1 ਸਾਲ ਦੇ ਅੰਦਰ ਦੇਸ਼ ਦੇ ਸਾਰੇ 543 ਲੋਕ ਸਭਾ ਹਲਕਿਆਂ ਵਿੱਚ ਪਾਸਪੋਰਟ ਸੇਵਾ ਕੇਂਦਰ (PSK) ਖੋਲ੍ਹੇ ਜਾਣਗੇ। ਇਸ ਵੇਲੇ 543 ਵਿੱਚੋਂ 511 ਹਲਕਿਆਂ ਵਿੱਚ ਹੀ PSK ਮੌਜੂਦ ਹਨ। ਬਾਕੀ 32 ਹਲਕਿਆਂ ਵਿੱਚ ਜਲਦੀ ਹੀ ਨਵੇਂ ਕੇਂਦਰ ਸਥਾਪਿਤ ਕੀਤੇ ਜਾਣਗੇ ਤਾਂ ਜੋ ਕਿਸੇ ਵੀ ਨਾਗਰਿਕ ਨੂੰ ਪਾਸਪੋਰਟ ਲਈ ਲੰਮਾ ਸਫ਼ਰ ਨਾ ਕਰਨਾ ਪਵੇ।
ਮੰਤਰਾਲੇ ਅਨੁਸਾਰ 2014 ਵਿੱਚ ਸਿਰਫ 77 ਪਾਸਪੋਰਟ ਕੇਂਦਰ ਸਨ, ਜਦੋਂ ਕਿ ਹੁਣ ਇਹ ਗਿਣਤੀ 544 ਤੱਕ ਪਹੁੰਚ ਗਈ ਹੈ। ਸਰਕਾਰ ਦਾ ਟੀਚਾ ਪਾਸਪੋਰਟ ਸੇਵਾਵਾਂ ਨੂੰ ਲੋਕਾਂ ਦੇ ਨੇੜੇ ਲਿਜਾਣਾ ਹੈ।
ਮਈ 2026 ਤੋਂ ਸਾਰੇ ਪਾਸਪੋਰਟ ਹੋਣਗੇ ਈ-ਪਾਸਪੋਰਟ
ਸਰਕਾਰ ਨੇ ਇਹ ਵੀ ਸਪੱਸ਼ਟ ਕੀਤਾ ਹੈ ਕਿ ਮਈ 2026 ਤੋਂ ਜਾਰੀ ਹੋਣ ਵਾਲੇ ਸਾਰੇ ਨਵੇਂ ਪਾਸਪੋਰਟ ਈ-ਪਾਸਪੋਰਟ ਹੋਣਗੇ। ਪੁਰਾਣੇ ਪਾਸਪੋਰਟ ਆਪਣੀ ਮਿਆਦ ਤੱਕ ਵੈਧ ਰਹਿਣਗੇ। ਈ-ਪਾਸਪੋਰਟ ਵਿੱਚ ਇਲੈਕਟ੍ਰਾਨਿਕ ਚਿੱਪ ਲੱਗੀ ਹੋਵੇਗੀ, ਜੋ ਬਾਇਓਮੈਟ੍ਰਿਕ ਡਾਟਾ ਸਟੋਰ ਕਰੇਗੀ ਅਤੇ ਸੁਰੱਖਿਆ ਕਈ ਗੁਣਾ ਵਧੇਗੀ।
ਅਜੇ ਤੱਕ ਭਾਰਤ ਵਿੱਚ 80 ਲੱਖ ਅਤੇ ਵਿਦੇਸ਼ਾਂ ਵਿੱਚ 62 ਹਜ਼ਾਰ ਈ-ਪਾਸਪੋਰਟ ਜਾਰੀ ਕੀਤੇ ਜਾ ਚੁੱਕੇ ਹਨ। ਹਰ ਰੋਜ਼ ਲਗਭਗ 50,000 ਈ-ਪਾਸਪੋਰਟ ਜਾਰੀ ਹੋ ਰਹੇ ਹਨ।

ਗਲੋਬਲ ਪਾਸਪੋਰਟ ਸੇਵਾ ਪ੍ਰੋਗਰਾਮ 2.0 ਦੀ ਸ਼ੁਰੂਆਤ
ਪਿਛਲੇ ਮਹੀਨੇ ਸ਼ੁਰੂ ਕੀਤਾ ਗਿਆ ਪਾਸਪੋਰਟ ਸੇਵਾ ਪ੍ਰੋਗਰਾਮ 2.0 ਹੁਣ ਦੁਨੀਆ ਭਰ ਵਿੱਚ 202 ਭਾਰਤੀ ਮਿਸ਼ਨਾਂ ਦੁਆਰਾ ਵਰਤਿਆਂ ਜਾ ਰਿਹਾ ਹੈ। ਇਸ ਨਾਲ ਵਿਦੇਸ਼ਾਂ ਵਿੱਚ ਰਹਿੰਦੇ ਭਾਰਤੀਆਂ ਲਈ ਪਾਸਪੋਰਟ ਸੇਵਾਵਾਂ ਹੋਰ ਤੇਜ਼ ਤੇ ਆਸਾਨ ਬਣ ਰਹੀਆਂ ਹਨ।














