27 ਅਕਤੂਬਰ 2025 ਅਜ ਦੀ ਆਵਾਜ਼
ਬਿਜ਼ਨਸ ਡੈਸਕ: ਛੱਠ ਪੂਜਾ ਤੋਂ ਪਹਿਲਾਂ ਸੋਨੇ-ਚਾਂਦੀ ਦੇ ਭਾਅ ਵਿੱਚ ਆਈ ਗਿਰਾਵਟ ਨੇ ਬਜ਼ਾਰ ਵਿੱਚ ਨਵੀਂ ਰੌਣਕ ਪੈਦਾ ਕਰ ਦਿੱਤੀ ਹੈ। ਤਿਉਹਾਰਾਂ ਦੇ ਇਸ ਮੌਸਮ ਵਿੱਚ ਜਿੱਥੇ ਲੋਕ ਤਿਆਰੀਆਂ ਵਿੱਚ ਰੁੱਝੇ ਹੋਏ ਹਨ, ਉੱਥੇ ਕੀਮਤੀ ਧਾਤਾਂ ਦੀਆਂ ਕੀਮਤਾਂ ਘਟਣ ਨਾਲ ਖਰੀਦਦਾਰਾਂ ਨੂੰ ਵੱਡੀ ਰਾਹਤ ਮਿਲੀ ਹੈ। ਰਿਕਾਰਡ ਉੱਚਾਈ ‘ਤੇ ਪਹੁੰਚਣ ਤੋਂ ਬਾਅਦ ਹੁਣ ਸੋਨੇ ਤੇ ਚਾਂਦੀ ਦੋਵੇਂ ਦੀਆਂ ਕੀਮਤਾਂ ਵਿੱਚ ਕਮੀ ਦਰਜ ਕੀਤੀ ਜਾ ਰਹੀ ਹੈ। ਵਿਦੇਸ਼ੀ ਮਾਰਕੀਟਾਂ ਵਿੱਚ ਨਿਵੇਸ਼ਕਾਂ ਵੱਲੋਂ ਮੂੰਨਾਫਾ ਕਮਾਉਣ ਅਤੇ ਆਰਥਿਕ ਸੰਕੇਤਾਂ ਦੇ ਅਸਰ ਨਾਲ ਇਹ ਗਿਰਾਵਟ ਆਈ ਹੈ।
ਲਗਭਗ ਦਸ ਦਿਨ ਪਹਿਲਾਂ 24 ਕੈਰਟ ਸੋਨਾ ₹1,32,770 ਪ੍ਰਤੀ 10 ਗ੍ਰਾਮ ਦੇ ਰਿਕਾਰਡ ਪੱਧਰ ‘ਤੇ ਪਹੁੰਚ ਗਿਆ ਸੀ, ਪਰ ਹੁਣ ਇਹ ਆਪਣੇ ਸਭ ਤੋਂ ਉੱਚੇ ਭਾਅ ਤੋਂ 5 ਫੀਸਦੀ ਤੋਂ ਵੱਧ ਸਸਤਾ ਹੋ ਗਿਆ ਹੈ। ਦਿੱਲੀ ਦੇ ਸਰਾਫ਼ਾ ਬਜ਼ਾਰ ਵਿੱਚ ਅੱਜ (27 ਅਕਤੂਬਰ) ਸੋਨੇ ਦਾ ਭਾਅ ₹10 ਘਟ ਕੇ ₹1,25,760 ਪ੍ਰਤੀ 10 ਗ੍ਰਾਮ ‘ਤੇ ਆ ਗਿਆ। ਪਿਛਲੇ ਹਫ਼ਤੇ ਸੋਨੇ ਦੀ ਕੀਮਤ ਵਿੱਚ ₹5,950 ਤੱਕ ਦੀ ਵੱਡੀ ਗਿਰਾਵਟ ਦਰਜ ਕੀਤੀ ਗਈ ਸੀ। ਇਸੇ ਤਰ੍ਹਾਂ, ਚਾਂਦੀ ਦੀ ਚਮਕ ਵੀ ਫਿੱਕੀ ਪੈ ਗਈ ਹੈ। ਦਿੱਲੀ ਵਿੱਚ ਅੱਜ ਚਾਂਦੀ ਦਾ ਭਾਅ ₹1,54,900 ਪ੍ਰਤੀ ਕਿਲੋ ਹੈ, ਜੋ ਕੱਲ੍ਹ ਦੇ ਮੁਕਾਬਲੇ ₹100 ਘੱਟ ਹੈ। ਪਿਛਲੇ ਕੁਝ ਦਿਨਾਂ ਵਿੱਚ ਚਾਂਦੀ ਦੇ ਰੇਟ ਵਿੱਚ ₹17,000 ਪ੍ਰਤੀ ਕਿਲੋ ਤੱਕ ਦੀ ਕਮੀ ਆਈ ਸੀ। ਮੁੰਬਈ ਅਤੇ ਕੋਲਕਾਤਾ ਵਿੱਚ ਚਾਂਦੀ ਦੇ ਭਾਅ ਲਗਭਗ ਇਕਸਾਰ ਹਨ, ਜਦਕਿ ਚੇਨਈ ਵਿੱਚ ਇਹ ₹1,69,900 ਪ੍ਰਤੀ ਕਿਲੋ ਤੱਕ ਪਹੁੰਚ ਗਈ ਹੈ।
ਦੇਸ਼ ਦੇ 10 ਵੱਡੇ ਸ਼ਹਿਰਾਂ ਵਿੱਚ ਸੋਨੇ ਦੇ ਭਾਅ ਵਿੱਚ ਹਲਕਾ-ਫੁਲਕਾ ਅੰਤਰ ਵੇਖਿਆ ਜਾ ਰਿਹਾ ਹੈ। ਦਿੱਲੀ ਵਿੱਚ 24 ਕੈਰਟ ਸੋਨਾ ₹1,25,760 ਪ੍ਰਤੀ 10 ਗ੍ਰਾਮ ਅਤੇ 22 ਕੈਰਟ ਸੋਨਾ ₹1,15,290 ਪ੍ਰਤੀ 10 ਗ੍ਰਾਮ ਹੈ। ਮੁੰਬਈ ਅਤੇ ਕੋਲਕਾਤਾ ਵਿੱਚ ਇਹ ਭਾਅ ਕ੍ਰਮਵਾਰ ₹1,25,610 ਅਤੇ ₹1,15,140 ਪ੍ਰਤੀ 10 ਗ੍ਰਾਮ ਹਨ। ਦੱਖਣੀ ਭਾਰਤ ਦੇ ਚੇਨਈ ਵਿੱਚ 24 ਕੈਰਟ ਸੋਨਾ ₹1,25,440 ਤੇ ਬੈਂਗਲੁਰੂ ਤੇ ਹੈਦਰਾਬਾਦ ਵਿੱਚ ₹1,25,610 ਪ੍ਰਤੀ 10 ਗ੍ਰਾਮ ‘ਤੇ ਵਿਕ ਰਿਹਾ ਹੈ। ਲਖਨਊ, ਜੈਪੁਰ, ਪਟਨਾ ਅਤੇ ਅਹਿਮਦਾਬਾਦ ਵਿੱਚ ਵੀ ਇਹ ਕੀਮਤਾਂ ਲਗਭਗ ਇਨ੍ਹਾਂ ਹੀ ਪੱਧਰਾਂ ‘ਤੇ ਹਨ।
ਮਾਹਿਰਾਂ ਦੇ ਅਨੁਸਾਰ, ਕੀਮਤਾਂ ਵਿੱਚ ਆਈ ਗਿਰਾਵਟ ਦੇ ਦੋ ਮੁੱਖ ਕਾਰਨ ਹਨ — ਪਹਿਲਾਂ, ਵਿਦੇਸ਼ੀ ਮਾਰਕੀਟ ਵਿੱਚ ਉੱਚੇ ਭਾਅ ‘ਤੇ ਨਿਵੇਸ਼ਕਾਂ ਵੱਲੋਂ ਕੀਤੀ ਗਈ ਮੂੰਨਾਫਾ-ਵਸੂਲੀ, ਅਤੇ ਦੂਜਾ, ਗਲੋਬਲ ਵਪਾਰਿਕ ਸੰਕੇਤਾਂ ਵਿੱਚ ਸੁਧਾਰ ਜਿਸ ਨਾਲ ਡਾਲਰ ਮਜ਼ਬੂਤ ਹੋਇਆ ਤੇ ਸੋਨੇ ‘ਤੇ ਦਬਾਅ ਵਧਿਆ। ਜੇਕਰ ਵਿਸ਼ਵ ਪੱਧਰੀ ਸਥਿਤੀਆਂ ਸਥਿਰ ਰਹੀਆਂ ਤਾਂ ਸੋਨੇ-ਚਾਂਦੀ ਦੇ ਭਾਅ ਕੁਝ ਸਮੇਂ ਲਈ ਇਸੇ ਪੱਧਰ ‘ਤੇ ਬਣੇ ਰਹਿ ਸਕਦੇ ਹਨ।
ਛੱਠ ਪੂਜਾ ਵਰਗੇ ਪਾਵਨ ਮੌਕੇ ‘ਤੇ ਸੋਨੇ-ਚਾਂਦੀ ਦੇ ਭਾਅ ਵਿੱਚ ਆਈ ਇਹ ਗਿਰਾਵਟ ਖਪਤਕਾਰਾਂ ਲਈ ਸੁਨਹਿਰਾ ਮੌਕਾ ਮੰਨੀ ਜਾ ਰਹੀ ਹੈ। ਮਾਹਿਰ ਕਹਿੰਦੇ ਹਨ ਕਿ ਇਹ ਸਮਾਂ ਨਿਵੇਸ਼ ਅਤੇ ਗਹਿਣੇ ਖਰੀਦਣ ਲਈ ਸਭ ਤੋਂ ਉਚਿਤ ਹੈ — ਕਿਉਂਕਿ ਤਿਉਹਾਰੀ ਮੌਸਮ ਵਿੱਚ ਐਸੇ ਮੌਕੇ ਵਾਰ-ਵਾਰ ਨਹੀਂ ਮਿਲਦੇ।














