ਕੀਰਤਪੁਰ ਸਾਹਿਬ 23 ਜੂਨ 2025 AJ DI Awaaj
Punjab Desk : ਵਰਜੀਤ ਵਾਲੀਆ ਡਿਪਟੀ ਕਮਿਸ਼ਨਰ ਰੂਪਨਗਰ ਦੇ ਹੁਕਮਾਂ ਅਤੇ ਡਾ. ਬਲਵਿੰਦਰ ਕੌਰ ਸਿਵਲ ਸਰਜਨ ਰੂਪਨਗਰ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਅੱਜ ਪੀ.ਐੱਚ.ਸੀ ਕੀਰਤਪੁਰ ਸਾਹਿਬ ਵਿਖੇ ਸਥਾਪਿਤ ਓਟ ਕਲੀਨਿਕ ‘ਤੇ ਨਸ਼ਾ ਛੱਡਣ ਲਈ ਇਲਾਜ ਕਰਵਾ ਰਹੇ ਨੌਜਵਾਨਾਂ ਨੂੰ ਦੀਨ ਦਿਆਲ ਉਪਾਧਿਆਏ ਪੇਂਡੂ ਹੁਨਰ ਪ੍ਰੋਗਰਾਮ ਤਹਿਤ ਕਿੱਤਾਮੁਖੀ ਸਿਖਲਾਈ ਦਿੱਤੀ ਗਈ ਤਾਂ ਜੋ ਉਨ੍ਹਾਂ ਨੂੰ ਨਸ਼ਾ ਛੱਡਣ ਮਗਰੋਂ ਮੁੜਵਸੇਬੇ ਵਿੱਚ ਮੱਦਦ ਮਿਲ ਸਕੇ।
ਇਸ ਮੌਕੇ ਸੀਨੀਅਰ ਮੈਡੀਕਲ ਅਧਿਕਾਰੀ ਡਾਕਟਰ ਜੰਗਜੀਤ ਸਿੰਘ ਨੇ ਦੱਸਿਆ ਕਿ ਐਸ.ਬੀ.ਐਸ ਹੁਨਰ ਕੇਂਦਰ ਦੇ ਪ੍ਰਬੰਧਕੀ ਨਿਰਦੇਸ਼ਕ ਸੰਦੀਪ ਸੈਣੀ ਦੀ ਅਗਵਾਈ ਵਾਲੀ ਟੀਮ ਵੱਲੋਂ ਇਨ੍ਹਾਂ ਦਸਵੀਂ ਪਾਸ ਨੌਜਵਾਨਾਂ ਨੂੰ ਵੇਅਰ ਹਾਊਸ ਐੱਸੋਸੀਏਟ ਦੇ 8 ਮਹੀਨਿਆਂ ਦੇ ਕੋਰਸ ਬਾਰੇ ਵੀ ਜਾਣਕਾਰੀ ਦਿੱਤੀ ਗਈ। ਸਿਖਲਾਈ ਦੇਣ ਆਏ ਟ੍ਰੇਨਰ ਪਰਨੀਤ ਕੌਰ, ਗੁਰਪ੍ਰੀਤ, ਸੁਪਨਦੀਪ ਕੌਰ ਅਤੇ ਰਣਜੀਤ ਕੌਰ ਨੇ ਦੱਸਿਆ ਕਿ ਇਹ ਸਿਖਲਾਈ ਬਿਲਕੁਲ ਮੁਫ਼ਤ ਹੈ ਅਤੇ ਸਰਕਾਰੀ ਮੱਦਦ ਵਾਲੀ ਇਸ ਸਿਖਲਾਈ ਦਾ ਪ੍ਰਬੰਧ ਪੰਜਾਬ ਸਰਕਾਰ ਅਤੇ ਕੇਂਦਰ ਸਰਕਾਰ ਦੇ ਪੇਂਡੂ ਵਿਕਾਸ ਮੰਤਰਾਲੇ ਵੱਲੋਂ ਲਈ ਕੀਤਾ ਜਾ ਰਿਹਾ ਹੈ। ਉਹਨਾਂ ਇਹ ਵੀ ਦੱਸਿਆ ਕਿ ਇਹ ਸਿਖਲਾਈ ਭਾਰਤ ਸਰਕਾਰ ਵੱਲੋਂ ਪ੍ਰਮਾਣਿਤ ਹੈ ਅਤੇ ਸਿਖਲਾਈ ਦੌਰਾਨ ਵਰਦੀ, ਰਿਹਾਇਸ਼ ਅਤੇ ਭੋਜਨ ਤੋਂ ਇਲਾਵਾ ਅੰਤ ਵਿੱਚ ਨੌਕਰੀ ਦਾ ਪ੍ਰਬੰਧ ਵੀ ਕੀਤਾ ਜਾਂਦਾ ਹੈ। ਇਸ ਲਈ ਕੋਈ ਫੀਸ ਵੀ ਨਹੀਂ ਲਈ ਜਾਂਦੀ। ਇਸ ਮੌਕੇ ਕਾਉਂਸਲਰ ਦੀਕਸ਼ਾ ਬਾਵਾ ਵੀ ਮੌਜੂਦ ਰਹੇ।
ਬਲਾਕ ਐਜੂਕੇਟਰ ਰਤਿਕਾ ਓਬਰਾਏ ਨੇ ਦੱਸਿਆ ਕਿ ਕੱਲ੍ਹ ਐਸ.ਬੀ.ਐਸ ਹੁਨਰ ਕੇਂਦਰ ਦੀ ਟੀਮ ਵੱਲੋਂ ਪੀ.ਐੱਚ.ਸੀ ਸਹਿਜੋਵਾਲ ਵਿਖੇ ਓਟ ਕਲੀਨਿਕ ‘ਤੇ ਆਉਣ ਵਾਲੇ ਨੌਜਵਾਨਾਂ ਨੂੰ ਵੀ ਇਹ ਕਿੱਤਾਮੁਖੀ ਸਿਖਲਾਈ ਮੁਫ਼ਤ ਦਿੱਤੀ ਜਾਵੇਗੀ ਅਤੇ ਮਾਹਿਰਾਂ ਵੱਲੋਂ ਉਹਨਾਂ ਦੀ ਕਾਉਂਸਲਿੰਗ ਵੀ ਕੀਤੀ ਜਾਵੇਗੀ।
