ਗਰੀਬ ਪਰਿਵਾਰਾਂ ਦੀਆਂ ਔਰਤਾਂ ਲਈ ਮਿਲਣਗੇ ਮੁਫਤ ਗੈਸ ਕੁਨੈਕਸ਼ਨ

38

ਫ਼ਰੀਦਕੋਟ 7 ਮਾਰਚ 2026 AJ DI Awaaj

Punjab Desk :  ਚੇਅਰਮੈਨ ਡੀਯੂਸੀ ਕਮ ਡਿਪਟੀ ਕਮਿਸ਼ਨਰ ਫਰੀਦਕੋਟ ਸ੍ਰੀਮਤੀ ਪੂਨਮਦੀਪ ਕੌਰ ਦੇ ਦਿਸ਼ਾ ਨਿਰਦੇਸ਼ਾਂ ਤੇ  ਅਗਵਾਈ ਹੇਠ ਜਿਨ੍ਹਾਂ  ਗਰੀਬ ਪਰਿਵਾਰ ਕੋਲ ਗੈਸ ਕੁਨੈਕਸ਼ਨ ਨਹੀਂ ਹਨ। ਉਹਨਾਂ ਨੂੰ ਪ੍ਰਧਾਨ ਮੰਤਰੀ ਉੱਜਵਲਾ ਯੋਜਨਾ 3.0 ਰਾਹੀ ਕੁਨੈਕਸ਼ਨ ਦਿੱਤੇ ਜਾ ਰਹੇ ਹਨ। ਇਹ ਜਾਣਕਾਰੀ ਡੀ ਐਫ ਐਸ ਸੀ ਸ. ਗੁਰਜੀਤ ਸਿੰਘ ਦਿਉਲ ਨੇ ਦਿੱਤੀ।
ਉਨ੍ਹਾਂ ਦੱਸਿਆ ਕਿ ਪ੍ਰਧਾਨ ਮੰਤਰੀ ਉੱਜਵਲਾ ਯੋਜਨਾ 3.0 ਰਾਹੀਂ ਸਾਰੇ ਦੇਸ਼ ਵਿੱਚ 25 ਲੱਖ ਨਵੇਂ ਗੈਸ ਕੁਨੈਕਸ਼ਨ ਮੁਫਤ ਵਿੱਚ ਦਿੱਤੇ ਜਾਣ ਦੀ ਯੋਜਨਾ ਹੈ। ਜਿਸ ਸਬੰਧੀ ਮਾਨਯੋਗ ਡਿਪਟੀ ਕਮਿਸ਼ਨਰ ਫਰੀਦਕੋਟ ਵੱਲੋ ਹਰ ਉਸ ਗਰੀਬ ਪਰਿਵਾਰ ਨੂੰ ਜਿਸ ਕੋਲ ਗੈਸ ਕੁਨੈਕਸ਼ਨ ਨਹੀ ਹੈ, ਨੂੰ ਦੱਸਿਆ ਹੈ ਕਿ ਉਹ ਆਪਣਾ ਸਮਾਰਟ ਰਾਸ਼ਨ ਕਾਰਡ ਅਤੇ ਸਾਰੇ ਬਾਲਗ ਮੈਂਬਰਾਂ ਦੇ ਆਧਾਰ ਕਾਰਡ ਲੈ ਕੇ ਨੇੜੇ ਦੀ ਗੈਸ ਏਜੰਸੀ ਪਾਸ ਅਪਲਾਈ ਕਰਨ, ਏਜੰਸੀ ਦੁਆਰਾ ਤੇਲ ਕੰਪਨੀ ਦੀ ਸਾਈਟ ਤੋਂ ਯੋਗ ਪਾਏ ਜਾਣ ਤੇ ਉਕਤ ਰਾਸ਼ਨ ਕਾਰਡ ਵਿਚ ਦਰਜ ਔਰਤ ਦੇ ਨਾਮ  ਤੇ ਗੈਸ ਕੁਨੈਕਸ਼ਨ ਜਾਰੀ ਕਰ ਦਿੱਤਾ ਜਾਂਦਾ ਹੈ।
ਪ੍ਰਧਾਨ ਮੰਤਰੀ ਉੱਜਵਲਾ ਯੋਜਨਾ ਸਬੰਧੀ ਜਾਣਕਾਰੀ ਦਿੰਦੇ ਹੋਏ ਡੀ ਐਫ ਐਸ ਸੀ ਸ. ਗੁਰਜੀਤ ਸਿੰਘ ਦਿਉਲ ਨੇ ਦੱਸਿਆ ਕਿ ਇਹ ਸਕੀਮ 2016 ਵਿੱਚ ਸ਼ੁਰੂ ਕੀਤੀ ਗਈ ਸੀ। ਜਿਸ ਵਿੱਚ ਦੇਸ਼ ਭਰ ਵਿੱਚ ਹੁਣ ਤੱਕ 10 ਕਰੋੜ ਦੇ ਲਗਭਗ ਗੈਸ ਕੁਨੈਕਸ਼ਨ ਔਰਤਾਂ ਨੂੰ ਮੁਫਤ ਵਿੱਚ ਜਾਰੀ ਕੀਤੇ ਜਾ ਚੁੱਕੇ ਹਨ, ਜਿਹਨਾਂ ਵਿੱਚ ਜਿਲ੍ਹਾ ਫਰੀਦਕੋਟ ਵਿੱਚ ਲਗਭਗ 51 ਹਜ਼ਾਰ ਦੇ ਕਰੀਬ ਗੈਸ ਕੁਨੈਕਸ਼ਨ ਜਾਰੀ ਹੋਏ ਹਨ। ਜਿਹੜੇ ਪਰਿਵਾਰ ਇਸ ਸਕੀਮ ਦਾ ਲਾਭ ਉਠਾਉਣ ਤੋਂ ਵਾਂਝੇ ਰਹਿ ਗਏ ਸਨ। ਉਹ ਹੁਣ ਇਸ ਪ੍ਰਧਾਨ ਮੰਤਰੀ ਉੱਜਵਲਾ ਯੋਜਨਾ 3.0 ਰਾਹੀ ਗੈਸ ਕੁਨੈਕਸ਼ਨ ਪ੍ਰਾਪਤ ਕਰਕੇ ਇਸ ਸਕੀਮ ਦਾ ਲਾਭ ਉਠਾ ਸਕਦੇ ਹਨ। ਸੋ ਉਹਨਾਂ ਹਰ ਉਸ ਪਰਿਵਾਰ ਨੂੰ ਜਿਹੜੇ ਸਮਾਰਟ ਰਾਸ਼ਨ ਕਾਰਡ ਧਾਰਕ ਹਨ ਅਤੇ ਉਹਨਾਂ ਕੋਲ ਗੈਸ ਕੁਨੈਕਸ਼ਨ ਨਹੀਂ ਹੈ, ਅਪੀਲ ਕੀਤੀ ਹੈ ਕਿ ਉਹ ਤੁਰੰਤ ਇਸ ਸਕੀਮ ਦਾ ਲਾਭ ਲੈਣ।
ਇਸ ਤੋਂ ਇਲਾਵਾ ਉਨ੍ਹਾਂ ਦੱਸਿਆ ਕਿ ਹੁਣ ਹਰ ਇਕ ਗੈਸ ਕੁਨੈਕਸਨ ਧਾਰਕ ਨੂੰ ਆਪਣਾ ਕੇਵਾਈਸੀ ਕਰਵਾਉਣਾ ਜਰੂਰੀ ਹੈ । ਕੇਵਾਈਸੀ ਕਰਵਾਉਣ ਲਈ ਹਰ ਖਪਤਕਾਰ ਆਪਣੀ ਗੈਸ ਏਜੰਸੀ ਪਰ ਜਾ ਕੇ ਆਸਾਨੀ ਨਾਲ ਆਪਣਾ ਕੇਵਾਈਸੀ ਕਰਵਾ ਸਕਦਾ ਹੈ। ਉਹਨਾਂ ਗੈਸ ਏਜੰਸੀ ਦੇ ਮੁਲਾਜਮਾਂ ਨੂੰ ਵੀ ਇਹ ਹਦਾਇਤ ਕੀਤੀ ਕਿ ਕੇਵਾਈਸੀ ਕਰਵਾਉਣ ਆਏ ਖਪਤਕਾਰ ਦਾ ਕੇਵਾਈਸੀ ਪਹਿਲ ਦੇ ਆਧਾਰ ਤੇ ਕੀਤਾ ਜਾਵੇ ਅਤੇ ਪ੍ਰਧਾਨ ਮੰਤਰੀ ਉੱਜਵਲਾ ਯੋਜਨਾ 3.0 ਰਾਹੀ ਦਿੱਤੇ ਜਾਣ ਵਾਲੇ ਕੁਨੈਕਸ਼ਨਾਂ ਦੇ ਕੰਮ ਵਿੱਚ ਵੀ ਤੇਜੀ ਲਿਆਂਦੀ ਜਾਵੇ।