ਭਿਖਾਰੀਵਾਲ ਤੋਂ ਬਖਸ਼ੀਵਾਲ ਤੱਕ ਸੰਪਰਕ ਸੜਕ ਦਾ ਨੀਂਹ ਪੱਥਰ ਰੱਖਿਆ

37

ਡੇਰਾ ਬਾਬਾ ਨਾਨਕ/ਗੁਰਦਾਸਪੁਰ, 5 ਅਕਤੂਬਰ 2025 AJ Di Awaaj

Punjab Desk : ਡੇਰਾ ਬਾਬਾ ਨਾਨਕ ਤੋਂ ਵਿਧਾਇਕ ਗੁਰਦੀਪ ਸਿੰਘ ਰੰਧਾਵਾ ਵੱਲੋਂ ਅੱਜ ਹਲਕੇ ਦੇ ਪਿੰਡ ਭਿਖਾਰੀਵਾਲ ਤੋਂ ਬਖਸ਼ੀਵਾਲ ਤੱਕ ਦੀ ਲਿੰਕ ਸੜਕ ਨੂੰ ਮੁਰੰਮਤ ਕਰਨ ਦੇ ਕਾਰਜ ਦਾ ਨੀਂਹ ਪੱਥਰ ਰੱਖਿਆ ਗਿਆ। 1.62 ਕਿਲੋਮੀਟਰ ਲੰਬੀ ਇਸ ਸੜਕ ਉੱਪਰ 27.10 ਲੱਖ ਦੀ ਲਾਗਤ ਆਵੇਗੀ।

ਇਸ ਮੌਕੇ ਇਲਾਕਾ ਵਾਸੀਆਂ ਨਾਲ ਗੱਲ ਕਰਦਿਆਂ ਵਿਧਾਇਕ ਗੁਰਦੀਪ ਸਿੰਘ ਰੰਧਾਵਾ ਨੇ ਕਿਹਾ ਕਿ ਵਿਧਾਨ ਸਭਾ ਹਲਕਾ ਡੇਰਾ ਬਾਬਾ ਨਾਨਕ ਵਿੱਚ ਵਿਕਾਸ ਕਾਰਜ ਜੰਗੀ ਪੱਧਰ ‘ਤੇ ਜਾਰੀ ਹਨ, ਜਿਸ ਤਹਿਤ ਅੱਜ ਪਿੰਡ ਭਿਖਾਰੀਵਾਲ ਤੋਂ ਬਖਸ਼ੀਵਾਲ ਤੱਕ ਸੰਪਰਕ ਸੜਕ ਦਾ ਨੀਂਹ ਪੱਥਰ ਰੱਖਿਆ ਗਿਆ। ਉਹਨਾਂ ਕਿਹਾ ਕਿ ਇਹ ਸੜਕ ਕਾਫੀ ਲੰਬੇ ਸਮੇਂ ਤੋਂ ਟੁੱਟੀ ਹੋਈ ਸੀ ਜਿਸ ਕਾਰਨ ਰਾਹਗੀਰਾਂ ਅਤੇ ਇਲਾਕਾ ਵਾਸੀਆਂ ਨੂੰ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਸੀ। ਉਹਨਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਪੇਂਡੂ ਸੰਪਰਕ ਸੜਕਾਂ ਦੀ ਮੁਰੰਮਤ ਲਈ ਵਿਸ਼ੇਸ਼ ਗਰਾਂਟ ਜਾਰੀ ਕੀਤੀ ਗਈ ਹੈ ਜਿਸ ਤਹਿਤ ਹਲਕੇ ਦੀਆਂ ਹੋਰ ਸੰਪਰਕ ਸੜਕਾਂ ਦੀ ਮੁਰੰਮਤ ਵੀ ਕੀਤੀ ਜਾਵੇਗੀ। ਉਹਨਾਂ ਕਿਹਾ ਕਿ ਸੜਕਾਂ ਦੀ ਮੁਰੰਮਤ ਸਮੇਂ ਕੰਮ ਦੀ ਗੁਣਵੰਤਾ ਦਾ ਖਾਸ ਖਿਆਲ ਰੱਖਿਆ ਜਾ ਰਿਹਾ ਹੈ ਅਤੇ ਸੜਕ ਨੂੰ ਬਣਾਉਣ ਵਾਲਾ ਠੇਕੇਦਾਰ ਪੰਜ ਸਾਲ ਤੱਕ ਉਸ ਸੜਕ ਦੀ ਦੇਖ ਰੇਖ ਦਾ ਜਿੰਮੇਵਾਰ ਹੋਵੇਗਾ।

ਵਿਧਾਇਕ ਗੁਰਦੀਪ ਸਿੰਘ ਰੰਧਾਵਾ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਆਮ ਲੋਕਾਂ ਦੀਆਂ ਸਮੱਸਿਆਵਾਂ ਨੂੰ ਸਮਝਣ ਅਤੇ ਉਹਨਾਂ ਦਾ ਹੱਲ ਕਰਨ ਵਾਲੀ ਸਰਕਾਰ ਹੈ, ਜਦਕਿ ਰਵਾਇਤੀ ਪਾਰਟੀਆਂ ਦੇ ਆਗੂ ਸਿਰਫ ਆਪਣੇ ਬਾਰੇ ਹੀ ਸੋਚਦੇ ਸਨ। ਉਹਨਾਂ ਕਿਹਾ ਕਿ ਆਜ਼ਾਦੀ ਦੇ 78 ਸਾਲ ਬਾਅਦ ਵੀ ਜੇਕਰ ਲੋਕ ਬੁਨਿਆਦੀ ਸਹੂਲਤਾਂ ਤੋਂ ਸੱਖਣੇ ਹਨ ਤਾਂ ਇਸ ਲਈ ਮੁੱਖ ਤੌਰ ‘ਤੇ ਰਿਵਾਇਤੀ ਪਾਰਟੀਆਂ ਦੇ ਆਗੂ ਜਿੰਮੇਵਾਰ ਹਨ।  ਉਹਨਾਂ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਸੂਬੇ ਦੇ ਸਰਬਪੱਖੀ ਵਿਕਾਸ ਦਾ ਤਹੱਈਆ ਕੀਤਾ ਹੋਇਆ ਹੈ ਅਤੇ ਵਿਕਾਸ ਪੱਖੋਂ ਹੁਣ ਸਾਡਾ ਸੂਬਾ ਇੱਕ ਵਾਰ ਫਿਰ ਰੰਗਲਾ ਪੰਜਾਬ ਬਣੇਗਾ।