30 October 2025 Aj Di Awaaj
Punjab Desk ਵਿਧਾਨ ਸਭਾ ਹਲਕਾ ਤਰਨਤਾਰਨ ਦੇ ਪਿੰਡ ਜਗਤਪੁਰਾ ਵਿੱਚ ਭਾਜਪਾ ਦੇ ਜਿਮਨੀ ਚੋਣ ਉਮੀਦਵਾਰ ਹਰਜੀਤ ਸਿੰਘ ਸੰਧੂ ਨੂੰ ਉਸ ਵੇਲੇ ਵੱਡੀ ਹੌਸਲਾ ਅਫ਼ਜ਼ਾਈ ਮਿਲੀ ਜਦੋਂ ਪਿੰਡ ਦੇ ਸਾਬਕਾ ਸਰਪੰਚ ਮਨਜਿੰਦਰਪਾਲ ਸਿੰਘ ਵਿਰਕ ਨੇ ਕਾਂਗਰਸ ਛੱਡ ਕੇ ਭਾਰਤੀ ਜਨਤਾ ਪਾਰਟੀ ਦਾ ਦਾਮਨ ਫੜ ਲਿਆ। ਇਸ ਮੌਕੇ ਜਿਮਨੀ ਚੋਣ ਕੋ-ਇੰਚਾਰਜ ਰਵੀ ਕਰਨ ਸਿੰਘ ਕਾਹਲੋਂ, ਸਾਬਕਾ ਸੀਪੀਐੱਸ ਮਨਜੀਤ ਸਿੰਘ ਮੰਨਾ, ਸੀਨੀਅਰ ਆਗੂ ਅਜੇਬੀਰਪਾਲ ਸਿੰਘ ਰੰਧਾਵਾ ਤੇ ਦਲਬੀਰ ਸਿੰਘ ਅਲਗੋਂ ਕੋਠੀ ਵਿਸ਼ੇਸ਼ ਤੌਰ ’ਤੇ ਮੌਜੂਦ ਸਨ। ਉਨ੍ਹਾਂ ਨੇ ਭਾਰਤੀ ਜਨਤਾ ਪਾਰਟੀ ਦੀਆਂ ਨੀਤੀਆਂ ਤੇ ਵਿਕਾਸਕਾਰੀ ਸੋਚ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ ਅਤੇ ਕਿਹਾ ਕਿ ਹੁਣ ਸਮਾਂ ਹੈ ਤਰਨਤਾਰਨ ਹਲਕੇ ਦੀ ਕਿਸਮਤ ਬਦਲਣ ਦਾ — ਲੋਕਾਂ ਨੂੰ ਚਾਹੀਦਾ ਹੈ ਕਿ ਉਹ ਮਿਹਨਤੀ ਤੇ ਜਨਤਕ ਸੇਵਾ ਨਾਲ ਜੁੜੇ ਆਗੂ ਹਰਜੀਤ ਸਿੰਘ ਸੰਧੂ ਨੂੰ ਜਿੱਤਾਉਣ।
ਇਸ ਮੌਕੇ ਪਿੰਡ ਜਗਤਪੁਰਾ ਦੇ ਨੰਬਰਦਾਰ ਨਿਰਮਲ ਸਿੰਘ, ਸਾਹਿਬ ਸਿੰਘ, ਹਰਦੇਵ ਸਿੰਘ, ਗੁਰਵਿੰਦਰ ਸਿੰਘ, ਸਰਬਜੀਤ ਸਿੰਘ, ਸੁੱਖਾ ਸਿੰਘ, ਕਾਰਜ ਸਿੰਘ, ਬਾਗਾ ਸਿੰਘ, ਸਕੱਤਰ ਸਿੰਘ, ਲਵਪ੍ਰੀਤ ਸਿੰਘ ਆਦਿ ਮੋਹਤਬਰਾਂ ਨੇ ਆਪਣੇ ਪਰਿਵਾਰਾਂ ਸਮੇਤ ਭਾਰਤੀ ਜਨਤਾ ਪਾਰਟੀ ਵਿੱਚ ਸ਼ਮੂਲੀਅਤ ਕੀਤੀ। ਸ਼ਾਮਲ ਹੋਏ ਸਾਰੇ ਮੋਹਤਬਰਾਂ ਨੂੰ ਉਮੀਦਵਾਰ ਹਰਜੀਤ ਸਿੰਘ ਸੰਧੂ ਨੇ ਪਾਰਟੀ ਲੀਡਰਸ਼ਿਪ ਦੀ ਹਾਜ਼ਰੀ ਵਿੱਚ ਪਾਰਟੀ ਚਿੰਨ੍ਹ ਭੇਟ ਕਰਕੇ ਵਿਸ਼ੇਸ਼ ਤੌਰ ’ਤੇ ਸਨਮਾਨਿਤ ਕੀਤਾ।
ਇਸ ਮੌਕੇ ਹਰਜੀਤ ਸਿੰਘ ਸੰਧੂ ਨੇ ਸਾਬਕਾ ਸਰਪੰਚ ਮਨਜਿੰਦਰਪਾਲ ਸਿੰਘ ਵਿਰਕ ਅਤੇ ਉਨ੍ਹਾਂ ਦੇ ਸਾਥੀਆਂ ਦਾ ਭਾਜਪਾ ਵਿੱਚ ਜੀ ਆਇਆਂ ਆਖਦਿਆਂ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਭਾਰਤੀ ਜਨਤਾ ਪਾਰਟੀ ਉਹ ਪਾਰਟੀ ਹੈ ਜੋ ਹਰ ਮਿਹਨਤੀ ਤੇ ਇਮਾਨਦਾਰ ਵਰਕਰ ਦਾ ਮਾਣ-ਸਨਮਾਨ ਬਰਕਰਾਰ ਰੱਖਦੀ ਹੈ। ਭਾਜਪਾ ਇੱਕ ਲੋਕਤੰਤਰਿਕ ਪਾਰਟੀ ਹੈ ਜਿਸ ਵਿੱਚ ਭਾਈ-ਭਤੀਜਾਵਾਦ ਦੀ ਕੋਈ ਗੁੰਜਾਇਸ਼ ਨਹੀਂ। ਇਸੇ ਲਈ ਹੀ ਅੱਜ ਦੇਸ਼ ਭਰ ਵਿੱਚ ਹਜ਼ਾਰਾਂ ਮਿਸਾਲਾਂ ਹਨ ਜਿੱਥੇ ਜਮੀਨੀ ਪੱਧਰ ’ਤੇ ਸੇਵਾ ਕਰਨ ਵਾਲੇ ਵਰਕਰ ਅੱਜ ਮਹੱਤਵਪੂਰਨ ਅਹੁਦਿਆਂ ’ਤੇ ਪਹੁੰਚੇ ਹਨ। ਭਾਜਪਾ ਲੋਕ ਸੇਵਾ ਨੂੰ ਆਪਣਾ ਧਰਮ ਮੰਨ ਕੇ ਰਾਜਨੀਤੀ ਕਰਦੀ ਹੈ।
ਸੰਧੂ ਨੇ ਕਿਹਾ ਕਿ ਸਰਹੱਦੀ ਜ਼ਿਲ੍ਹੇ ਤਰਨਤਾਰਨ ਦੇ ਲੋਕ ਹੁਣ ਭਾਰਤੀ ਜਨਤਾ ਪਾਰਟੀ ਨਾਲ ਜੁੜ ਰਹੇ ਹਨ ਕਿਉਂਕਿ ਉਨ੍ਹਾਂ ਨੂੰ ਸਮਝ ਆ ਚੁੱਕੀ ਹੈ ਕਿ ਪਿਛਲੀਆਂ ਸਾਰੀਆਂ ਸਰਕਾਰਾਂ ਨੇ ਸਿਰਫ਼ ਝੂਠੇ ਵਾਅਦੇ ਕਰਕੇ ਗੁੰਮਰਾਹ ਕੀਤਾ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਆਉਣ ਵਾਲੀਆਂ ਸਹੂਲਤਾਂ ਅਤੇ ਵਿਕਾਸ ਪ੍ਰੋਜੈਕਟ ਤਦੋਂ ਹੀ ਪੰਜਾਬ ਦੇ ਲੋਕਾਂ ਤੱਕ ਪਹੁੰਚ ਸਕਦੇ ਹਨ ਜਦੋਂ ਅਸੀਂ ਸਭ ਮਿਲ ਕੇ ਹਲਕਾ ਤਰਨਤਾਰਨ ਵਿੱਚ ਕਮਲ ਦੇ ਫੁੱਲ ਨੂੰ ਵੋਟ ਦੇ ਕੇ ਭਾਜਪਾ ਨੂੰ ਮਜ਼ਬੂਤ ਕਰਾਂਗੇ।
ਉਨ੍ਹਾਂ ਅਪੀਲ ਕੀਤੀ ਕਿ ਇਸ ਵਾਰ ਦੇ ਜਿਮਨੀ ਚੋਣਾਂ ਤੋਂ ਹੀ 2027 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਭਾਜਪਾ ਦੀ ਜਿੱਤ ਦੀ ਬੁਨਿਆਦ ਰੱਖੀ ਜਾਵੇ। ਇਸ ਮੌਕੇ ਗੰਡੀਵਿੰਡ ਦੇ ਆਗੂ ਰਣਜੀਤ ਸਿੰਘ ਰਾਣਾ ਗੰਡੀਵਿੰਡ, ਸਾਬਕਾ ਸਰਪੰਚ ਸੁਖਦੇਵ ਸਿੰਘ ਮਾਲੂਵਾਲ ਤੇ ਸਰਕਲ ਪ੍ਰਧਾਨ ਭੋਲਾ ਸਿੰਘ ਰਾਣਾ ਨੇ ਵੀ ਲੋਕਾਂ ਨੂੰ ਸੰਬੋਧਨ ਕਰਦਿਆਂ ਹਰਜੀਤ ਸਿੰਘ ਸੰਧੂ ਨੂੰ ਕਾਮਯਾਬ ਕਰਨ ਦੀ ਅਪੀਲ ਕੀਤੀ।














