ਸ੍ਰੀ ਮੁਕਤਸਰ ਸਾਹਿਬ, 16 ਅਗਸਤ 2025 AJ DI Awaaj
Punjab Desk : ਖੇਤੀਬਾੜੀ ਅਤੇ ਕਿਸਾਨ ਭਲਾਈ ਮੰਤਰੀ ਪੰਜਾਬ ਸ. ਗੁਰਮੀਤ ਸਿੰਘ ਖੁੱਡੀਆਂ ਦੇ ਹੁਕਮਾਂ ਦੀ ਪਾਲਣਾ ਕਰਦਿਆਂ ਅਤੇ ਡਾਇਰੈਕਟਰ ਖੇਤੀਬਾੜੀ ਸ. ਜਸਵੰਤ ਸਿੰਘ ਦੀ ਯੋਗ ਅਗਵਾਈ ‘ਚ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਦੇ ਮੁੱਖ ਖੇਤੀਬਾੜੀ ਅਫ਼ਸਰ ਡਾ. ਕਰਨਜੀਤ ਸਿੰਘ ਗਿੱਲ ਦੀ ਅਗਵਾਈ ਹੇਠ ਖੇਤੀਬਾੜੀ ਵਿਭਾਗ ਦੇ ਉੱਡਣ-ਦਸਤੇ ਵੱਲੋਂ ਗਿਦੜਬਾਹਾ ਵਿਖੇ ਸਥਿਤ ਖੇਤੀ-ਵਸਤਾਂ ਵਿਕਰੇਤਾਵਾਂ ਅਤੇ ਕੀਟਨਾਸ਼ਕ ਦਵਾਈਆਂ ਅਤੇ ਖਾਦਾਂ ਸਪਲਾਈ ਕਰਨ ਵਾਲੀਆਂ ਕੰਪਨੀਆਂ ਦੀ ਅਚਨਚੇਤ ਚੈਕਿੰਗ ਕੀਤੀ ਗਈ । ਇਸ ਟੀਮ ਚ ਡਾ. ਜਗਮੋਹਨ ਸਿੰਘ, ਡਾ. ਸੁਖਜਿੰਦਰ ਸਿੰਘ, ਡਾ. ਜਸ਼ਨਪ੍ਰੀਤ ਸਿੰਘ, ਡਾ. ਮਨਿੰਦਰ ਸਿੰਘ ਅਤੇ ਸਹਾਇਕ ਸਟਾਫ਼ ਹਾਜ਼ਰ ਸੀ। ਚੈਕਿੰਗ ਟੀਮ ਵੱਲੋਂ ਮੈਸ: ਸਪਾਟਨ ਐਗਰੀ ਸਲੂਸ਼ਨ, ਗਿਦੜਬਾਹਾ ਕੰਪਨੀ ਦੇ ਗਡਾਉਣ ਅਤੇ ਰਿਕਾਰਡ ਦੀ ਪੜਤਾਲ ਕੀਤੀ ਗਈ ਅਤੇ ਇਸ ਮੌਕੇ ਮੌਜੂਦ ਸਟਾਕ ਵਿਚੋਂ 2 ਕੀਟਨਾਸ਼ਕ ਦਵਾਈਆਂ ਅਤੇ 1 ਜੀਵਾਨੂੰ ਖਾਦ ਦਾ ਸੈਂਪਲ ਜਾਂਚ ਲਈ ਲਿਆ ਗਿਆ। ਇਸ ਮੌਕੇ ਮੈਸ. ਸੰਜੀਵ ਕੁਮਾਰ ਗੋਪਾਲ ਕ੍ਰਿਸ਼ਨ ਸਮੇਤ ਹੋਰ ਕਈ ਡੀਲਰਾਂ ਦੀ ਚੈੱਕਿੰਗ ਵੀ ਕੀਤੀ ਗਈ। ਊਨਤਾਈਆਂ ਵਾਲੇ ਡੀਲਰਾਂ ਨੂੰ ਕਾਰਨ ਦੱਸੋ ਨੋਟਿਸ ਜਾਰੀ ਕੀਤੇ ਜਾਣਗੇ।
ਇਸ ਦੌਰਾਨ ਡਾ. ਗਿੱਲ ਨੇ ਮੌਕੇ ‘ਤੇ ਦੱਸਿਆ ਕਿ ਖੇਤੀਬਾੜੀ ਵਿਭਾਗ ਵੱਲੋਂ ਕਿਸਾਨਾਂ ਦੇ ਹਿਤਾਂ ਵਿਚ ਕੰਮ ਕਰਦੇ ਹੋਏ ਕਿਸਾਨਾਂ ਨੂੰ ਮਿਆਰੀ ਖਾਦਾਂ ਅਤੇ ਦਵਾਈਆਂ ਉਪਲੱਬਧ ਕਰਾਉਣ ਲਈ ਹਰ ਸੰਭਵ ਕਦਮ ਚੁੱਕੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਮਾਰਕੀਟ ਵਿੱਚ ਗੈਰ-ਮਿਆਰੀ ਜਾਂ ਨਕਲੀ ਖੇਤੀਬਾੜੀ ਉਤਪਾਦਾਂ ਦੀ ਵਿਕਰੀ ਕਿਸਾਨਾਂ ਲਈ ਨੁਕਸਾਨਦਾਇਕ ਹੈ, ਇਸ ਲਈ ਵਿਭਾਗ ਵੱਲੋਂ ਸਮੇਂ-ਸਮੇਂ ‘ਤੇ ਅਚਨਚੇਤ ਚੈਕਿੰਗਾਂ ਕੀਤੀਆਂ ਜਾ ਰਹੀਆਂ ਹਨ। ਡਾ. ਗਿੱਲ ਨੇ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਖੇਤੀਬਾੜੀ ਇਨਪੁਟਸ ਖਰੀਦ ਕਰਨ ਸਮੇਂ ਸਿਰਫ਼ ਲਾਈਸੈਂਸੀ ਡੀਲਰਾਂ ਤੋਂ ਹੀ ਖਰੀਦਣ ਅਤੇ ਖਰੀਦ ਵੇਲੇ ਪੱਕਾ ਬਿੱਲ ਲੈਣਾ ਯਕੀਨੀ ਬਣਾਉਣ ਅਤੇ ਵਿਭਾਗ ਦੁਆਰਾ ਸਿਫਾਰਿਸ਼ ਖਾਦਾਂ ਅਤੇ ਕੀਟਨਾਸ਼ਕ ਦਵਾਈਆਂ ਹੀ ਵਰਤਣ । ਕਿਸੇ ਵੀ ਸਮੱਸਿਆ ਲਈ ਜ਼ਿਲ੍ਹੇ ਦੇ ਖੇਤੀਬਾੜੀ ਵਿਭਾਗ ਦੇ ਕਿਸਾਨ ਹੈਲਪ ਡੈਸਕ ਨੰਬਰ 98781-66287 ਤੇ ਸੰਪਰਕ ਕਰਨ ।














