ਫ਼ਲਾਇੰਗ ਸਕੁਐਡ ਦੀ ਕਾਰਵਾਈ: ਬਾਹਰੀ ਰਾਜਾਂ ਤੋਂ ਝੋਨਾ ਲਿਆਂਦੇ ‘ਤੇ ਪਾਬੰਦੀ

51

ਬਰਨਾਲਾ, 10 ਨਵੰਬਰ 2025 AJ DI Awaaj

Punjab Desk : ਜ਼ਿਲ੍ਹੇ ਵਿੱਚ ਬਣਾਏ ਗਏ ਫ਼ਲਾਇੰਗ ਸਕੁਐਡ ਵਲੋਂ ਅੱਜ ਵੱਖ-ਵੱਖ ਰਾਈਸ ਸ਼ੈਲਰਾਂ ਦੀ ਜਾਂਚ ਕੀਤੀ ਗਈ ਤਾਂ ਜੋ ਹੋਰ ਰਾਜਾਂ ਤੋਂ ਅਣਅਧਿਕਾਰਤ ਅਤੇ ਗੈਰਕਾਨੂੰਨੀ ਝੋਨਾ ਨਾ ਪਹੁੰਚ ਸਕੇ।

ਇਹ ਸਬੰਧੀ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਬਰਨਾਲਾ ਸ਼੍ਰੀ ਟੀ. ਬੇਨਿਥ ਨੇ ਦੱਸਿਆ ਕਿ ਪੰਜਾਬ ਸਰਕਾਰ ਦੇ ਹੁਕਮਾਂ ਅਨੁਸਾਰ ਜ਼ਿਲ੍ਹੇ ਦੇ ਰਾਈਸ ਸ਼ੈਲਰਾਂ ਦੀ ਚੈਕਿੰਗ ਕੀਤੀ ਗਈ ਤਾਂ ਜੋ ਬਾਹਰਲੇ ਸੂਬੇ ਤੋਂ ਆਉਣ ਵਾਲੇ ਝੋਨੇ ਸਬੰਧੀ ਨਿਗਰਾਨੀ ਕੀਤੀ ਜਾ ਸਕੇ। ਉਨ੍ਹਾਂ ਕਿਹਾ ਕਿ ਪੰਜ ਮਾਰਕੀਟ ਕਮੇਟੀਆਂ ਫ਼ਲਾਇੰਗ ਸਕੁਐਡ ਬਣਾਈਆਂ ਗਈਆਂ ਹਨ ਜੋ ਨਿਯਮਿਤ ਤੌਰ ’ਤੇ ਚੌਲ ਮਿਲਾਂ ਅਤੇ ਉਨ੍ਹਾਂ ਦੇ ਰਿਕਾਰਡ ਦੀ ਜਾਂਚ ਕਰ ਰਹੀਆਂ ਹਨ।

ਡੀ.ਸੀ. ਨੇ ਕਿਹਾ ਕਿ ਸਰਕਾਰ ਦੇ ਨਿਰਦੇਸ਼ਾਂ ਅਨੁਸਾਰ ਜ਼ਿਲ੍ਹੇ ਦੀਆਂ ਸਾਰੀਆਂ ਰਾਈਸ ਮਿਲਾਂ ਦੀ ਜਾਂਚ ਕੀਤੀ ਜਾਵੇਗੀ। ਜੇਕਰ ਕਿਸੇ ਵੀ ਮਿਲ ਵਿੱਚ ਹੋਰ ਰਾਜ ਤੋਂ ਆਇਆ ਗੈਰ-ਕਾਨੂੰਨੀ ਧਾਨ ਮਿਲਿਆ ਤਾਂ ਸੰਬੰਧਿਤ ਵਿਅਕਤੀਆਂ ਖ਼ਿਲਾਫ਼ ਸਖ਼ਤ ਬਣਦੀ ਕਾਰਵਾਈ ਕੀਤੀ ਜਾਵੇਗੀ।

ਐਸ.ਡੀ.ਐਮ. ਬਰਨਾਲਾ ਮੈਡਮ ਸੋਨਮ ਵਲੋਂ ਬਰਨਾਲਾ ਸਬ-ਡਿਵੀਜ਼ਨ ਵਿੱਚ ਸ਼ੈਲਰਾਂ ਦੀ ਜਾਂਚ ਕੀਤੀ ਗਈ। ਇਸੇ ਤਰ੍ਹਾਂ, ਐਸ.ਡੀ.ਐਮ. ਮਹਿਲ ਕਲਾਂ ਸ਼੍ਰੀ ਸ਼ਿਵਾਂਸ਼ ਰਾਠੀ ਵਲੋਂ ਮਹਿਲ ਕਲਾਂ ਸਬ-ਡਿਵੀਜ਼ਨ ਵਿੱਚ ਚੌਲ ਮਿਲਾਂ ਦੀ ਜਾਂਚ ਕੀਤੀ ਗਈ।

ਜਾਂਚ ਲਈ ਪੰਜ ਫ਼ਲਾਇੰਗ ਸਕੁਐਡ ਬਣਾਈਆਂ ਗਈਆਂ ਹਨ। ਇਨ੍ਹਾਂ ਵਿੱਚ ਮਾਰਕੀਟ ਕਮੇਟੀ ਬਰਨਾਲਾ, ਤਪਾ, ਧਨੌਲਾ, ਮਹਿਲ ਕਲਾਂ ਅਤੇ ਭਦੌੜ ਦੀਆਂ ਟੀਮਾਂ ਸ਼ਾਮਲ ਹਨ। ਹਰ ਟੀਮ ਵਿੱਚ ਸਿਵਲ ਤੇ ਪੁਲਿਸ ਪ੍ਰਸ਼ਾਸਨ ਦੇ ਸੀਨੀਅਰ ਅਧਿਕਾਰੀ ਸ਼ਾਮਲ ਹਨ।