ਮਾਲੇਰਕੋਟਲਾ, 13 ਅਗਸਤ 2025 AJ DI Awaaj
Punjab Desk : ਸੀਨੀਅਰ ਕਪਤਾਨ ਪੁਲਿਸ ਗਗਨ ਅਜੀਤ ਸਿੰਘ ਵੱਲੋਂ ਜਾਣਕਾਰੀ ਦਿੰਦਿਆਂ ਦੱਸਿਆ ਗਿਆ ਕਿ ਸੀਨੀਅਰ ਅਧਿਕਾਰੀਆਂ ਦੁਆਰਾ ਜਾਰੀ ਹਦਾਇਤਾਂ ਅਧੀਨ 13 ਅਗਸਤ ਨੂੰ ਸੁਤੰਤਰਤਾ ਦਿਵਸ (15 ਅਗਸਤ) ਨੂੰ ਮੱਦੇਨਜ਼ਰ ਰੱਖਦਿਆਂ, ਕਪਤਾਨ ਪੁਲਿਸ (ਸਥਾਨਕ) ਮਾਲੇਰਕੋਟਲਾ ਗੁਰਸਰਨਜੀਤ ਸਿੰਘ, ਕਪਤਾਨ ਪੁਲਿਸ ਇਨਵੈਸਟੀਗੇਸ਼ਨ ਸਤਪਾਲ ਸ਼ਰਮਾ, ਉਪ ਕਪਤਾਨ ਪੁਲਿਸ (ਸਥਾਨਕ) ਮਾਨਵਜੀਤ ਸਿੰਘ, ਉਪ ਕਪਤਾਨ ਪੁਲਿਸ ਇਨਵੈਸਟੀਗੇਸ਼ਨ ਸਤੀਸ਼ ਕੁਮਾਰ, ਉਪ ਕਪਤਾਨ ਪੁਲਿਸ ਯਾਦਵਿੰਦਰ ਸਿੰਘ ਵੱਲੋਂ ਸਬ-ਡਵੀਜ਼ਨ ਮਾਲੇਰਕੋਟਲਾ ਦੇ ਮੁੱਖ ਅਧਿਕਾਰੀਆਂ ਅਤੇ ਹੋਰ ਪੁਲਿਸ ਫੋਰਸ ਸਮੇਤ ਜਾਕਿਰ ਹੁਸੈਨ ਸਟੇਡੀਅਮ ਤੋਂ ਬੱਸ ਸਟੈਂਡ, ਦਿੱਲੀ ਗੇਟ, ਛੋਟਾ ਚੌਂਕ, ਪਿਪਲੀ ਚੌਂਕ, ਸਰਹੰਦੀ ਗੇਟ, ਕਾਲਜ ਰੋਡ, ਗੁਰਦੁਆਰਾ ਹਾਅ ਦਾ ਨਾਅਰਾ, ਗਰੇਵਾਲ ਚੌਂਕ, ਕਿਲ੍ਹਾ ਰਹਿਮਤਗੜ੍ਹ ਰਾਹੀਂ ਵਾਪਸ ਕਚਹਿਰੀ ਰੋਡ ਹੁੰਦੇ ਹੋਏ ਜਾਕਿਰ ਹੁਸੈਨ ਸਟੇਡੀਅਮ ਤੱਕ ਫਲੈਗ ਮਾਰਚ ਕੀਤਾ ਗਿਆ।
ਇਸੇ ਤਰ੍ਹਾਂ ਸਬ-ਡਵੀਜ਼ਨ ਅਹਿਮਦਗੜ੍ਹ ਵਿੱਚ ਕਪਤਾਨ ਪੁਲਿਸ ਰਾਜਨ ਸ਼ਰਮਾ ਵੱਲੋਂ ਸਬ-ਡਵੀਜ਼ਨ ਦੇ ਮੁੱਖ ਅਧਿਕਾਰੀਆਂ ਸਮੇਤ ਪੁਲਿਸ ਫੋਰਸ ਦੁਆਰਾ ਫਲੈਗ ਮਾਰਚ ਕੀਤਾ ਗਿਆ। ਸਬ-ਡਵੀਜ਼ਨ ਅਮਰਗੜ੍ਹ ਵਿੱਚ ਉਪ ਕਪਤਾਨ ਪੁਲਿਸ ਦਵਿੰਦਰ ਸਿੰਘ ਵੱਲੋਂ ਥਾਣਾ ਅਮਰਗੜ੍ਹ ਦੀ ਫੋਰਸ ਸਮੇਤ ਕਸਬੇ ਵਿੱਚ ਫਲੈਗ ਮਾਰਚ ਕੱਢਿਆ ਗਿਆ।
ਸੀਨੀਅਰ ਕਪਤਾਨ ਪੁਲਿਸ ਨੇ ਦੱਸਿਆ ਕਿ ਮਾਲੇਰਕੋਟਲਾ ਪੁਲਿਸ ਆਮ ਜਨਤਾ ਦੀ ਸੁਰੱਖਿਆ ਨੂੰ ਹਰ ਪੱਖ ਤੋਂ ਯਕੀਨੀ ਬਣਾਉਣ ਲਈ ਪ੍ਰਤੀਬੱਧ ਹੈ, ਤਾਂ ਜੋ ਲੋਕ ਅਜ਼ਾਦੀ ਦਿਹਾੜੇ ਦਾ ਜਸ਼ਨ ਸੁਖ-ਚੈਨ ਅਤੇ ਸੁਰੱਖਿਆ ਨਾਲ ਮਨਾ ਸਕਣ। ਇਸ ਤੋਂ ਇਲਾਵਾ, ਮਾਲੇਰਕੋਟਲਾ ਪੁਲਿਸ 24 ਘੰਟੇ ਪੂਰੀ ਤਰ੍ਹਾਂ ਚੌਕਸ ਹੈ ਅਤੇ ਆਮ ਜਨਤਾ ਨੂੰ ਅਪੀਲ ਕੀਤੀ ਗਈ ਹੈ ਕਿ ਕਿਸੇ ਵੀ ਸ਼ੱਕੀ ਗਤੀਵਿਧੀ ਬਾਰੇ ਤੁਰੰਤ 112 ਹੈਲਪਲਾਈਨ ਜਾਂ ਕੰਟਰੋਲ ਰੂਮ ਮਾਲੇਰਕੋਟਲਾ (91155-87100) ‘ਤੇ ਸੂਚਨਾ ਦੇਣ।
