India 17 Feb 2026 AJ DI Awaaj
National Desk : ਅੱਜ ਮੰਗਲਵਾਰ, 17 ਫਰਵਰੀ ਨੂੰ ਸਾਲ ਦਾ ਪਹਿਲਾ ਸੂਰਜ ਗ੍ਰਹਿਣ ਲੱਗ ਰਿਹਾ ਹੈ। ਪੰਚਾਂਗ ਅਨੁਸਾਰ ਇਹ ਗੋਲਾਕਾਰ (ਐਨੁਲਰ) ਸੂਰਜ ਗ੍ਰਹਿਣ ਫਾਲਗੁਣ ਅਮਾਵਸਿਆ ਦੇ ਦਿਨ ਕੁੰਭ ਰਾਸ਼ੀ ਵਿੱਚ ਹੋਵੇਗਾ। ਇਸ ਦੌਰਾਨ ਚੰਦਰਮਾ ਸੂਰਜ ਨੂੰ ਪੂਰੀ ਤਰ੍ਹਾਂ ਨਹੀਂ ਢੱਕੇਗਾ, ਜਿਸ ਕਾਰਨ ਆਕਾਸ਼ ਵਿੱਚ ਅੱਗ ਦੇ ਛੱਲੇ ਵਰਗਾ ਦ੍ਰਿਸ਼ ਨਜ਼ਰ ਆਵੇਗਾ।
ਇਹ ਗ੍ਰਹਿਣ ਚਾਰ ਘੰਟਿਆਂ ਤੋਂ ਵੱਧ ਸਮੇਂ ਤੱਕ ਰਹੇਗਾ। ਭਾਰਤੀ ਸਮੇਂ ਅਨੁਸਾਰ ਗ੍ਰਹਿਣ ਦੁਪਹਿਰ 3:26 ਵਜੇ ਸ਼ੁਰੂ ਹੋ ਕੇ ਸ਼ਾਮ 7:57 ਵਜੇ ਸਮਾਪਤ ਹੋਵੇਗਾ।
ਸੂਤਕ ਕਾਲ ਦੀ ਜਾਣਕਾਰੀ
ਧਾਰਮਿਕ ਮਾਨਤਾਵਾਂ ਅਨੁਸਾਰ ਸੂਤਕ ਕਾਲ ਗ੍ਰਹਿਣ ਸ਼ੁਰੂ ਹੋਣ ਤੋਂ ਲਗਭਗ 12 ਘੰਟੇ ਪਹਿਲਾਂ ਲੱਗ ਜਾਂਦਾ ਹੈ ਅਤੇ ਗ੍ਰਹਿਣ ਦੇ ਖਤਮ ਹੋਣ ਤੱਕ ਜਾਰੀ ਰਹਿੰਦਾ ਹੈ। ਇਸ ਦੌਰਾਨ ਕਿਸੇ ਵੀ ਸ਼ੁਭ ਕੰਮ ਨੂੰ ਕਰਨ ਤੋਂ ਬਚਿਆ ਜਾਂਦਾ ਹੈ ਅਤੇ ਮੰਦਰਾਂ ਦੇ ਦਰਵਾਜ਼ੇ ਵੀ ਬੰਦ ਰੱਖੇ ਜਾਂਦੇ ਹਨ।
ਗਰਭਵਤੀ ਮਹਿਲਾਵਾਂ ਲਈ ਸਾਵਧਾਨੀ
ਮਾਨਤਾ ਹੈ ਕਿ ਗ੍ਰਹਿਣ ਦੇ ਸਮੇਂ ਗਰਭਵਤੀ ਔਰਤਾਂ ਨੂੰ ਖਾਸ ਸਾਵਧਾਨੀ ਰੱਖਣੀ ਚਾਹੀਦੀ ਹੈ। ਉਹਨਾਂ ਨੂੰ ਤਿੱਖੀ ਰੌਸ਼ਨੀ ਤੋਂ ਬਚਣ, ਨੁਕੀਲੀ ਚੀਜ਼ਾਂ ਦੀ ਵਰਤੋਂ ਨਾ ਕਰਨ ਅਤੇ ਘਰ ਅੰਦਰ ਰਹਿਣ ਦੀ ਸਲਾਹ ਦਿੱਤੀ ਜਾਂਦੀ ਹੈ। ਹਾਲਾਂਕਿ ਵਿਗਿਆਨਕ ਤੌਰ ‘ਤੇ ਗ੍ਰਹਿਣ ਦਾ ਮਨੁੱਖੀ ਜੀਵਨ ‘ਤੇ ਕੋਈ ਸਿੱਧਾ ਨਕਾਰਾਤਮਕ ਪ੍ਰਭਾਵ ਸਾਬਤ ਨਹੀਂ ਹੋਇਆ।
ਕਿੱਥੇ ਦਿਖਾਈ ਦੇਵੇਗਾ ਗ੍ਰਹਿਣ?
ਇਹ ਸੂਰਜ ਗ੍ਰਹਿਣ ਭਾਰਤ ਵਿੱਚ ਦ੍ਰਿਸ਼ਮਾਨ ਨਹੀਂ ਹੋਵੇਗਾ। ਇਹ ਮੁੱਖ ਤੌਰ ‘ਤੇ ਦੱਖਣੀ ਅਫਰੀਕਾ, ਅੰਟਾਰਕਟਿਕਾ, ਜ਼ੈਂਬੀਆ, ਜ਼ਿੰਬਾਬਵੇ, ਮਾਰੀਸ਼ਸ, ਤਨਜ਼ਾਨੀਆ ਅਤੇ ਦੱਖਣੀ ਅਮਰੀਕਾ ਦੇ ਕੁਝ ਹਿੱਸਿਆਂ ਵਿੱਚ ਵੇਖਿਆ ਜਾਵੇਗਾ। ਇਸ ਤੋਂ ਇਲਾਵਾ ਦੱਖਣੀ ਅਟਲਾਂਟਿਕ ਅਤੇ ਦੱਖਣੀ ਪ੍ਰਸ਼ਾਂਤ ਮਹਾਸਾਗਰ ਦੇ ਇਲਾਕਿਆਂ ਵਿੱਚ ਅੰਸ਼ਕ ਗ੍ਰਹਿਣ ਦੇ ਦਰਸ਼ਨ ਹੋਣਗੇ।
ਧਾਰਮਿਕ ਧਾਰਣਾਂ ਮੁਤਾਬਕ ਰਾਹੂ ਅਤੇ ਕੇਤੂ ਨੂੰ ਗ੍ਰਹਿਣ ਦਾ ਕਾਰਨ ਮੰਨਿਆ ਜਾਂਦਾ ਹੈ, ਜਦਕਿ ਵਿਗਿਆਨ ਅਨੁਸਾਰ ਇਹ ਇੱਕ ਖਗੋਲੀ ਘਟਨਾ ਹੈ ਜਦੋਂ ਚੰਦਰਮਾ ਸੂਰਜ ਅਤੇ ਧਰਤੀ ਦੇ ਵਿਚਕਾਰ ਆ ਜਾਂਦਾ ਹੈ।














