ਜ਼ਿਲ੍ਹਾ ਸੰਕਟ ਗਰੁੱਪ ਦੀ ਪਲੇਠੀ ਮੀਟਿੰਗ ਆਯੋਜਿਤ

44

ਮਾਲੇਰਕੋਟਲਾ, 19 ਸਤੰਬਰ 2025 AJ DI Awaaj

Punajb Desk : ਜ਼ਿਲ੍ਹਾ ਪ੍ਰਸ਼ਾਸਨ ਮਾਲੇਰਕੋਟਲਾ ਵੱਲੋਂ ਡਿਪਟੀ ਕਮਿਸ਼ਨਰ ਵਿਰਾਜ ਐਸ. ਤਿੜਕੇ ਦੀ ਅਗਵਾਈ ਹੇਠ ਜ਼ਿਲ੍ਹਾ ਸੰਕਟ ਗਰੁੱਪ ਦੀ ਪਲੇਠੀ ਮੀਟਿੰਗ ਆਯੋਜਿਤ ਕੀਤੀ ਗਈ। ਇਸ ਮੀਟਿੰਗ ਦਾ ਮੁੱਖ ਉਦੇਸ਼ ਕਿਸੇ ਵੀ ਤਰ੍ਹਾਂ ਦੀ ਕੁਦਰਤੀ ਜਾਂ ਉਦਯੋਗਿਕ ਆਫ਼ਤ ਮੌਕੇ ਹੰਗਾਮੀ ਹਾਲਾਤ ਨਾਲ ਨਜਿੱਠਣ ਲਈ ਰਾਹਤ ਪ੍ਰਬੰਧਨ ਅਤੇ ਵੱਖ-ਵੱਖ ਵਿਭਾਗਾਂ ਦੀਆਂ ਤਿਆਰੀਆਂ ਦੀ ਸਮੀਖਿਆ ਕਰਨੀ ਸੀ।

ਮੀਟਿੰਗ ਦੀ ਪ੍ਰਧਾਨਕੀ ਕਰਦਿਆਂ ਡਿਪਟੀ ਕਮਿਸ਼ਨਰ ਵਿਰਾਜ ਐਸ. ਤਿੜਕੇ ਨੇ ਕਿਹਾ ਕਿ“ਆਫ਼ਤ ਕਿਸੇ ਵੀ ਸਮੇਂ ਆ ਸਕਦੀ ਹੈ, ਪਰ ਸਹੀ ਤਿਆਰੀ, ਸੰਯੁਕਤ ਯੋਜਨਾ ਅਤੇ ਸਮੇਂ-ਸਿਰ ਰਿਸਪਾਂਸ ਨਾਲ ਹੀ ਜਾਨਾਂ ਅਤੇ ਸੰਪਤੀ ਨੂੰ ਸੁਰੱਖਿਅਤ ਕੀਤਾ ਜਾ ਸਕਦਾ ਹੈ। ਪ੍ਰਸ਼ਾਸਨ, ਉਦਯੋਗਿਕ ਇਕਾਈਆਂ ਅਤੇ ਲੋਕਾਂ ਦੀ ਸਾਂਝੀ ਜ਼ਿੰਮੇਵਾਰੀ ਹੈ ਕਿ ਅਜਿਹੇ ਹਾਲਾਤਾਂ ਨਾਲ ਮਿਲਜੁਲ ਕੇ ਨਜਿੱਠਿਆ ਜਾਵੇ।”

ਡਿਪਟੀ ਕਮਿਸ਼ਨਰ ਨੇ ਡਿਪਟੀ ਡਾਇਰੈਕਟਰ ਫੈਕਟਰੀਜ਼ ਸਾਹਿਲ ਗੋਇਲ ਨੂੰ ਨਿਰਦੇਸ਼ ਦਿੱਤੇ ਕਿ ਜ਼ਿਲ੍ਹਾ ਪੱਧਰੀ ਆਫ-ਸਾਈਟ ਐਮਰਜੈਂਸੀ ਯੋਜਨਾ ਤਿਆਰ ਕਰਵਾਈ ਜਾਵੇ। ਉਨ੍ਹਾਂ ਕਿਹਾ ਕਿ ਹਰੇਕ ਐਮ.ਏ.ਐਚ MAH (Major Accident Hazard) ਯੂਨਿਟ ਲਈ ਆਨ-ਸਾਈਟ ਮੌਕ ਡ੍ਰਿਲਾਂ ਦੀ ਸਮਾਂ-ਸਾਰਣੀ ਡਿਪਟੀ ਡਾਇਰੈਕਟਰ ਫੈਕਟਰੀਜ਼ ਦੇ ਦਫ਼ਤਰ ਵਲੋਂ ਜਾਰੀ ਕੀਤੀ ਜਾਵੇਗੀ, ਜਿਸ ਵਿੱਚ ਜ਼ਿਲ੍ਹਾ ਸੰਕਟ ਗਰੁੱਪ ਦੇ ਸਾਰੇ ਮੈਂਬਰਾਂ ਦੀ ਸਰਗਰਮ ਭਾਗੀਦਾਰੀ ਯਕੀਨੀ ਬਣਾਉਣੀ ਹੈ।

ਡਿਪਟੀ ਕਮਿਸ਼ਨਰ ਨੇ ਸਪੱਸ਼ਟ ਕੀਤਾ ਕਿ ਆਫ-ਸਾਈਟ ਮੌਕ ਡ੍ਰਿਲ ਜ਼ਿਲ੍ਹਾ ਪੱਧਰ ’ਤੇ ਕਰਵਾਈ ਜਾਵੇਗੀ, ਜਿਸ ਨਾਲ ਵੱਖ-ਵੱਖ ਵਿਭਾਗਾਂ ਦੀ ਕਾਰਗੁਜ਼ਾਰੀ, ਰਿਸਪਾਂਸ ਸਮਾਂ ਅਤੇ ਤਿਆਰੀਆਂ ਦੀ ਸਮੀਖਿਆ ਕੀਤੀ ਜਾ ਸਕੇਗੀ। ਉਨ੍ਹਾਂ ਕਿਹਾ ਕਿ ਇਸ ਨਾਲ ਹੰਗਾਮੀ ਹਾਲਾਤ ਦੌਰਾਨ ਸੰਯੁਕਤ ਪ੍ਰਤੀਕਿਰਿਆ ਪ੍ਰਣਾਲੀ (coordinated response system) ਨੂੰ ਹੋਰ ਮਜ਼ਬੂਤ ਬਣਾਇਆ ਜਾ ਸਕੇਗਾ।

ਡਿਪਟੀ ਕਮਿਸ਼ਨਰ ਨੇ ਮੌਜੂਦ ਉਦਯੋਗਿਕ ਇਕਾਈਆਂ ਦੇ ਨੁਮਾਇੰਦਿਆਂ ਨੂੰ ਹਦਾਇਤ ਕੀਤੀ ਕਿ ਆਪਣੀਆਂ ਇਕਾਈਆਂ ਵਿੱਚ ਯੋਗ ਸੁਰੱਖਿਆ ਪ੍ਰਬੰਧ ਕੀਤੇ ਜਾਣ। ਇਸ ਨਾਲ ਨਾਲ, Public Liability Insurance (ਪਬਲਿਕ ਲਾਇਬਿਲਟੀ ਇੰਸ਼ੋਰੈਂਸ) ਕਰਵਾਉਣਾ ਹਰ ਇਕਾਈ ਲਈ ਲਾਜ਼ਮੀ ਕੀਤਾ ਗਿਆ। ਉਨ੍ਹਾਂ ਕਿਹਾ ਕਿ ਆਮ ਲੋਕਾਂ ਨੂੰ ਸੁਰੱਖਿਆ ਅਤੇ ਆਫ਼ਤ ਪ੍ਰਬੰਧਨ ਬਾਰੇ ਜਾਗਰੂਕ ਕਰਨ ਲਈ ਖ਼ਾਸ ਕੈਂਪ ਅਤੇ ਡ੍ਰਿਲਾਂ ਆਯੋਜਿਤ ਕੀਤੀਆਂ ਜਾਣ।

ਇਸ ਮੌਕੇ ਐਸ.ਡੀ.ਐਮ. ਮਾਲੇਰਕੋਟਲਾ/ਅਹਿਮਦਗੜ੍ਹ ਗੁਰਮੀਤ ਕੁਮਾਰ ਬਾਂਸਲ, ਡੀ.ਐਸ.ਪੀ. ਯਾਦਵਿੰਦਰ ਸਿੰਘ, ਡਿਪਟੀ ਮੈਡੀਕਲ ਕਮਿਸ਼ਨਰ ਡਾ. ਰਿਸ਼ਮਾ ਭੌਰਾ, ਪ੍ਰਧਾਨ ਸੰਗਰੂਰ/ਮਾਲੇਰਕੋਟਲਾ ਡਿਸਟ੍ਰਿਕਟ ਇੰਡਸ੍ਟ੍ਰਿਯਲ ਚੈਂਬਰ ਰਾਜੀਵ ਸੂਦ, ਕਾਰਜ ਸਾਧਕ ਅਫਸਰ ਵਿਕਾਸ ਉਪਲ,ਖੇਤੀਬਾੜੀ ਵਿਕਾਸ ਅਫਸਰ ਲਜਿੰਦਰ ਸਿੰਘ, ਐਸ.ਐਫ.ਓ ਦਿਲਸ਼ਾਦ ਅਲੀ ਖ਼ਾਂਨ, ਜਨਰਲ ਮੈਨੇਜਰ ਸਰਿਆਂਸ਼ ਇੰਡਸਟਰੀਜ਼ ਡਾ. ਭਗਵਤੀ ਪ੍ਰਸ਼ਾਦ, ਐਸ.ਓ. ਨਾਹਰ ਫਾਈਬਰਜ਼ ਅਸ਼ਵਿਨ ਮਿਸ਼ਰਾ ਸਮੇਤ ਵੱਖ-ਵੱਖ ਵਿਭਾਗਾਂ ਅਤੇ ਉਦਯੋਗਿਕ ਇਕਾਈਆਂ ਦੇ ਅਧਿਕਾਰੀ ਹਾਜ਼ਰ ਸਨ।