ਲੁਧਿਆਣਾ, 13 ਸਤੰਬਰ 2025 AJ DI Awaaj
Punjab Desk — ਲੁਧਿਆਣਾ ਤੋਂ ਇੱਕ ਚੌਕਾਉਣ ਵਾਲੀ ਘਟਨਾ ਸਾਹਮਣੇ ਆਈ ਹੈ ਜਿੱਥੇ ਸਾਬਕਾ ਵਿਧਾਇਕ ਸਿਮਰਜੀਤ ਸਿੰਘ ਬੈਂਸ ਦੀ ਡਿਫੈਂਡਰ ਕਾਰ ‘ਤੇ ਗੋ*ਲੀਬਾਰੀ ਕੀਤੀ ਗਈ। ਇਸ ਹਮਲੇ ਵਿਚ ਸਿਮਰਜੀਤ ਬੈਂਸ ਵਾਲ-ਵਾਲ ਬਚ ਗਏ। ਪ੍ਰਾਪਤ ਜਾਣਕਾਰੀ ਮੁਤਾਬਕ, ਇਹ ਵਾਕਿਆ ਘਰੇਲੂ ਵਿਵਾਦ ਕਾਰਨ ਹੋਇਆ।
ਚਸ਼ਮਦੀਦਾਂ ਅਤੇ ਪਰਿਵਾਰਕ ਸਰੋਤਾਂ ਦੇ ਅਨੁਸਾਰ, ਗੋਲੀਬਾਰੀ ਸਿਮਰਜੀਤ ਬੈਂਸ ਦੇ ਭਰਾ ਪਰਮਜੀਤ ਬੈਂਸ ਦੇ ਬੇਟੇ ਜਗਜੋਤ ਵੱਲੋਂ ਕੀਤੀ ਗਈ। ਹਮਲੇ ਤੋਂ ਬਾਅਦ ਖੇਤਰ ਵਿੱਚ ਦਹਿਸ਼ਤ ਦਾ ਮਾਹੌਲ ਬਣ ਗਿਆ ਹੈ। ਲੋਕ ਇਸ ਘਟਨਾ ਨੂੰ ਲੈ ਕੇ ਸੁਰੱਖਿਆ ਪ੍ਰਬੰਧਾਂ ‘ਤੇ ਸਵਾਲ ਚੁੱਕ ਰਹੇ ਹਨ।
ਸਾਬਕਾ ਵਿਧਾਇਕ ਦੇ ਮੀਡੀਆ ਸਲਾਹਕਾਰ ਨੇ ਦੱਸਿਆ ਕਿ ਇਸ ਮਾਮਲੇ ਨੂੰ ਰਾਜ਼ੀਨਾਮੇ ਰਾਹੀਂ ਸੁਲਝਾਉਣ ਦੀ ਕੋਸ਼ਿਸ਼ ਚੱਲ ਰਹੀ ਹੈ ਅਤੇ ਦੋਵੇਂ ਧਿਰਾਂ ਵਿਚਾਲੇ ਗੱਲਬਾਤ ਜਾਰੀ ਹੈ। ਦੂਜੇ ਪਾਸੇ, ਪੁਲਿਸ ਵੱਲੋਂ ਹਾਲੇ ਤੱਕ ਕੋਈ ਅਧਿਕਾਰਿਕ ਬਿਆਨ ਜਾਰੀ ਨਹੀਂ ਕੀਤਾ ਗਿਆ।
ਇਹ ਹਮਲਾ ਨਾ ਸਿਰਫ ਸਿਆਸੀ ਹਸਤੀ ਦੀ ਸੁਰੱਖਿਆ ‘ਤੇ ਸਵਾਲ ਖੜ੍ਹੇ ਕਰਦਾ ਹੈ, ਬਲਕਿ ਲੁਧਿਆਣਾ ਵਿਚ ਕਾਨੂੰਨ-ਵਿਵਸਥਾ ਦੀ ਹਕੀਕਤ ਨੂੰ ਵੀ ਬੇਨਕਾਬ ਕਰਦਾ ਹੈ। ਸਥਾਨਕ ਲੋਕਾਂ ਦੀ ਮੰਗ ਹੈ ਕਿ ਦੋਸ਼ੀਆਂ ਖਿਲਾਫ਼ ਕੜੀ ਕਾਰਵਾਈ ਕੀਤੀ ਜਾਵੇ ਤਾਂ ਜੋ ਭਵਿੱਖ ਵਿੱਚ ਅਜੇਹੀਆਂ ਘਟਨਾਵਾਂ ਤੋਂ ਬਚਿਆ ਜਾ ਸਕੇ।
