ਕੀਰਤਪੁਰ ਸਾਹਿਬ 22 ਸਤੰਬਰ 2025 AJ DI Awaaj
Punjab Desk : ਸ.ਹਰਜੋਤ ਸਿੰਘ ਬੈਂਸ ਕੈਬਨਿਟ ਮੰਤਰੀ ਸਿੱਖਿਆ ਅਤੇ ਸੂਚਨਾ ਤੇ ਲੋਕ ਸੰਪਰਕ ਵਿਭਾਗ ਪੰਜਾਬ ਨੇ ਕਿਹਾ ਹੈ ਕਿ ਹਿਮਾਚਲ ਪ੍ਰਦੇਸ਼ ਦੇ ਨਾਲ ਲੱਗਦੇ ਪੰਜਾਬ ਦੇ ਇਲਾਕਿਆਂ ਵਿੱਚ ਹੜ੍ਹਾਂ ਵਰਗੇ ਹਾਲਾਤਾ ਦੌਰਾਨ ਸਿਹਤ ਵਿਭਾਗ ਨੇ ਮੈਡੀਕਲ ਸਹੂਲਤਾਂ ਦੇਣ ਵਿੱਚ ਕੋਈ ਕਸਰ ਨਹੀ ਛੱਡੀ। ਉਨ੍ਹਾਂ ਨੇ ਕਿਹਾ ਕਿ ਸਾਡੇ ਸਰਕਾਰੀ ਹਸਪਤਾਲ,ਪ੍ਰਾਇਮਰੀ ਹੈਲਥ ਸੈਂਟਰ ਅਤੇ ਆਮ ਆਦਮੀ ਕਲੀਨਿਕ ਇਲਾਕੇ ਵਿੱਚ ਮਰੀਜ਼ਾ ਨੂੰ ਨਿਰਵਿਘਨ ਸਿਹਤ ਸਹੂਲਤਾਂ ਉਪਲੱਬਧ ਕਰਵਾ ਰਹੇ ਹਨ।
ਸਿਵਲ ਸਰਜਨ ਰੂਪਨਗਰ ਡਾ.ਸੁਖਵਿੰਦਰਜੀਤ ਸਿੰਘ ਦੇ ਹੁਕਮਾਂ ਅਤੇ ਹੜ੍ਹ ਜ਼ਿਲ੍ਹਾ ਨੋਡਲ ਅਧਿਕਾਰੀ ਡਾ. ਬੌਬੀ ਗੁਲਾਟੀ ਦੇ ਨਿਰਦੇਸ਼ਾਂ ਅਨੁਸਾਰ ਪੀ.ਐੱਚ.ਸੀ ਕੀਰਤਪੁਰ ਸਾਹਿਬ ਦੀ ਟੀਮ ਨੇ ਹੜ੍ਹ ਪ੍ਰਭਾਵਿਤ ਇਲਾਕਿਆਂ ਵਿਚ ਚੌਕਸੀ ਵਧਾ ਦਿੱਤੀ ਹੈ। ਇਹਨਾਂ ਇਲਾਕਿਆਂ ਵਿਚ ਡੇਂਗੂ ਅਤੇ ਮਲੇਰੀਆ ਵਰਗੀਆਂ ਬਿਮਾਰੀਆਂ ਫ਼ੈਲਣ ਤੋਂ ਰੋਕਣ ਲਈ ਆਸ਼ਾ ਵਰਕਰਾਂ ਵੱਲੋਂ ਐਤਵਾਰ ਨੂੰ ਵੀ ਘਰ-ਘਰ ਜਾ ਕੇ ਫ਼ੀਵਰ ਸਰਵੇ ਕੀਤਾ ਗਿਆ।
ਪੀ.ਐੱਚ.ਸੀ ਕੀਰਤਪੁਰ ਸਾਹਿਬ ਦੇ ਸੀਨੀਅਰ ਮੈਡੀਕਲ ਅਫ਼ਸਰ ਇੰ: ਡਾਕਟਰ ਜੰਗਜੀਤ ਸਿੰਘ ਨੇ ਦੱਸਿਆ ਕਿ ਸਿਵਲ ਸਰਜਨ ਰੂਪਨਗਰ ਡਾ.ਸੁਖਵਿੰਦਰਜੀਤ ਸਿੰਘ ਦੇ ਹੁਕਮਾਂ ਅਨੁਸਾਰ ਬਲਾਕ ਦੇ 49 ਹੜ੍ਹ ਪ੍ਰਭਾਵਿਤ ਇਲਾਕਿਆਂ ਵਿਚ ਹੜ੍ਹਾਂ ਤੋਂ ਬਾਅਦ ਦੀ ਸਥਿਤੀ ਨਾਲ ਨਜਿੱਠਣ ਲਈ ਪਹਿਲਾਂ ਨਾਲੋਂ ਵਧੇਰੇ ਚੌਕਸੀ ਵਰਤਣ ਦੇ ਨਿਰਦੇਸ਼ ਦਿੱਤੇ ਗਏ ਹਨ। ਉਹਨਾਂ ਦੱਸਿਆ ਕਿ ਵੈਕਟਰ ਬੋਰਨ ਬਿਮਾਰੀਆਂ ਨੂੰ ਫ਼ੈਲਣ ਤੋਂ ਰੋਕਣ ਲਈ ਜਿੱਥੇ ਕਾਲੇ ਤੇਲ ਅਤੇ ਲਾਰਵੇਸਾਈਡ ਦਵਾਈ ਦੇ ਛਿੜਕਾਅ ਅਤੇ ਫੌਗਿੰਗ ਦੀ ਮੁਹਿੰਮ ਜੰਗੀ ਪੱਧਰ ‘ਤੇ ਜਾਰੀ ਹੈ, ਉੱਥੇ ਹੀ ਆਸ਼ਾ ਵਰਕਰਾਂ ਵੱਲੋਂ ਘਰ-ਘਰ ਜਾ ਕੇ ਫ਼ੀਵਰ ਸਰਵੇ ਕੀਤਾ ਜਾ ਰਿਹਾ ਹੈ ਤਾਂ ਜੋ ਡੇਂਗੂ ਅਤੇ ਮਲੇਰੀਆ ਦੇ ਮਾਮਲਿਆਂ ਦਾ ਸਮੇਂ ਸਿਰ ਪਤਾ ਲਾਇਆ ਜਾ ਸਕੇ ਅਤੇ ਪੀੜ੍ਹਤ ਮਰੀਜ਼ ਦਾ ਤੁਰੰਤ ਇਲਾਜ ਕਰਵਾਇਆ ਜਾ ਸਕੇ।
ਸੀਨੀਅਰ ਮੈਡੀਕਲ ਅਫ਼ਸਰ ਨੇ ਦੱਸਿਆ ਕਿ ਸਰਵੇ ਦੌਰਾਨ ਆਸ਼ਾ ਵਰਕਰਾਂ ਵੱਲੋਂ ਲੋਕਾਂ ਨੂੰ ਓ.ਆਰ.ਐੱਸ ਦੇ ਪੈਕਟ, ਡੀਟੋਲ ਸਾਬਣ ਅਤੇ ਆਡੋਮਾਸ ਆਦਿ ਵੀ ਵੰਡਿਆ ਗਿਆ। ਡਾ. ਜੰਗਜੀਤ ਸਿੰਘ ਨੇ ਐਤਵਾਰ ਵਾਲੇ ਦਿਨ ਵੀ ਸਰਵੇ ਦਾ ਕੰਮ ਜਾਰੀ ਰੱਖਣ ਲਈ ਆਸ਼ਾ ਵਰਕਰ ਅਤੇ ਉਹਨਾਂ ਦੇ ਸੁਪਰਵਾਈਜ਼ਰ ਮਮਤਾ, ਰੀਨਾ, ਨੀਲਮ, ਨਿਰਮਲ, ਰਾਮ ਪਿਆਰੀ, ਤ੍ਰਿਪਤਾ, ਅਨੀਤਾ ਅਤੇ ਸਰੋਜ ਦੀ ਸ਼ਲਾਘਾ ਵੀ ਕੀਤੀ।
ਇਸ ਮੌਕੇ ਸੀ.ਓ ਭਰਤ ਕਪੂਰ ਨੇ ਦੱਸਿਆ ਕਿ ਆਸਰਾ ਫਾਊਡੇਸ਼ਨ ਅਤੇ ਸਮਾਜ ਸੇਵੀ ਪ੍ਰਭਜੋਤ ਕੌਰ ਵੱਲੋਂ ਲੋਕਾਂ ਦੀ ਜ਼ਰੂਰਤ ਨੂੰ ਧਿਆਨ ਵਿੱਚ ਰੱਖਦਿਆਂ ਡੀਟੋਲ ਸਾਬਣ ਅਤੇ ਆਡੋਮਾਸ ਉਪਲੱਬਧ ਕਰਵਾਈ ਗਈ ਹੈ ਜੋ ਆਸ਼ਾ ਵਰਕਰਾਂ ਦੀ ਮੱਦਦ ਨਾਲ ਲੋੜਵੰਦਾਂ ਤੱਕ ਪਹੁੰਚਾਈ ਜਾ ਰਹੀ ਹੈ।














