04 ਅਪ੍ਰੈਲ 2025 ਅੱਜ ਦੀ ਆਵਾਜ਼
ਆਈ.ਜੀ. ਹੈੱਡਕੁਆਰਟਰ ਡਾ. ਸੁਖਚੈਨ ਸਿੰਘ ਗਿੱਲ, ਆਈ.ਪੀ.ਐਸ ਨੇ ਜਾਣਕਾਰੀ ਦਿੱਤੀ ਹੈ ਕਿ ਬਠਿੰਡਾ ਵਿਖੇ ਮਹਿਲਾ ਕਾਂਸਟੇਬਲ ਅਮਨਦੀਪ ਕੌਰ ਨੂੰ ਨੌਕਰੀ ਤੋਂ ਬਰਖਾਸਤ ਕਰ ਦਿੱਤਾ ਗਿਆ ਹੈ। ਅਮਨਦੀਪ ਕੌਰ ਨੂੰ ਬਠਿੰਡਾ ਵਿੱਚ 17.7 ਗ੍ਰਾਮ ਹੈਰੋਇਨ ਸਮੇਤ ਗ੍ਰਿਫਤਾਰ ਕੀਤਾ ਗਿਆ ਸੀ। ਇਹ ਗਿਰਫਤਾਰੀ ਜ਼ਿਲ੍ਹਾ ਪੁਲਿਸ ਵੱਲੋਂ ਬਾਦਲ ਰੋਡ ਉਤੇ ਓਵਰ ਬ੍ਰਿਜ ਨੇੜੇ ਕੀਤੀ ਗਈ, ਜਦੋਂ ਇੱਕ ਕਾਲੀ ਥਾਰ ਗੱਡੀ ਦੀ ਤਲਾਸ਼ੀ ਦੌਰਾਨ ਮਾਦਕ ਪਦਾਰਥ ਬਰਾਮਦ ਹੋਇਆ। ਡੀਐਸਪੀ ਹਰਬੰਸ ਸਿੰਘ ਮੁਤਾਬਕ, ਨਾਕਾਬੰਦੀ ਦੌਰਾਨ ਪੁਲਿਸ ਨੇ ਗੱਡੀ ਰੋਕੀ, ਜਿਸਨੂੰ ਇੱਕ ਮਹਿਲਾ ਚਲਾ ਰਹੀ ਸੀ। ਪੁੱਛਗਿੱਛ ਦੌਰਾਨ ਉਸਨੇ ਆਪਣਾ ਨਾਮ ਅਮਨਦੀਪ ਕੌਰ, ਵਾਸੀ ਚੱਕ ਫਤਿਹ ਸਿੰਘ ਵਾਲਾ ਦੱਸਿਆ। ਉਕਤ ਮਹਿਲਾ ਕਾਂਸਟੇਬਲ ਮਾਨਸਾ ਜ਼ਿਲ੍ਹੇ ਵਿਚ ਤਾਇਨਾਤ ਸੀ, ਪਰ ਇਸ ਸਮੇਂ ਬਠਿੰਡਾ ਪੁਲਿਸ ਲਾਈਨ ਵਿਚ ਡਿਊਟੀ ਕਰ ਰਹੀ ਸੀ। ਪੁਲਿਸ ਨੇ ਅਮਨਦੀਪ ਕੌਰ ਨੂੰ ਮੌਕੇ ਉੱਤੇ ਹੀ ਗ੍ਰਿਫਤਾਰ ਕਰ ਲਿਆ ਅਤੇ ਹੁਣ ਉਸਨੂੰ ਨੌਕਰੀ ਵਿੱਚੋਂ ਵੀ ਬਰਖਾਸਤ ਕਰ ਦਿੱਤਾ ਗਿਆ ਹੈ।
