ਨਵੀਂ ਦਿੱਲੀ: 30 Mar 2026 AJ DI Awaaj
National Desk : ਰਾਸ਼ਟਰੀ ਰਾਜਮਾਰਗਾਂ ‘ਤੇ ਯਾਤਰਾ ਕਰਨ ਵਾਲੇ ਵਾਹਨ ਚਾਲਕਾਂ ਲਈ ਅਹਿਮ ਖਬਰ ਹੈ। ਭਾਰਤੀ ਰਾਸ਼ਟਰੀ ਰਾਜਮਾਰਗ ਅਥਾਰਟੀ (NHAI) ਵੱਲੋਂ 1 ਅਪ੍ਰੈਲ 2026 ਤੋਂ FASTag ਸਾਲਾਨਾ ਪਾਸ ਦੀ ਕੀਮਤ ਵਿੱਚ ਵਾਧਾ ਕਰਨ ਦਾ ਫੈਸਲਾ ਕੀਤਾ ਗਿਆ ਹੈ।
ਮੌਜੂਦਾ ਸਮੇਂ ਇਹ ਪਾਸ ₹3,000 ਵਿੱਚ ਮਿਲਦਾ ਹੈ, ਪਰ ਨਵੀਂ ਦਰਾਂ ਲਾਗੂ ਹੋਣ ਤੋਂ ਬਾਅਦ ਇਸਦੀ ਕੀਮਤ ₹3,075 ਹੋ ਜਾਵੇਗੀ, ਜਿਸ ਨਾਲ ₹75 ਦਾ ਵਾਧਾ ਹੋਵੇਗਾ। ਇਹ ਨਵੀਆਂ ਦਰਾਂ ਵਿੱਤੀ ਸਾਲ 2026-27 ਦੀ ਸ਼ੁਰੂਆਤ ਨਾਲ ਹੀ ਦੇਸ਼ ਭਰ ਵਿੱਚ ਲਾਗੂ ਹੋਣਗੀਆਂ।
FASTag ਸਾਲਾਨਾ ਪਾਸ ਦੀ ਸ਼ੁਰੂਆਤ 15 ਅਗਸਤ 2025 ਨੂੰ ਹੋਈ ਸੀ ਅਤੇ ਇਸ ਤੋਂ ਬਾਅਦ ਇਹ ਨਿੱਜੀ ਵਾਹਨ ਮਾਲਕਾਂ ਵਿੱਚ ਕਾਫ਼ੀ ਲੋਕਪ੍ਰਿਯ ਹੋ ਗਿਆ ਹੈ। ਇਸ ਵੇਲੇ ਲਗਭਗ 56 ਲੱਖ ਵਾਹਨ ਇਸਦੀ ਵਰਤੋਂ ਕਰ ਰਹੇ ਹਨ, ਜਿਸ ਨਾਲ ਟੋਲ ਪਲਾਜ਼ਾ ‘ਤੇ ਬਿਨਾਂ ਰੁਕਾਵਟ ਭੁਗਤਾਨ ਕੀਤਾ ਜਾ ਸਕਦਾ ਹੈ।
ਹਾਲਾਂਕਿ ਵਾਹਨ ਚਾਲਕਾਂ ਲਈ ਅਜੇ ਵੀ ਬਚਤ ਦਾ ਮੌਕਾ ਹੈ। ਜੇਕਰ ਤੁਸੀਂ 31 ਮਾਰਚ 2026 ਰਾਤ 11:59 ਵਜੇ ਤੱਕ ਇਹ ਪਾਸ ਖਰੀਦ ਜਾਂ ਰਿਨਿਊ ਕਰ ਲੈਂਦੇ ਹੋ, ਤਾਂ ਤੁਸੀਂ ਪੁਰਾਣੀ ਕੀਮਤ ₹3,000 ‘ਤੇ ਹੀ ਇਸਨੂੰ ਪ੍ਰਾਪਤ ਕਰ ਸਕਦੇ ਹੋ ਅਤੇ ₹75 ਦੀ ਸਿੱਧੀ ਬਚਤ ਕਰ ਸਕਦੇ ਹੋ।
ਘਰ ਬੈਠੇ ਵੀ FASTag ਸਾਲਾਨਾ ਪਾਸ ਖਰੀਦਿਆ ਜਾ ਸਕਦਾ ਹੈ। ਇਸ ਲਈ ਤੁਸੀਂ NHAI ਦੀ ਅਧਿਕਾਰਤ ਵੈੱਬਸਾਈਟ ਜਾਂ ‘Rajmarg Yatra’ ਮੋਬਾਈਲ ਐਪ ਰਾਹੀਂ ਲੌਗਇਨ ਕਰਕੇ ਆਪਣੀ ਜਾਣਕਾਰੀ ਭਰੋ, ਭੁਗਤਾਨ ਕਰੋ ਅਤੇ ਪਾਸ ਤੁਰੰਤ ਐਕਟਿਵ ਕਰ ਸਕਦੇ ਹੋ।
ਇਹ ਵਾਧਾ ਉਨ੍ਹਾਂ ਲੱਖਾਂ ਯੂਜ਼ਰਾਂ ਨੂੰ ਪ੍ਰਭਾਵਿਤ ਕਰੇਗਾ ਜੋ ਰੋਜ਼ਾਨਾ ਜਾਂ ਬਾਰ-ਬਾਰ ਰਾਸ਼ਟਰੀ ਰਾਜਮਾਰਗਾਂ ਦੀ ਵਰਤੋਂ ਕਰਦੇ ਹਨ।












