ਅੱਜ ਕਿਸਾਨ ਚੰਡੀਗੜ੍ਹ ਵੱਲ ਰਵਾਨਾ ਹੋਣਗੇ

14

5 ਮਾਰਚ 2025 Aj Di Awaaj

ਸੰਯੁਕਤ ਕਿਸਾਨ ਮੋਰਚਾ ਅੱਜ ਤੋਂ ਚੰਡੀਗੜ੍ਹ ਵਿੱਚ ਪੱਕਾ ਮੋਰਚਾ ਲਗਾ ਕੇ ਵਿਰੋਧ ਪ੍ਰਦਰਸ਼ਨ ਕਰਨ ਜਾ ਰਿਹਾ ਹੈ। ਇਸ ਲਈ, ਕਿਸਾਨ ਟਰੈਕਟਰ-ਟਰਾਲੀਆਂ ਰਾਹੀਂ ਚੰਡੀਗੜ੍ਹ ਵੱਲ ਕੂਚ ਕਰਨਗੇ। ਉਨ੍ਹਾਂ ਦੀ ਯੋਜਨਾ ਚੰਡੀਗੜ੍ਹ ਦੇ ਸੈਕਟਰ-34 ਵਿੱਚ ਧਰਨਾ ਦੇਣ ਦੀ ਹੈ, ਪਰ ਅਜੇ ਤੱਕ ਚੰਡੀਗੜ੍ਹ ਪ੍ਰਸ਼ਾਸਨ ਵੱਲੋਂ ਇਜਾਜ਼ਤ ਨਹੀਂ ਮਿਲੀ।ਇਸ ਤੋਂ ਪਹਿਲਾਂ, ਮੰਗਲਵਾਰ ਨੂੰ ਪੁਲਿਸ ਨੇ ਕਈ ਪ੍ਰਮੁੱਖ ਕਿਸਾਨ ਆਗੂਆਂ ਨੂੰ ਹਿਰਾਸਤ ਵਿੱਚ ਲੈ ਕੇ ਉਨ੍ਹਾਂ ਨੂੰ ਘਰਾਂ ਵਿੱਚ ਨਜ਼ਰਬੰਦ ਕਰ ਦਿੱਤਾ ਸੀ। ਕਿਸਾਨ ਆਗੂ ਜੋਗਿੰਦਰ ਸਿੰਘ ਉਗਰਾਹਾਂ ਨੇ ਇਕ ਵੀਡੀਓ ਜਾਰੀ ਕਰਦੇ ਹੋਏ ਕਿਸਾਨਾਂ ਨੂੰ ਅਪੀਲ ਕੀਤੀ ਕਿ ਜਿੱਥੇ ਵੀ ਪੁਲਿਸ ਰੋਕੇ, ਉੱਥੇ ਹੀ ਸੜਕ ਕਿਨਾਰੇ ਬੈਠ ਜਾਣ। ਉਨ੍ਹਾਂ ਨੇ ਜ਼ੋਰ ਦਿੱਤਾ ਕਿ ਕਿਸਾਨ ਸੰਘਰਸ਼ ਟਕਰਾਅ ਲਈ ਨਹੀਂ, ਸਾਂਤਮਈ ਢੰਗ ਨਾਲ ਆਪਣੀ ਮੰਗ ਰਖਣ ਲਈ ਕਰ ਰਹੇ ਹਨ। ਉਨ੍ਹਾਂ ਨੇ ਦੋਸ਼ ਲਗਾਇਆ ਕਿ ਪੰਜਾਬ ਪੁਲਿਸ ਕਿਸਾਨਾਂ ਨੂੰ ਬਦਨਾਮ ਕਰਨ ਦੀ ਸਾਜ਼ਿਸ਼ ਰਚ ਰਹੀ ਹੈ। ਇਸ ਦੌਰਾਨ, ਚੰਡੀਗੜ੍ਹ ਪੁਲਿਸ ਨੇ ਸ਼ਹਿਰ ਦੀਆਂ ਸਰਹੱਦਾਂ ਨੂੰ ਸੀਲ ਕਰਨਾ ਸ਼ੁਰੂ ਕਰ ਦਿੱਤਾ ਹੈ। ਸੁਰੱਖਿਆ ਵਧਾਉਣ ਲਈ 1,500 ਕਰਮਚਾਰੀ ਤਾਇਨਾਤ ਕੀਤੇ ਗਏ ਹਨ ਅਤੇ ਰਿਜ਼ਰਵ ਫੋਰਸ ਵੀ ਮੁਹੱਈਆ ਕਰਵਾਈ ਜਾ ਰਹੀ ਹੈ। ਇਸ ਤੋਂ ਪਹਿਲਾਂ, ਚੰਡੀਗੜ੍ਹ ਪੁਲਿਸ ਵੱਲੋਂ ਟਰੈਫਿਕ ਐਡਵਾਈਜ਼ਰੀ ਜਾਰੀ ਕਰਕੇ ਲੋਕਾਂ ਨੂੰ 12 ਸੜਕਾਂ ਤੋਂ ਦੂਰ ਰਹਿਣ ਦੀ ਸਲਾਹ ਦਿੱਤੀ ਗਈ ਸੀ।