ਤਰਨ ਤਾਰਨ, 30 ਮਈ 2025 Aj DI Awaaj
ਮੁੱਖ ਖੇਤੀਬਾੜੀ ਅਫਸਰ ਤਰਨ ਤਰਨ ਡਾ ਜਸਵਿੰਦਰ ਸਿੰਘ ਦੇ ਦਿਸ਼ਾ ਨਿਰਦੇਸ਼ ਤਹਿਤ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਦੁਆਰਾ ਝੋਨੇ, ਬਾਸਮਤੀ ਦੀ ਸਿੱਧੀ ਬਿਜਾਈ ਅਪਣਾਉਣ ਵਾਲੇ ਕਿਸਾਨਾਂ ਨੂੰ ਤਕਨੀਕੀ ਜਾਣਕਾਰੀ ਦੇਣ ਹਿੱਤ ਬਲਾਕ ਪੱਧਰੀ ਕਿਸਾਨ ਸਿਖਲਾਈ ਕੈਂਪ ਦਾ ਆਯੋਜਨ ਪੱਟੀ ਵਿਖੇ ਕੀਤਾ ਗਿਆ। ਇਸ ਮੌਕੇ ਬਲਾਕ ਖੇਤੀਬਾੜੀ ਅਫਸਰ ਪੱਟੀ ਡਾ ਭੁਪਿੰਦਰ ਸਿੰਘ , ਗੁਰਬਰਿੰਦਰ ਸਿੰਘ ਏ ਡੀ ਓ, ਹਰਮਨਦੀਪ ਕੌਰ ਏ ਡੀ ਓ, ਮਨਮੋਹਨ ਸਿੰਘ ਏ ਈ ਓ , ਦਇਆਪ੍ਰੀਤ ਸਿੰਘ ਏ ਈ ਓ, ਗੁਰਪ੍ਰੀਤ ਸਿੰਘ ਬੀ ਟੀ ਐਮ ਅਤੇ ਪੀ ਏ ਯੂ ਲੁਧਿਆਣਾ ਦੇ ਤਰਨ ਤਾਰਨ ਸਥਿਤ ਜ਼ਿਲ੍ਹਾ ਪ੍ਰਸਾਰ ਮਾਹਿਰ ਡਾ ਪਰਮਿੰਦਰ ਸਿੰਘ ਸੰਧੂ, ਡਾ ਪਰਮਿੰਦਰ ਕੌਰ ਅਤੇ ਡਾ ਸਵਰੀਤ ਖਹਿਰਾ ਨੇ ਝੋਨੇ, ਬਾਸਮਤੀ ਦੀ ਸਿੱਧੀ ਬਿਜਾਈ, ਫਲਦਾਰ ਬੂਟਿਆਂ, ਘਰੇਲੂ ਬਗੀਚੀ ਅਤੇ ਖੇਤੀ ਸਹਾਇਕ ਧੰਦਿਆਂ ਬਾਰੇ ਤਕਨੀਕੀ ਜਾਣਕਾਰੀ ਦਿੱਤੀ।
ਇਸ ਮੌਕੇ ਡਾ ਭੁਪਿੰਦਰ ਸਿੰਘ ਬਲਾਕ ਖੇਤੀਬਾੜੀ ਅਫਸਰ ਪੱਟੀ ਨੇ ਕਿਹਾ ਕਿ ਖੇਤੀ ਦੌਰਾਨ ਕੁਦਰਤ ਨੂੰ ਅਣਗੌਲਿਆਂ ਮਿੱਟੀ ਦੇ ਉਪਜਾਊ ਪਣ ਘਟਣ ਨਾਲ ਖਾਦਾਂ ਦੀ ਖਪਤ ਵੱਧ ਜਾਂਦੀ ਹੈ, ਜਦ ਕਿ ਪਾਣੀ ਦੇ ਡੂੰਘੇ ਹੋਣ ਨਾਲ ਬਿਜਲੀ ਦੀ ਖਪਤ ਦੇ ਨਾਲ ਨਾਲ ਸਮਰਸੀਬਲ ਮੋਟਰਾਂ ਰਾਹੀ ਕਿਸਾਨੀ ਦੀ ਜੇਬ ਤੇ ਭਾਰੀ ਬੋਝ ਪੈ ਜਾਂਦਾ ਹੈ। ਇਸ ਵਰਤਾਰੇ ਨੂੰ ਰੋਕਣ ਲਈ ਸਾਨੂੰ ਅਜਿਹੇ ਢੰਗ ਤਰੀਕੇ ਅਪਣਾਉਣੇ ਚਾਹੀਦੇ ਹਨ, ਜਿਸ ਨਾਲ ਕੁਦਰਤੀ ਸੋਮੇ- ਮਿੱਟੀ, ਪਾਣੀ ,ਹਵਾ ਅਤੇ ਜੈਵਿਕ ਵੰਨ ਸੁਵੰਨਤਾ ਦੀ ਸਲਾਮਤੀ ਬਣੀ ਰਹੇ। ਇਸ ਮੌਕੇ ਸਾਇੰਸਦਾਨਾਂ ਅਤੇ ਸਿੱਧੀ ਬਿਜਾਈ ਕਰ ਰਹੇ ਕਿਸਾਨਾਂ ਨੇ ਸਹਿਮਤੀ ਪ੍ਰਗਟਾਈ ਕਿ ਰਵਾਇਤੀ ਕੱਦੂ ਤਕਨੀਕ ਦੇ ਮੁਕਾਬਲੇ ਸਿੱਧੀ ਬਿਜਾਈ ਵਧੀਆ ਅਤੇ ਸੌਖੀ ਤਕਨੀਕ ਹੈ। ਇਸ ਨਾਲ 10 ਤੋਂ 20 ਪ੍ਰਤੀਸ਼ਤ ਪਾਣੀ ਦੀ ਬੱਚਤ ਅਤੇ ਬਰਸਾਤਾਂ ਦੌਰਾਨ ਵਾਧੂ ਪਾਣੀ ਰਿਚਾਰਜ ਹੋ ਜਾਂਦਾ ਹੈ। ਇਸ ਤਕਨੀਕ ਨਾਲ ਮਜ਼ਦੂਰੀ ਦੀ ਬੱਚਤ ਤੋਂ ਇਲਾਵਾ ਫਸਲ ਨੂੰ ਘੱਟ ਬਿਮਾਰੀ ਲੱਗਦੀ ਹੈ। ਨਾਲ ਦੀ ਨਾਲ ਅਗਲੀ ਬੀਜੀ ਜਾਣ ਵਾਲੀ ਕਣਕ ਦੀ ਫਸਲ ਦਾ ਝਾੜ ਵੀ ਪ੍ਰਤੀ ਏਕੜ ਜਿਆਦਾ ਹੁੰਦਾ ਹੈ । ਸਿੱਧੀ ਬਿਜਾਈ ਤੋਂ ਚੰਗੇ ਨਤੀਜੇ ਲੈਣ ਲਈ ਤਕਨੀਕੀ ਨੁਕਤੇ ਸਾਂਝੇ ਕਰਦਿਆਂ ਜਾਣਕਾਰੀ ਦਿੱਤੀ ਕਿ ਝੋਨੇ ਦੀ ਸਿੱਧੀ ਬਿਜਾਈ ਜੂਨ ਦੇ ਪਹਿਲੇ ਪੰਦਰਵਾੜੇ ਅਤੇ ਘੱਟ ਸਮਾਂ ਲੈਣ ਵਾਲੀਆਂ ਕਿਸਮਾਂ ਪੀਆਰ 126 ਅਤੇ ਪੂਸਾ ਬਾਸਮਤੀ 1509 ਦੀ ਬਿਜਾਈ ਦੂਜੇ ਪੰਦਰਵਾੜੇ ਤੱਕ ਕੀਤੀ ਜਾ ਸਕਦੀ ਹੈ ਹੈ। ਬੀਜ ਨੂੰ ਪੋਟਾਸ਼ੀਅਮ ਨਾਈਟ੍ਰੇਟ ਅਤੇ ਸਪਰਿੰਟ ਦਵਾਈ ਨਾਲ ਸੋਧ ਲੈਣ ਉਪਰੰਤ ਬੀਜ਼ ਅਤੇ ਮਿੱਟੀ ਤੋਂ ਲੱਗਣ ਵਾਲੀਆਂ ਬਿਮਾਰੀਆਂ ਤੋਂ ਬਚਾ ਕੀਤਾ ਜਾ ਸਕਦਾ ਹੈ। ਨਦੀਨਾਂ ਦੀ ਰੋਕਥਾਮ ਸਬੰਧੀ ਤਰ ਵੱਤਰ ਖੇਤਾਂ ਵਿੱਚ ਬਿਜਾਈ ਸਮੇਂ ਅਤੇ ਸੁੱਕੇ ਖੇਤਾਂ ਵਿੱਚ ਪਾਣੀ ਲਾਉਣ ਤੋਂ ਬਾਅਦ ਪੈਂਡੀਮੈਥਾਲੀਨ 30 ਈ ਸੀ ਜਾਂ ਪੇਪੇ 25 ਐਸਈ ਦਾ ਛਿੜਕਾਅ ਕਰਨ ਨਾਲ ਫਸਲ ਮੁੱਢਲੇ ਦਿਨਾਂ ਵਿੱਚ ਨਦੀਨ ਰਹਿਤ ਰਹਿੰਦੀ ਹੈ ।
ਖੜੀ ਫ਼ਸਲ ਵਿੱਚ ਜੇ ਨਦੀਨਾਂ ਦੀ ਸਮੱਸਿਆ ਆਉਂਦੀ ਹੈ, ਤਾਂ ਨਦੀਨ ਨਾਸ਼ਕਾਂ ਦੀ ਚੋਣ ਖੇਤ ਵਿੱਚ ਉੱਗੇ ਨਦੀਨਾਂ ਦੀ ਕਿਸਮ ਦੇ ਆਧਾਰ ਤੇ ਮਾਹਿਰਾਂ ਦੀ ਸਲਾਹ ਨਾਲ ਕੀਤੀ ਜਾਵੇ ਅਤੇ ਛਿੜਕਾਅ ਸਮੇਂ ਨਦੀਨ ਦੋ ਤਿੰਨ ਪੱਤਿਆਂ ਦੀ ਅਵਸਥਾ ਤੋਂ ਵੱਡੇ ਨਾ ਹੋਣ। ਇਸ ਮੌਕੇ ਜਾਣਕਾਰੀ ਦਿੱਤੀ ਗਈ ਕਿ ਜੇਕਰ ਕੋਈ ਕਿਸਾਨ ਝੋਨੇ ਦੇ ਬਜਾਏ ਸਾਉਣੀ ਦੀ ਮੱਕੀ ਦੀ ਕਾਸ਼ਤ ਕਰਦਾ ਹੈ, ਤਾਂ ਪ੍ਰਤੀ ਏਕੜ 4 ਹਜਾਰ ਰੁਪਏ ਅਤੇ ਜੇਕਰ ਕੋਈ ਕਿਸਾਨ ਰਵਾਇਤੀ ਤਕਨੀਕ ਦੀ ਬਜਾਏ ਸਿੱਧੀ ਬਿਜਾਈ ਕਰੇਗਾ, ਤਾਂ ਉਸ ਨੂੰ ਪ੍ਰਤੀ ਏਕੜ 1500 ਰੁਪਏ ਪ੍ਰੋਤਸਾਹਨ ਰਾਸ਼ੀ ਮਿਲੇਗੀ।
ਇਸ ਦੌਰਾਨ ਖਾਦਾਂ ਦੀ ਵਰਤੋਂ ਮਿੱਟੀ ਪਰਖ ਅਨੁਸਾਰ ਕਰਨ ਦੀ ਸਲਾਹ ਦਿੰਦੇ ਦੱਸਿਆਂ ਕਿ ਜੇਕਰ ਕਣਕ ਨੂੰ ਸਿਫਾਰਿਸ਼ ਕੀਤੀ ਫਾਸਫੋਰਸ ਦੀ ਖਾਦ ਪਾਈ ਹੋਵੇ, ਤਾਂ ਝੋਨੇ ਨੂੰ ਫਾਸਫੋਰਸ ਖਾਦ ਪਾਉਣ ਦੀ ਲੋੜ ਨਹੀਂ। ਇਸ ਮੌਕੇ ਝੋਨੇ ਦੀ ਸਿੱਧੀ ਬਿਜਾਈ ਕਰ ਰਹੇ ਕਿਸਾਨਾਂ ਨੇ ਵੀ ਤਜਰਬੇ ਸਾਂਝੇ ਕੀਤੇ।
