ਬਰਨਾਲਾ, 30 ਜੁਲਾਈ 2025 AJ Di Awaaj
Punjab Desk : ਜ਼ਿਲ੍ਹਾ ਬਰਨਾਲਾ ਵਿੱਚ ਪਰਾਲੀ ਪ੍ਰਬੰਧਨ ਲਈ ਕੀਤੇ ਜਾ ਰਹੇ ਉਪਰਾਲਿਆਂ ਬਾਰੇ ਖ਼ਾਸ ਕਰਕੇ ਸਬਸਿਡੀ ਵਾਲੀ ਮਸ਼ੀਨਰੀ ਅਤੇ ਲੱਕੀ ਡਰਾਅ ਸਕੀਮ ਬਾਰੇ ਕਿਸਾਨਾਂ ਨੂੰ ਵੱਧ ਤੋਂ ਵੱਧ ਜਾਗਰੂਕ ਕੀਤਾ ਜਾਵੇ।
ਇਹ ਪ੍ਰਗਟਾਵਾ ਡਿਪਟੀ ਕਮਿਸ਼ਨਰ ਬਰਨਾਲਾ ਸ੍ਰੀ ਟੀ ਬੈਨਿਥ ਨੇ ਖੇਤੀਬਾੜੀ ਵਿਭਾਗ ਦੀ ਮਹੀਨਾਵਾਰ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਕੀਤਾ।
ਉਨ੍ਹਾਂ ਦੱਸਿਆ ਕਿ ਜ਼ਿਲ੍ਹਾ ਬਰਨਾਲਾ ਵਿੱਚ ਕਿਸਾਨਾਂ ਨੂੰ ਉਤਸ਼ਾਹਿਤ ਕਰਨ ਲਈ ਲੱਕੀ ਡਰਾਅ ਸ਼ੁਰੂ ਕੀਤਾ ਗਿਆ ਹੈ ਜਿਸ ਤਹਿਤ ਪਰਾਲੀ ਪ੍ਰਬੰਧਨ ਵਾਲੇ 25 ਕਿਸਾਨਾਂ ਨੂੰ 1 ਲੱਖ ਦੀ ਇਨਾਮ ਦਿੱਤਾ ਜਾਵੇਗਾ। ਇਸ ਵਾਸਤੇ ਕਿਸਾਨ ਖੇਤੀਬਾੜੀ ਵਿਭਾਗ ਨਾਲ ਸੰਪਰਕ ਕਰਕੇ ਆਪਣੇ ਆਪ ਨੂੰ ਰਜਿਸਟਰਡ ਕਰਨ।
ਇਸ ਮੌਕੇ ਖੇਤੀਬਾੜੀ ਅਫ਼ਸਰ ਬਰਨਾਲਾ ਡਾ. ਧਰਮਵੀਰ ਸਿੰਘ ਨੇ ਕਿਹਾ ਕਿ ਜ਼ਿਲ੍ਹਾ ਬਰਨਾਲਾ ਵਿੱਚ ਡੀ ਏ ਪੀ ਜਾਂ ਯੂਰੀਆ ਦੀ ਕੋਈ ਕਮੀ ਨਹੀਂ ਹੈ, ਕਿਸਾਨਾਂ ਨੂੰ ਘਬਰਾਉਣ ਦੀ ਲੋੜ ਨਹੀਂ। ਓਨ੍ਹਾਂ ਕਿਹਾ ਕਿ ਸਹਿਕਾਰੀ ਸੋਸਾਇਟੀਆਂ ਵਿੱਚ ਢੁਕਵੀਂ ਮਾਤਰਾ ਵਿਚ ਖਾਦ ਉਪਲੱਭਧ ਕਾਰਵਾਈ ਜਾ ਰਹੀ ਹੈ।
ਡਿਪਟੀ ਕਮਿਸ਼ਨਰ ਵਲੋਂ ਸਹਿਕਾਰੀ ਸੇਵਾਵਾਂ, ਬਾਗ਼ਬਾਨੀ, ਮੱਛੀ ਪਾਲਣ, ਡੇਅਰੀ ਵਿਭਾਗ ਦੀਆਂ ਸਕੀਮਾਂ ਦੀ ਪ੍ਰਗਤੀ ਦਾ ਜਾਇਜ਼ਾ ਵੀ ਲਿਆ ਗਿਆ।
ਇਸ ਤੋਂ ਇਲਾਵਾ ਡਿਪਟੀ ਕਮਿਸ਼ਨਰ ਵਲੋਂ ਸਮਾਜਿਕ ਨਿਆਂ ਅਤੇ ਅਧਿਕਾਰਤਾ ਵਿਭਾਗ ਦੀ ਆਸ਼ੀਰਵਾਦ ਸਕੀਮ ਅਤੇ ਵੱਖ ਵੱਖ ਕਰਜ਼ਾ ਸਕੀਮਾਂ ਦਾ ਜਾਇਜ਼ਾ ਲਿਆ। ਓਨ੍ਹਾਂ ਐੱਸ ਸੀ ਕਾਰਪੋਰੇਸ਼ਨ ਵਿਭਾਗ ਦੀਆਂ ਕਰਜ਼ਾ ਸਕੀਮਾਂ ਬਾਰੇ ਲੋਕਾਂ ਨੂੰ ਵੱਧ ਤੋਂ ਵੱਧ ਜਾਗਰੂਕ ਕਰਨ ਅਤੇ ਲਾਹਾ ਦੇਣ ਦੇ ਨਿਰਦੇਸ਼ ਦਿੱਤੇ।
ਉਨ੍ਹਾਂ ਸਮਾਜਿਕ ਸੁਰੱਖਿਆ ਵਿਭਾਗ ਦੀਆਂ ਪੈਨਸ਼ਨ ਸਕੀਮਾਂ ਅਤੇ ਬਿਰਧ ਆਸ਼ਰਮ ਬਾਰੇ ਸਹੂਲਤਾਂ ਦਾ ਵੀ ਜਾਇਜ਼ਾ ਲਿਆ। ਓਨ੍ਹਾਂ ਐੱਸ ਐਮ ਓ ਤਪਾ ਨੂੰ ਹਫਤੇ ਵਿੱਚ ਇੱਕ ਦਿਨ ਬਿਰਧ ਆਸ਼ਰਮ ਲਈ ਐਂਬੂਲੈਂਸ ਭੇਜਣ ਦੇ ਨਿਰਦੇਸ਼ ਦਿੱਤੇ ਤਾਂ ਜੋ ਬਜ਼ੁਰਗਾਂ ਨੂੰ ਚੈੱਕਅੱਪ ਲਈ ਲਿਜਾਇਆ ਜਾ ਸਕੇ।
ਇਸ ਤੋਂ ਇਲਾਵਾ ਉਨ੍ਹਾਂ ਪ੍ਰੋਜੈਕਟ ਜੀਵਨਜੋਤ ਦਾ ਵੀ ਜਾਇਜ਼ਾ ਲਿਆ ਜਿਸ ਤਹਿਤ ਚੈਕਿੰਗ ਕੀਤੀ ਜਾ ਰਹੀ ਹੈ ਤਾਂ ਬਾਲ ਭੀਖ ਰੋਕੀ ਜਾ ਸਕੇ ਅਤੇ ਬੱਚਿਆਂ ਦਾ ਸਕੂਲ ਜਾਣਾ ਯਕੀਨੀ ਬਣਾਇਆ ਜਾ ਸਕੇ। ਓਨ੍ਹਾਂ ਭਾਸ਼ਾ ਵਿਭਾਗ ਦੇ ਅਧਿਕਾਰੀਆਂ ਨਾਲ ਵੀ ਮੀਟਿੰਗ ਕੀਤੀ।
ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ (ਜ) ਮੈਡਮ ਅਨੁਪ੍ਰਿਤਾ ਜੌਹਲ, ਸਹਾਇਕ ਕਮਿਸ਼ਨਰ (ਅੰਡਰ ਟ੍ਰੇਨਿੰਗ) ਸ਼ੀਵਾਂਸ਼ ਰਾਠੀ, ਖੇਤੀਬਾੜੀ ਅਫ਼ਸਰ ਡਾ. ਧਰਮਵੀਰ ਸਿੰਘ, ਜ਼ਿਲ੍ਹਾ ਸਮਾਜਿਕ ਨਿਆਂ ਅਫ਼ਸਰ ਗੁਰਿੰਦਰਜੀਤ ਸਿੰਘ, ਜ਼ਿਲ੍ਹਾ ਸਮਾਜਿਕ ਸੁਰੱਖਿਆ ਅਫ਼ਸਰ ਤੇਅਵਾਸਪ੍ਰੀਤ ਕੌਰ, ਜ਼ਿਲ੍ਹਾ ਬਾਲ ਸੁਰੱਖਿਆ ਅਫ਼ਸਰ ਗੁਰਜੀਤ ਕੌਰ, ਜ਼ਿਲ੍ਹਾ ਭਾਸ਼ਾ ਅਫ਼ਸਰ ਕੀਰਤੀ ਪਾਲ, ਡੀ ਆਰ ਸਹਿਕਾਰੀ ਸੇਵਾਵਾਂ ਸਰਬੇਸ਼ਵਰ ਮੋਹੀ, ਜ਼ਿਲ੍ਹਾ ਮੱਛੀ ਪਾਲਣ ਅਫ਼ਸਰ ਚਰਨਜੀਤ ਕੌਰ ਅਤੇ ਹੋਰ ਅਧਿਕਾਰੀ ਹਾਜ਼ਰ ਸਨ।
