ਵਾਤਾਵਰਨ ਨੂੰ ਦੂਸ਼ਿਤ ਹੋਣ ਤੋਂ ਬਚਾਉਣ ਲਈ ਪਰਾਲੀ ਨੂੰ ਲੱਗ ਨਾ ਲਗਾਉਣ ਕਿਸਾਨ : ਡਿਪਟੀ ਕਮਿਸ਼ਨਰ

36

ਹੁਸ਼ਿਆਰਪੁਰ, 23 ਮਈ 2025 Aj Di Awaaj
ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ, ਪੰਜਾਬ ਵੱਲੋਂ ਅੱਜ ਹੁਸ਼ਿਆਰਪੁਰ ਦੇ ਸਿਟੀ ਸੈਂਟਰ ਵਿਖੇ ਜ਼ਿਲ੍ਹਾ ਪੱਧਰੀ ਕਿਸਾਨ ਮੇਲਾ ਲਗਾਇਆ ਗਿਆ। ਇਹ ਮੇਲਾ ਵਿਭਾਗ ਦੇ ਡਾਇਰੈਕਟਰ ਦੇ ਦਿਸ਼ਾ-ਨਿਰਦੇਸ਼ਾਂ ਹੇਠ ਕਿਸਾਨਾਂ ਨੂੰ ਸਾਉਣੀ ਦੀਆਂ ਫਸਲਾਂ ਨਾਲ ਸਬੰਧਤ ਨਵੀਨਤਮ ਤਕਨੀਕਾਂ ਅਤੇ ਸਰਕਾਰੀ ਯੋਜਨਾਵਾਂ ਬਾਰੇ ਜਾਣਕਾਰੀ ਪ੍ਰਦਾਨ ਕਰਨ ਲਈ ਆਯੋਜਿਤ ਕੀਤਾ ਗਿਆ ਸੀ।
ਮੇਲੇ ਦਾ ਉਦਘਾਟਨ ਡਿਪਟੀ ਕਮਿਸ਼ਨਰ ਆਸ਼ਿਕਾ ਜੈਨ ਨੇ ਮੁੱਖ ਮਹਿਮਾਨ ਵਜੋਂ ਕੀਤਾ। ਉਨ੍ਹਾਂ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਝੋਨੇ ਦੀ ਪਰਾਲੀ ਨਾ ਸਾੜਨ ਤਾਂ ਜੋ ਵਾਤਾਵਰਨ ਨੂੰ ਪ੍ਰਦੂਸ਼ਿਤ ਹੋਣ ਤੋਂ ਬਚਾਇਆ ਜਾ ਸਕੇ। ਉਨ੍ਹਾਂ ਵੱਖ-ਵੱਖ ਵਿਭਾਗਾਂ ਨੂੰ ਕਿਸਾਨਾਂ ਦੀਆਂ ਸਮੱਸਿਆਵਾਂ ਨੂੰ ਪਹਿਲ ਦੇ ਆਧਾਰ ‘ਤੇ ਹੱਲ ਕਰਨ ਅਤੇ ਕਿਸਾਨ-ਪੱਖੀ ਯੋਜਨਾਵਾਂ ਨੂੰ ਜ਼ਮੀਨੀ ਪੱਧਰ ‘ਤੇ ਲਾਗੂ ਕਰਨ ਲਈ ਹੋਰ ਯਤਨ ਕਰਨ ਦੇ ਨਿਰਦੇਸ਼ ਦਿੱਤੇ।
ਇਸ ਮੌਕੇ ਚੇਅਰਮੈਨ ਇੰਪਰੂਵਮੈਂਟ ਟਰੱਸਟ ਗੁਰਵਿੰਦਰ ਸਿੰਘ ਪਾਬਲਾ ਨੇ ਕਿਸਾਨਾਂ ਨੂੰ ਵਾਤਾਵਰਨ ਸੰਭਾਲ ਅਤੇ ਕੁਦਰਤੀ ਸਰੋਤਾਂ ਦੀ ਟਿਕਾਊ ਵਰਤੋਂ ਲਈ ਵਿਗਿਆਨੀਆਂ ਦੁਆਰਾ ਸੁਝਾਈਆਂ ਗਈਆਂ ਖੇਤੀਬਾੜੀ ਤਕਨੀਕਾਂ ਨੂੰ ਅਪਣਾਉਣ ਦੀ ਅਪੀਲ ਕੀਤੀ। ਮਾਰਕੀਟ ਕਮੇਟੀ ਦੇ ਚੇਅਰਮੈਨ ਜਸਪਾਲ ਸਿੰਘ ਚੇਚੀ ਨੇ ਕਿਹਾ ਕਿ ਅਜਿਹੇ ਮੇਲਿਆਂ ਰਾਹੀਂ ਕਿਸਾਨਾਂ ਨੂੰ ਨਾ ਸਿਰਫ਼ ਨਵੀਆਂ ਤਕਨੀਕਾਂ ਬਾਰੇ ਜਾਣਕਾਰੀ ਮਿਲਦੀ ਹੈ, ਸਗੋਂ ਉਨ੍ਹਾਂ ਦੇ ਤਜ਼ਰਬੇ ਖੇਤੀਬਾੜੀ ਖੇਤਰ ਵਿਚ ਖੋਜ ਨੂੰ ਦਿਸ਼ਾ ਵੀ ਪ੍ਰਦਾਨ ਕਰਦੇ ਹਨ।
ਸੰਯੁਕਤ ਨਿਰਦੇਸ਼ਕ ਜਲ ਵਿਗਿਆਨ ਡਾ. ਅਰੁਣ ਕੁਮਾਰ ਗੋਇਲ ਨੇ ਵਿਭਾਗੀ ਗਤੀਵਿਧੀਆਂ ‘ਤੇ ਚਾਨਣਾ ਪਾਇਆ ਅਤੇ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਵਿਭਾਗ ਵੱਲੋਂ ਪਰਾਲੀ ਪ੍ਰਬੰਧਨ ਲਈ ਮੁਹੱਈਆ ਕਰਵਾਈਆਂ ਜਾ ਰਹੀਆਂ ਖੇਤੀਬਾੜੀ ਮਸ਼ੀਨਾਂ ਦਾ ਲਾਭ ਉਠਾਉਣ। ਮੁੱਖ ਖੇਤੀਬਾੜੀ ਅਫ਼ਸਰ ਡਾ. ਦਵਿੰਦਰ ਸਿੰਘ ਨੇ ਮਿੱਟੀ ਪਰਖ ਅਨੁਸਾਰ ਖਾਦਾਂ ਦੀ ਵਰਤੋਂ ‘ਤੇ ਜ਼ੋਰ ਦਿੱਤਾ ਅਤੇ ਕਿਹਾ ਕਿ ਵਿਭਾਗ ਮਿਆਰੀ ਬੀਜਾਂ, ਖਾਦਾਂ ਅਤੇ ਖੇਤੀਬਾੜੀ ਰਸਾਇਣਾਂ ਦੀ ਉਪਲਬਧਤਾ ਨੂੰ ਯਕੀਨੀ ਬਣਾ ਰਿਹਾ ਹੈ।
ਖੇਤੀਬਾੜੀ ਵਿਗਿਆਨ ਕੇਂਦਰ ਦੇ ਮਾਹਿਰ ਡਾ. ਮਨਿੰਦਰ ਸਿੰਘ ਬੌਂਸ ਅਤੇ ਉਨ੍ਹਾਂ ਦੀ ਟੀਮ ਨੇ ਪਰਾਲੀ ਪ੍ਰਬੰਧਨ, ਸਬਜ਼ੀਆਂ ਦੇ ਉਤਪਾਦਨ, ਸੁਧਰੇ ਹੋਏ ਬੀਜ ਅਤੇ ਖੇਤੀ ਜੰਗਲਾਤ ਆਦਿ ਵਿਸ਼ਿਆਂ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ। ਇਸ ਮੇਲੇ ਵਿਚ ਜ਼ਿਲ੍ਹੇ ਦੇ ਵੱਖ-ਵੱਖ ਪਿੰਡਾਂ ਤੋਂ ਵੱਡੀ ਗਿਣਤੀ ਵਿਚ ਕਿਸਾਨਾਂ ਨੇ ਹਿੱਸਾ ਲਿਆ। ਮੇਲੇ ਵਿਚ ਸਵੈ-ਸਹਾਇਤਾ ਸਮੂਹਾਂ ਅਤੇ ਵਿਭਾਗਾਂ ਵੱਲੋਂ ਪ੍ਰਦਰਸ਼ਨੀ ਸਟਾਲ ਵੀ ਲਗਾਏ ਗਏ ਸਨ, ਜਿਨ੍ਹਾਂ ਦੀ ਕਿਸਾਨਾਂ ਵੱਲੋਂ ਭਰਪੂਰ ਸ਼ਲਾਘਾ ਕੀਤੀ ਗਈ।