ਸ੍ਰੀ ਮੁਕਤਸਰ ਸਾਹਿਬ, 25 ਮਾਰਚ 2026 AJ DI Awaaj
Punjab Desk : ਪੰਜਾਬ ਖੇਤੀਬਾੜੀ ਯੂਨੀਵਰਸਿਟੀ (ਪੀ.ਏ.ਯੂ) ਦੇ ਖੇਤਰੀ ਖੋਜ ਕੇਂਦਰ ਫਰੀਦਕੋਟ ਵੱਲੋਂ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ, ਸ੍ਰੀ ਮੁਕਤਸਰ ਸਾਹਿਬ ਦੇ ਸਹਿਯੋਗ ਨਾਲ ਅੱਜ ਪਿੰਡ ਰਾਮਗੜ੍ਹ ਚੁੰਘਾ ਵਿਖੇ ਨਰਮੇਂ ਦੀ ਫ਼ਸਲ ਨੂੰ ਕਾਮਯਾਬ ਕਰਨ ਲਈ ਜਾਗਰੂਕਤਾ ਕੈਂਪ ਆਯੋਜਿਤ ਕੀਤਾ ਗਿਆ। ਇਸ ਮੌਕੇ ਡਾ ਵਿਕਰਾਂਤ ਸਿੰਘ, ਕਾਟਨ ਬ੍ਰੀਡਰ, ਖੇਤਰੀ ਖੋਜ ਕੇਂਦਰ ਫਰੀਦਕੋਟ ਨੇ ਨਰਮੇਂ/ਕਪਾਹ ਦੀਆਂ ਕਿਸਮਾਂ ਸੰਬੰਧੀ ਕਿਸਾਨਾਂ ਨੂੰ ਜਾਣਕਾਰੀ ਦਿੱਤੀ ਅਤੇ ਸਿਫਾਰਸ਼ ਸ਼ੁਦਾ ਕਿਸਮਾਂ ਦੀ ਕਾਸ਼ਤ ਕਰਨ ਲਈ ਕਿਹਾI
ਡਾ. ਸਤਨਾਮ ਸਿੰਘ, ਪ੍ਰਿੰਸੀਪਲ ਐਂਟੋਮੋਲੋਜਿਸਟ, ਖੇਤਰੀ ਖੋਜ ਕੇਂਦਰ ਫਰੀਦਕੋਟ ਨੇ ਗੁਲਾਬੀ ਸੁੰਡੀ ਦੀ ਆਬਾਦੀ ਨੂੰ ਨਿਯੰਤਰਿਤ ਕਰਨ ਲਈ ਏਕੀਕ੍ਰਿਤ ਕੀਟ ਪ੍ਰਬੰਧਨ (ਆਈ.ਪੀ.ਐਮ) ਰਣਨੀਤੀਆਂ ਦੀ ਮਹੱਤਤਾ ‘ਤੇ ਜ਼ੋਰ ਦਿੱਤਾ। ਡਾ. ਕੁਲਵੀਰ ਸਿੰਘ, ਪ੍ਰਿੰਸੀਪਲ ਅਗਰੋਨੋਮਿਸਟ ਨੇ ਨਰਮੇ ਦੀ ਫਸਲ ਵਿੱਚ ਖੇਤੀ ਵਿਗਿਆਨਕ ਢੰਗਾਂ ਦੁਆਰਾ ਖਾਦ ਦੀ ਵਰਤੋਂ ਨੂੰ ਘਟਾਉਣ ਲਈ ਟਿਕਾਊ ਖੇਤੀ ਢੰਗਾਂ ਨੂੰ ਅਪਣਾਉਣ ਦੀ ਲੋੜ ‘ਤੇ ਜ਼ੋਰ ਦਿੱਤਾ। ਡਾ. ਸੁਨੀਤ ਪੰਧੇਰ, ਪ੍ਰਿੰਸੀਪਲ ਐਂਟੋਮੋਲੋਜਿਸਟ, ਖੇਤਰੀ ਖੋਜ ਕੇਂਦਰ ਫਰੀਦਕੋਟ ਨੇ ਰਸ ਚੂਸਣ ਵਾਲੇ ਕੀੜਿਆਂ ਦੇ ਬਦਲਵੇਂ ਬੂਟਿਆਂ ਬਾਰੇ ਜਾਣਕਾਰੀ ਦਿੱਤੀ ਅਤੇ ਗੁਲਾਬੀ ਸੁੰਡੀ ਦੀ ਆਬਾਦੀ ਦੀ ਅਸਲ ਸਮੇਂ ਵਿੱਚ ਨਿਗਰਾਨੀ ਲਈ ਏ.ਆਈ-ਸੰਚਾਲਿਤ ਫੇਰੋਮੋਨ ਟ੍ਰੇਪ ਦੀ ਵਰਤੋਂ ਬਾਰੇ ਦੱਸਿਆ I
ਇਸ ਮੌਕੇ ਕਿਸਾਨਾਂ ਨੂੰ ਕੀੜਿਆਂ ਦੇ ਪ੍ਰਬੰਧਨ ਲਈ ਵਧੀਆ ਢੰਗਾਂ ਬਾਰੇ ਵੀ ਸਿਖਲਾਈ ਦਿੱਤੀ ਗਈ, ਜਿਸ ਵਿੱਚ ਕਪਾਹ ਦੇ ਰਹਿੰਦ-ਖੂੰਹਦ ਦਾ ਨਾਸ਼ ਕਰਨਾ, ਬਾਇਓਪੈਸਟੀਸਾਈਡਾਂ ਦੀ ਵਰਤੋਂ ਅਤੇ ਹੋਰ ਆਈ.ਪੀ.ਐਮ ਰਣਨੀਤੀਆਂ ਸ਼ਾਮਲ ਹਨ।
ਡਾ. ਸ਼ਵਿੰਦਰ ਸਿੰਘ, ਏ.ਡੀ.ਓ(ਜ.ਕ) ਵੱਲੋਂ ਕਿਸਾਨਾਂ ਨੂੰ ਸੰਬੋਧਨ ਕਰਦੇ ਹੋਏ ਫਸਲੀ ਵਿਭਿੰਨਤਾ ਪ੍ਰੋਗਰਾਮ ਤਹਿਤ ਮੱਕੀ ਦੀ ਬਿਜਾਈ ਕਰਨ ਲਈ ਪ੍ਰੇਰਿਤ ਕੀਤਾ ਅਤੇ ਮਿੱਟੀ ਦੇ ਕਾਲੇ ਸ਼ੋਰੇ ਦੇ ਸੁਧਾਰ ਲਈ ਜਿਪਸਮ ਦੀ ਵਰਤੋਂ ਕਰਨ ਦੀ ਸਿਫਾਰਿਸ਼ ਕੀਤੀ। ਇਸ ਤੋਂ ਇਲਾਵਾ ਡਾ. ਹਰਮਨਦੀਪ ਸਿੰਘ, ਏ.ਡੀ.ਓ, ਸਰਕਲ ਬਧਾਈ ਨੇ ਆਏ ਹੋਏ ਕਿਸਾਨਾਂ ਨੂੰ ਪ੍ਰਧਾਨ ਮੰਤਰੀ ਕਿਸਾਨ ਸਨਮਾਨ ਨਿੱਧੀ ਯੋਜਨਾ ਸਬੰਧੀ ਜਾਣਕਾਰੀ ਦਿੰਦੇ ਹੋਏ ਈ.ਕੇ.ਵਾਈ.ਸੀ ਅਤੇ ਫਾਰਮਰ ਰਜਿਸਟਰੀ ਕਰਵਾਉਣ ਲਈ ਜਾਗਰੂਕ ਕੀਤਾ। ਡਾ. ਹਰਮਨਜੀਤ ਸਿੰਘ, ਏ.ਡੀ.ਓ (ਪੀ.ਪੀ) ਵੱਲੋਂ ਆਏ ਹੋਏ ਕਿਸਾਨਾਂ ਨੂੰ ਅਪੀਲ ਕੀਤੀ ਕਿ ਸਿਰਫ ਲੋੜ ਅਨੁਸਾਰ ਮਾਹਿਰਾਂ ਦੀ ਸਿਫਾਰਿਸ਼ ਅਨੁਸਾਰ ਹੀ ਸਪਰੇਅ ਕੀਤੀ ਜਾਵੇ।
ਇਸ ਕੈਂਪ ਵਿੱਚ 100 ਤੋਂ ਵੱਧ ਅਗਾਂਹਵਧੂ ਕਿਸਾਨਾਂ ਨੇ ਸ਼ਮੂਲੀਅਤ ਕੀਤੀ। ਇਸ ਮੌਕੇ ਸ਼੍ਰੀ ਗੁਰਚਰਨ ਸਿੰਘ ਸੀਨੀਅਰ ਰਿਸਰਚ ਫੈਲੋ, ਪੀ ਏ ਯੂ, ਸ਼੍ਰੀ ਸਵਰਨਜੀਤ ਸਿੰਘ, ਏ.ਟੀ.ਐਮ(ਆਤਮਾ) ਅਤੇ ਸ਼੍ਰੀ ਦੀਪਇੰਦਰ ਸਿੰਘ, ਫੀਲਡਮੈਨ ਵੀ ਹਾਜ਼ਰ ਸਨ।














