ਈ-ਮੇਲ ਤੋਂ ਮਚਿਆ ਹੜਕੰਪ: ਦਿੱਲੀ ਦੇ 50 ਸਕੂਲਾਂ ਨੂੰ ਮਿਲੀ ਬੰਬ ਧਮਕੀ

42

20 ਅਗਸਤ 2025 — AJ DI Awaaj

ਨੈਸ਼ਨਲ ਡੈਸਕ: ਦਿੱਲੀ ਵਿਚ ਇਕ ਵਾਰੀ ਫਿਰ ਸਕੂਲਾਂ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਮਿਲੀ ਹੈ। ਬੀਤੇ ਦਿਨ ਜਿੱਥੇ 32 ਸਕੂਲਾਂ ਨੂੰ ਧਮਕੀ ਭਰੇ ਈ-ਮੇਲ ਭੇਜੇ ਗਏ ਸਨ, ਉਥੇ ਅੱਜ 50 ਹੋਰ ਸਕੂਲਾਂ ਨੂੰ ਵੀ ਅਜਿਹੀਆਂ ਹੀ ਧਮਕੀਆਂ ਦਿੱਤੀਆਂ ਗਈਆਂ। ਧਮਕੀ ਮਿਲਣ ਤੋਂ ਬਾਅਦ ਪੁਲਿਸ ਅਤੇ ਸੁਰੱਖਿਆ ਏਜੰਸੀਆਂ ਤੁਰੰਤ ਐਕਸ਼ਨ ‘ਚ ਆ ਗਈਆਂ ਅਤੇ ਸਾਰੇ ਸਕੂਲਾਂ ਦੀ ਜਾਂਚ ਕੀਤੀ ਗਈ, ਹਾਲਾਂਕਿ ਹੁਣ ਤੱਕ ਕੁਝ ਵੀ ਸ਼ੱਕ ਦੇ ਕਾਬਲ ਨਹੀਂ ਮਿਲਿਆ।

ਨਜਫਗੜ੍ਹ ਅਤੇ ਮਾਲਵੀਯਾ ਨਗਰ ਸਥਿਤ ਦੋ ਸਕੂਲਾਂ ਨੂੰ ਵੀ ਧਮਕੀ ਭਰੇ ਈ-ਮੇਲ ਭੇਜੇ ਗਏ। ਪੁਲਿਸ ਅਧਿਕਾਰੀਆਂ ਦੇ ਅਨੁਸਾਰ ਹਾਲ ਹੀ ਵਿੱਚ ਆਏ ਈ-ਮੇਲਾਂ ਵਿੱਚ ਪਹਿਲੀ ਵਾਰੀ ਪੈਸੇ ਦੀ ਮੰਗ ਵੀ ਕੀਤੀ ਗਈ। ਸੋਮਵਾਰ ਨੂੰ ਆਏ ਮੇਲ ਵਿੱਚ 500 ਅਮਰੀਕੀ ਡਾਲਰ (ਲਗਭਗ 4.35 ਲੱਖ ਰੁਪਏ) ਦੀ ਮੰਗ ਕੀਤੀ ਗਈ ਸੀ, ਨਹੀਂ ਤਾਂ ਸਕੂਲਾਂ ਨੂੰ ਬੰਬ ਨਾਲ ਉਡਾਉਣ ਦੀ ਚੇਤਾਵਨੀ ਦਿੱਤੀ ਗਈ ਸੀ। ਇਸ ਤੋਂ ਪਹਿਲਾਂ ਆਏ ਮੇਲਾਂ ਵਿੱਚ ਪੈਸਿਆਂ ਦੀ ਕੋਈ ਮੰਗ ਨਹੀਂ ਸੀ।

ਸਪੈਸ਼ਲ ਸੈੱਲ ਦੇ ਅਨੁਸਾਰ, ਇਹ ਧਮਕੀ ਭਰੇ ਮੇਲ VPN ਰਾਹੀਂ ਭੇਜੇ ਗਏ ਹਨ, ਜਿਸ ਕਰਕੇ IP ਐਡਰੈੱਸ ਨੂੰ ਟ੍ਰੈਕ ਕਰਨਾ ਮੁਸ਼ਕਲ ਹੋ ਰਿਹਾ ਹੈ। ਗੂਗਲ ਤੋਂ ਜਾਣਕਾਰੀ ਮੰਗੀ ਗਈ ਸੀ, ਪਰ ਕੰਪਨੀ ਨੇ ਡੀਟੇਲ ਸਾਂਝੀ ਕਰਨ ਤੋਂ ਇਨਕਾਰ ਕਰ ਦਿੱਤਾ ਅਤੇ ਸਿਰਫ਼ ਇਨਾ ਹੀ ਦੱਸਿਆ ਕਿ ਮੇਲ ਵਿਦੇਸ਼ੀ IP ਐਡਰੈੱਸ ਤੋਂ ਭੇਜੇ ਗਏ ਹਨ।

ਸੁਰੱਖਿਆ ਏਜੰਸੀਆਂ ਨੂੰ ਸ਼ੱਕ ਹੈ ਕਿ ਇਸ ਦੇ ਪਿੱਛੇ ਪਾਕਿਸਤਾਨ ਦੀ ਖੁਫੀਆ ਏਜੰਸੀ ISI ਦਾ ਹੱਥ ਹੋ ਸਕਦਾ ਹੈ। ਅਧਿਕਾਰੀਆਂ ਦਾ ਮੰਨਣਾ ਹੈ ਕਿ ਇਸ ਦਾ ਮਕਸਦ ਦਿੱਲੀ ਵਿੱਚ ਦਹਿਸ਼ਤ ਫੈਲਾਣਾ ਅਤੇ ਸੁਰੱਖਿਆ ਏਜੰਸੀਆਂ ਨੂੰ ਵਿਅਸਤ ਰੱਖਣਾ ਹੈ।

ਪ੍ਰਦੇਸ਼ ਕਾਂਗਰਸ ਪ੍ਰਧਾਨ ਦੇਵੇਂਦਰ ਯਾਦਵ ਨੇ ਇਸ ਮਾਮਲੇ ‘ਤੇ ਗੰਭੀਰ ਚਿੰਤਾ ਜਤਾਈ ਅਤੇ ਕਿਹਾ ਕਿ ਲਗਾਤਾਰ ਆ ਰਹੀਆਂ ਧਮਕੀਆਂ ਕਾਰਨ ਵਿਦਿਆਰਥੀ, ਮਾਪੇ ਅਤੇ ਸਕੂਲ ਪ੍ਰਬੰਧਨ ਡਰ ਦੇ ਮਾਹੌਲ ‘ਚ ਜੀ ਰਹੇ ਹਨ। ਉਨ੍ਹਾਂ ਕੇਂਦਰ ਸਰਕਾਰ ਅਤੇ ਗ੍ਰਿਹ ਮੰਤਰੀ ਤੋਂ ਤੁਰੰਤ ਦਖਲ ਦੀ ਮੰਗ ਕੀਤੀ ਅਤੇ ਮਾਮਲੇ ਦੀ ਉੱਚ ਪੱਧਰੀ ਜਾਂਚ ਦੀ ਲੋੜ ਦੱਸੀ।

ਪਿਛਲੇ ਇੱਕ ਸਾਲ ਵਿੱਚ, ਮਈ 2024 ਤੋਂ ਹੁਣ ਤੱਕ 300 ਤੋਂ ਵੱਧ ਸਕੂਲਾਂ ਅਤੇ ਕਾਲਜਾਂ ਨੂੰ ਬੰਬ ਧਮਕੀ ਵਾਲੇ ਈ-ਮੇਲ ਮਿਲ ਚੁੱਕੇ ਹਨ। ਇਹ ਸਿਲਸਿਲਾ ਲਗਾਤਾਰ ਜਾਰੀ ਰਹਿਣ ਕਾਰਨ ਸੁਰੱਖਿਆ ਪ੍ਰਬੰਧਾਂ ਅਤੇ ਬੱਚਿਆਂ ਦੀ ਮਾਨਸਿਕ ਹਾਲਤ ‘ਤੇ ਗੰਭੀਰ ਸਵਾਲ ਖੜੇ ਹੋ ਰਹੇ ਹਨ।