ਮੋਗਾ ਵਿਖੇ 1 ਸਰਪੰਚ ਅਤੇ 46 ਪੰਚਾਂ ਦੀਆਂ ਖਾਲੀ ਸੀਟਾਂ ਭਰਨ ਲਈ 27 ਜੁਲਾਈ ਨੂੰ ਹੋਣਗੀਆਂ ਚੋਣਾਂ

15

ਮੋਗਾ 12 ਜੁਲਾਈ 2025 AJ DI Awaaj

Punjab Desk:  ਪੰਜਾਬ ਵਿਚ ਰਹਿੰਦਿਆਂ ਪੰਚਾਇਤੀ ਚੋਣਾਂ ਕਰਵਾਉਣ ਲਈ ਰਾਜ ਚੋਣ ਕਮਿਸ਼ਨ ਵੱਲੋਂ ਸ਼ਡਿਊਲ ਜਾਰੀ ਕਰ ਦਿੱਤਾ ਗਿਆ ਹੈ।
ਇਸ ਬਾਰੇ ਜਾਣਕਾਰੀ ਦਿੰਦਿਆਂ ਵਧੀਕ ਡਿਪਟੀ ਕਮਿਸ਼ਨਰ  (ਪੇਂਡੂ ਵਿਕਾਸ)-ਕਮ-ਵਧੀਕ ਜ਼ਿਲ੍ਹਾ ਚੋਣਕਾਰ ਅਫ਼ਸਰ ਮੋਗਾ ਸ਼੍ਰੀ ਜਗਵਿੰਦਰਜੀਤ ਸਿੰਘ ਗਰੇਵਾਲ ਨੇ ਦੱਸਿਆ ਕਿ ਜ਼ਿਲ੍ਹਾ ਮੋਗਾ ਵਿੱਚ 1 ਸਰਪੰਚ ਅਤੇ 46 ਪੰਚਾਂ ਦੀਆਂ ਸੀਟਾਂ ਖਾਲੀ ਹਨ ਜਿਸਦੀਆਂ ਚੋਣਾਂ ਪੰਜਾਬ ਰਾਜ ਚੋਣ ਕਮਿਸ਼ਨ ਦੇ ਨਿਰਦੇਸ਼ਾਂ ਹੇਠ ਕਰਵਾਈਆਂ ਜਾ ਰਹੀਆਂ ਹਨ।
ਉਹਨਾਂ ਕਿਹਾ ਕਿ ਇਹਨਾਂ ਚੋਣਾਂ ਲਈ 14 ਜੁਲਾਈ ਦਿਨ ਸੋਮਵਾਰ ਤੋਂ ਨਾਮਜਦਗੀਆਂ ਲੈਣ ਦੀ ਪ੍ਰਕਿਰਿਆ ਸ਼ੁਰੂ ਕੀਤੀ ਜਾ ਰਹੀ ਹੈ, ਉਮੀਦਵਾਰਾਂ ਵੱਲੋਂ ਆਪਣੀਆਂ ਨਾਮਜਦਗੀਆਂ ਸਬੰਧਤ ਰਿਟਰਨਿੰਗ ਅਫ਼ਸਰਾਂ ਪਾਸ ਦਿੱਤੀਆਂ  ਜਾਣਗੀਆਂ। 17 ਜੁਲਾਈ ਨੂੰ 3 ਵਜੇ ਤੱਕ ਨਾਮਜਦਗੀ ਪੱਤਰ ਪ੍ਰਾਪਤ ਕੀਤੇ ਜਾਣਗੇ। 18 ਜੁਲਾਈ ਨੂੰ ਨਾਮਜਦਗੀਆਂ ਦੀ ਪੜਤਾਲ ਕੀਤੀ ਜਾਵੇਗੀ ਅਤੇ 19 ਜੁਲਾਈ ਨੂੰ 3 ਵਜੇ ਤੱਕ ਨਾਮਜਦਗੀਆਂ ਵਾਪਿਸ ਲਈਆਂ ਜਾ ਸਕਣਗੀਆਂ। 27 ਜੁਲਾਈ ਨੂੰ ਸਵੇਰੇ 8 ਤੋਂ ਸ਼ਾਮ 4 ਵਜੇ ਤੱਕ ਵੋਟਿੰਗ ਪ੍ਰਕਿਰਿਆ ਕਰਵਾਈ ਜਾਵੇਗੀ।
ਸ੍ਰ ਜਗਵਿੰਦਰਜੀਤ ਸਿੰਘ ਗਰੇਵਾਲ ਨੇ ਦੱਸਿਆ ਕਿ ਮੋਗਾ ਵਿੱਚ ਧਰਮਕੋਟ ਐਟ ਕੋਟ ਈਸੇ ਖਾਂ ਬਲਾਕ ਦੇ ਪਿੰਡ ਦੱਤਾ ਵਿਖੇ ਸਰਪੰਚ ਦੀਆਂ ਅਤੇ 46 ਪੰਚਾਂ ਦੀਆਂ ਵੋਟਾਂ ਕਰਵਾਈਆਂ ਜਾਣਗੀਆਂ।  ਇਹਨਾਂ ਵਿੱਚ ਮੋਗਾ-1 ਬਲਾਕ ਦੇ 16,  ਮੋਗਾ-2 ਬਲਾਕ ਦੇ 7, ਬਾਘਾਪੁਰਾਣਾ ਬਲਾਕ ਦੇ 6,ਧਰਮਕੋਟ ਐਟ ਕੋਟ ਈਸੇ ਖਾਂ ਬਲਾਕ ਦੇ 17 ਪੰਚਾਂ ਦੀ ਚੋਣ ਕੀਤੀ ਜਾਵੇਗੀ।

ਉਹਨਾਂ ਕਿਹਾ ਕਿ ਪੰਚਾਇਤ ਚੋਣਾਂ ਲਈ ਰਿਟਰਨਿੰਗ ਅਫ਼ਸਰ ਅਤੇ ਸਹਾਇਕ ਰਿਟਰਨਿੰਗ ਅਫ਼ਸਰ ਨਿਯੁਕਤ ਕਰ ਦਿੱਤੇ  ਗਏ ਹਨ। ਜ਼ਿਲ੍ਹਾ ਪ੍ਰਸ਼ਾਸ਼ਨ ਮੋਗਾ ਇਹਨਾਂ ਚੋਣਾਂ ਨੂੰ ਅਮਨ ਅਮਾਨ ਅਤੇ ਸ਼ਾਂਤੀਪੂਰਵਕ ਨੇਪਰੇ ਚਾੜ੍ਹਨ ਲਈ ਵਚਨਬੱਧ ਹੈ।