ਕੋਟਕਪੂਰਾ ਅਤੇ ਫਰੀਦਕੋਟ ਵਿਖੇ ਧੂਮਧਾਮ ਨਾਲ ਮਨਾਈ ਗਈ ਈਦ

101
ਦਫਤਰ ਜਿਲਾ ਲੋਕ ਸੰਪਰਕ ਅਫਸਰ, ਫ਼ਰੀਦਕੋਟ
ਕੋਟਕਪੂਰਾ/ਫਰੀਦਕੋਟ, 31 ਮਾਰਚ 2025 Aj Di Awaaj
ਅੱਜ ਈਦ ਦਾ ਪਵਿੱਤਰ ਦਿਨ ਫਰੀਦਕੋਟ ਜ਼ਿਲ੍ਹੇ ਵਿੱਚ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਇਆ ਗਿਆ। ਕੋਟਕਪੂਰਾ ਅਤੇ ਫਰੀਦਕੋਟ ਵਿਖੇ ਮੁਸਲਿਮ ਭਾਈਚਾਰੇ ਵੱਲੋਂ ਵਿਸ਼ੇਸ਼ ਨਮਾਜ਼ ਅਦਾ ਕਰਕੇ ਦੁਆਵਾਂ ਮੰਗੀਆਂ ਗਈਆਂ।
ਕੋਟਕਪੂਰਾ ਵਿਖੇ ਪੰਜਾਬ ਵਿਧਾਨ ਸਭਾ ਦੇ ਸਪੀਕਰ ਸ. ਕੁਲਤਾਰ ਸਿੰਘ ਸੰਧਵਾਂ ਨੇ ਪਹੁੰਚ ਕੇ ਮੁਸਲਿਮ ਭਾਈਚਾਰੇ ਨੂੰ ਈਦ ਦੀਆਂ ਮੁਬਾਰਕਬਾਦ ਦਿੱਤੀਆਂ। ਇਸੇ ਤਰ੍ਹਾਂ, ਫਰੀਦਕੋਟ ਵਿਖੇ ਵਿਧਾਇਕ ਸ. ਗੁਰਦਿੱਤ ਸਿੰਘ ਸੇਖੋਂ ਨੇ ਵੀ ਲੋਕਾਂ ਨੂੰ ਈਦ ਦੀ ਵਧਾਈ ਦਿੰਦਿਆਂ ਭਾਈਚਾਰੇ ਅਤੇ ਸ਼ਾਂਤੀ ਦਾ ਸੁਨੇਹਾ ਦਿੱਤਾ।
 ਸਪੀਕਰ ਕੁਲਤਾਰ ਸਿੰਘ ਸੰਧਵਾਂ ਅਤੇ ਵਿਧਾਇਕ ਗੁਰਦਿੱਤ ਸਿੰਘ ਸੇਖੋਂ ਨੇ ਇਸ ਪਵਿੱਤਰ ਦਿਨ ‘ਤੇ, ਸਮਾਜਿਕ ਏਕਤਾ ਅਤੇ ਸਾਂਝ ਨੂੰ ਹੋਰ ਮਜ਼ਬੂਤ ਕਰਨ ਦਾ ਵਚਨ ਦਿੰਦਿਆਂ ਕਿਹਾ ਕਿ ਇਹ ਤਿਉਹਾਰ ਸਾਨੂੰ ਇੱਕ-ਦੂਜੇ ਦੀਆਂ ਭਾਵਨਾਵਾਂ ਦੀ ਕਦਰ ਕਰਨਾ ਸਿਖਾਉਂਦਾ ਹੈ।
ਉਨ੍ਹਾਂ ਕਿਹਾ ਕਿ ਈਦ ਪਿਆਰ, ਭਾਈਚਾਰੇ ਅਤੇ ਇਨਸਾਨੀਅਤ ਦਾ ਤਿਉਹਾਰ ਹੈ, ਜੋ ਸਮਾਜ ਵਿੱਚ ਇੱਕਤਾ ਦਾ ਸੰਦੇਸ਼ ਦਿੰਦਾ ਹੈ।
ਇਸ ਦੌਰਾਨ, ਲੋਕਾਂ ਨੇ ਇਕ ਦੂਜੇ ਨੂੰ ਗਲੇ ਮਿਲ ਕੇ ਈਦ ਦੀਆਂ ਮੁਬਾਰਕਾਂ ਦਿੱਤੀਆਂ ਅਤੇ ਮਿਠਾਈਆਂ ਵੰਡੀਆਂ। ਸ਼ਹਿਰ ਦੇ ਵਿਅਕਤੀਗਤ ਅਤੇ ਸਮਾਜਿਕ ਸੰਸਥਾਵਾਂ ਵੱਲੋਂ ਵੀ ਜ਼ਰੂਰਤਮੰਦਾਂ ਨੂੰ ਖਾਣ-ਪੀਣ ਦਾ ਸਮਾਨ ਵੰਡਿਆ ਗਿਆ।
ਇਸ ਮੌਕੇ ‘ਤੇ ਨਗਰ ਸੁਧਾਰ ਟਰੱਸਟ ਦੇ ਚੇਅਰਮੈਨ ਗਗਨਦੀਪ ਸਿੰਘ ਧਾਲੀਵਾਲ ਵੀ ਵਿਸ਼ੇਸ਼ ਤੌਰ ‘ਤੇ ਮੌਜੂਦ ਰਹੇ।