ਆਵਾਜਾਈ ਨਿਯਮਾਂ ਬਾਰੇ ਲੋਕਾਂ ਨੂੰ ਕੀਤਾ ਜਾਗਰੂਕ

9

ਅਮਰਗੜ੍ਹ/ ਮਾਲੇਰਕੋਟਲਾ, 08 ਜਨਵਰੀ 2026 AJ DI Awaaj

Punjab Desk :   ਕੌਮੀ ਸੜਕ ਸੁਰੱਖਿਆ ਮਹੀਨੇ ਦੇ ਤਹਿਤ ਖੇਤਰੀ ਟਰਾਂਸਪੋਰਟ ਅਫਸਰ ਗੁਰਮੀਤ ਕੁਮਾਰ ਬਾਂਸਲ ਦੇ ਦਿਸ਼ਾ-ਨਿਰਦੇਸ਼ਾਂ ਹੇਠ ਲੋਕਾਂ ਨੂੰ ਆਵਾਜਾਈ ਨਿਯਮਾਂ ਦੀ ਮਹੱਤਤਾ ਬਾਰੇ ਜਾਗਰੂਕ ਕਰਨ ਦੇ ਉਦੇਸ਼ ਨਾਲ ਵੱਖ-ਵੱਖ ਗਤੀਵਿਧੀਆਂ ਕਰਵਾਈਆਂ ਜਾ ਰਹੀਆਂ ਹਨ। ਇਸ ਲੜੀ ਤਹਿਤ ਸਹਾਇਕ ਟਰਾਂਸਪੋਰਟ ਅਫਸਰ ਸਹਿਨਾਜ ਪਰਵੀਨ ਦੀ ਅਗਵਾਈ ਹੇਠ ਖੇਤਰੀ ਡਰਾਈਵਿੰਗ ਸਿਖਲਾਈ ਕੇਂਦਰ ਤੋਲੇਵਾਲ, ਅਮਰਗੜ੍ਹ ਵਿਖੇ ਸੜਕ ਸੁਰੱਖਿਆ ਨਿਯਮਾਂ ਸਬੰਧੀ ਲੋਕਾਂ ਨੂੰ ਲਾਮਬੰਦ ਕੀਤਾ ਗਿਆ।
ਇਸ ਦੌਰਾਨ ਸਿਖਲਾਈ ਕੇਂਦਰ ਵਿਖੇ ਹਾਜ਼ਰ ਡਰਾਈਵਰਾਂ, ਟ੍ਰੇਨਿੰਗ ਲੈ ਰਹੇ ਨੌਜਵਾਨਾਂ, ਡਰਾਈਵਿੰਗ ਟੈਸਟ ਦੇਣ ਆਏ ਲੋਕਾਂ ਅਤੇ ਸਟਾਫ ਨੂੰ ਸੜਕ ਹਾਦਸਿਆਂ ਤੋਂ ਬਚਾਅ ਲਈ ਆਵਾਜਾਈ ਨਿਯਮਾਂ ਦੀ ਸਖ਼ਤੀ ਨਾਲ ਪਾਲਣਾ ਕਰਨ ਬਾਰੇ ਜਾਣੂ ਕਰਵਾਇਆ ਗਿਆ। ਇਸ ਮੌਕੇ ਦੋ ਪਹੀਆ ਅਤੇ ਚਾਰ ਪਹੀਆ ਵਾਹਨ ਚਲਾਉਂਦੇ ਸਮੇਂ ਹੈਲਮੈਟ ਅਤੇ ਸੀਟ ਬੈਲਟ ਦੀ ਵਰਤੋਂ, ਨਿਰਧਾਰਤ ਗਤੀ ਸੀਮਾ ਦੀ ਪਾਲਣਾ, ਨਸ਼ੇ ਦੀ ਹਾਲਤ ਵਿੱਚ ਵਾਹਨ ਨਾ ਚਲਾਉਣ ਅਤੇ ਟ੍ਰੈਫਿਕ ਸਿਗਨਲਾਂ ਦੀ ਪਾਲਣਾ ਕਰਨ ’ਤੇ ਖ਼ਾਸ ਜ਼ੋਰ ਦਿੱਤਾ ਗਿਆ।
ਇਸ ਮੌਕੇ ਹਾਜ਼ਰ ਅਧਿਕਾਰੀਆਂ ਵੱਲੋਂ ਸਾਰਿਆਂ ਨੂੰ ਸੜਕ ਨਿਯਮਾਂ ਦੀ ਪਾਲਣਾ ਕਰਨ, ਨਸ਼ੇ ਦੀ ਹਾਲਤ ਵਿੱਚ ਵਾਹਨ ਨਾ ਚਲਾਉਣ ਅਤੇ ਹੋਰਨਾਂ ਆਵਾਜਾਈ ਨਿਯਮਾਂ ਦੀ ਪਾਲਣਾ ਕਰਨ ਦੀ ਸਹੁੰ ਵੀ ਚੁਕਾਈ ਗਈ। ਵਿਭਾਗ ਦੇ ਨੁਮਾਇੰਦਿਆਂ ਨੇ ਕਿਹਾ ਕਿ ਸੜਕ ਸੁਰੱਖਿਆ ਸਿਰਫ਼ ਪ੍ਰਸ਼ਾਸਨ ਦੀ ਨਹੀਂ ਸਗੋਂ ਹਰ ਨਾਗਰਿਕ ਦੀ ਸਾਂਝੀ ਜ਼ਿੰਮੇਵਾਰੀ ਹੈ ਅਤੇ ਥੋੜ੍ਹੀ ਜਿਹੀ ਸਾਵਧਾਨੀ ਨਾਲ ਕਈ ਕੀਮਤੀ ਜਾਨਾਂ ਬਚਾਈਆਂ ਜਾ ਸਕਦੀਆਂ ਹਨ।
ਅਧਿਕਾਰੀਆਂ ਨੇ ਅਪੀਲ ਕੀਤੀ ਕਿ ਲੋਕ ਆਵਾਜਾਈ ਨਿਯਮਾਂ ਦੀ ਪਾਲਣਾ ਕਰਕੇ ਸੁਰੱਖਿਅਤ ਯਾਤਰਾ ਨੂੰ ਯਕੀਨੀ ਬਣਾਉਣ ਅਤੇ ਸੜਕ ਹਾਦਸਿਆਂ ਵਿੱਚ ਕਮੀ ਲਿਆਉਣ ਲਈ ਪ੍ਰਸ਼ਾਸਨ ਦਾ ਪੂਰਾ ਸਹਿਯੋਗ ਕਰਨ। ਇਸ ਮੌਕੇ ਸੈਕਸ਼ਨ ਅਫਸਰ ਸਾਹਿਲ ਜਿੰਦਲ, ਖੇਤਰੀ ਟਰਾਂਸਪੋਰਟ ਦਫਤਰ ਦੀ ਟੀਮ ਦੇ ਹੋਰ ਨੁਮਾਇੰਦੇ ਅਤੇ ਡਰਾਈਵਿੰਗ ਟ੍ਰੇਨਿੰਗ ਲੈ ਰਹੇ ਅਤੇ ਡਰਾਈਵਿੰਗ ਟੈਸਟ ਦੇਣ ਆਏ ਨੌਜਵਾਨ ਹਾਜ਼ਰ ਸਨ