ਮਾਤਾ ਚਿੰਤਪੁਰਨੀ ਮੇਲੇ ਦੌਰਾਨ ਮੀਂਹ ਤੇ ਧੁੱਪ ਵਿਚ ਵੀ ਸੇਵਾ ‘ਚ ਜੁੱਟੇ ’ਕਰਮਯੋਗੀ’

6

ਹੁਸ਼ਿਆਰਪੁਰ, 29 ਜੁਲਾਈ 2025 AJ DI Awaaj
Punjab Desk : ਵਰ੍ਹਦੇ ਮੀਂਹ ਅਤੇ ਤਪਦੀ ਧੁੱਪ ਵਿਚ ਜਦੋਂ ਆਮ ਲੋਕ ਆਸਰਾ ਅਤੇ ਛਾਂ ਭਾਲਦੇ ਹਨ, ਉਸ ਸਮੇਂ ਕੁਝ ਚਿਹਰੇ ਇਸ ਤਰ੍ਹਾਂ ਦੇ ਵੀ ਹਨ ਜੋ ਕਰਮਯੋਗ ਦੀ ਪਰਿਭਾਸ਼ਾ ਨੂੰ ਸਾਰਥਕ ਕਰ ਰਹੇ ਹਨ। ਇਹ ਚਿਹਰੇ ਹਨ, ਹੁਸ਼ਿਆਰਪੁਰ ਦੀਆਂ ਐਨ.ਜੀ.ਓਜ਼ ਅਤੇ ਸਿਵਲ ਡਿਫੈਂਸ ਦੇ ਵਲੰਟੀਅਰਾਂ ਦੇ, ਜੋ ਜ਼ਿਲ੍ਹਾ ਪ੍ਰਸ਼ਾਸਨ ਦੇ ’ਚੜ੍ਹਦਾ ਸੂਰਜ’ ਮੁਹਿੰਮ ਤਹਿਤ ਮਾਤਾ ਚਿੰਤਪੁਰਨੀ ਮੇਲੇ ਨੂੰ ਸੁਚਾਰੂ ਅਤੇ ਸਾਫ਼-ਸੁਥਰਾ ਬਣਾਉਣ ਲਈ ਸਮਰਪਿਤ ਭਾਵਨਾ ਨਾਲ ਸੇਵਾ ਕਰ ਰਹੇ ਹਨ।
ਜ਼ਿਲ੍ਹਾ ਪ੍ਰਸ਼ਾਸਨ, ਵਿਸ਼ੇਸ਼ ਤੌਰ ’ਤੇ ਡਿਪਟੀ ਕਮਿਸ਼ਨਰ ਆਸ਼ਿਕਾ ਜੈਨ ਦੀ ਅਗਵਾਈ ਵਿਚ ਇਕ ਇਸ ਤਰ੍ਹਾਂ ਦਾ ਮਾਡਲ ਪੇਸ਼ ਕਰ ਰਿਹਾ ਹੈ, ਜਿਸ ਨੂੰ ਦੇਸ਼ ਭਰ ਵਿਚ ਦੁਹਰਾਇਆ ਜਾ ਸਕਦਾ ਹੈ। ਪਹਿਲਾਂ ਜਿਥੇ ਸ਼ਰਧਾਲੂਆਂ ਨੂੰ ਕੂੜੇ ਦੇ ਢੇਰਾਂ ਅਤੇ ਟ੍ਰੈਫਿਕ ਜਾਮ ਆਦਿ ਨਾਲ ਜੂਝਣਾ ਪੈਂਦਾ ਸੀ, ਉਥੇ ਇਸ ਸਾਲ ਦੀ ਤਸਵੀਰ ਇਕਦਮ ਵੱਖਰੀ ਹੈ। ਐਨ.ਜੀ.ਓਜ਼ ਅਤੇ ਸਿਵਲ ਡਿਫੈਂਸ ਵਰਕਰਾਂ ਨੇ ਖ਼ੁਦ ਨੂੰ ਨਿਰਸਵਾਰਥ ਸੇਵਾ-ਭਾਵਨਾ ਨਾਲ ਸਮਰਪਿਤ ਕੀਤਾ ਹੈ। ਉਹ ਸਿਰਫ ਵਲੰਟੀਅਰ ਨਹੀਂ, ਸਗੋਂ ਇਸ ਮੇਲੇ ਦੇ ’ਕਰਮਯੋਗੀ’ ਬਣੇ ਚੁੱਕੇ ਹਨ।
ਲਗਾਤਾਰ ਹੁੰਦੀ ਬਾਰਿਸ਼ ਵਿਚ ਵੀ ਟ੍ਰੈਫਿਕ ਨੂੰ ਸੁਚਾਰੂ ਬਣਾਈ ਰੱਖਣ ਲਈ ਵਲੰਟੀਅਰ 24 ਘੰਟੇ ਸਰਗਰਮ ਹਨ। ਸੰਗਤਾਂ ਦੀ ਆਵਾਜਾਈ ਵਿਚ ਕਿਸੇ ਪ੍ਰਕਾਰ ਦਾ ਵਿਘਨ ਨਾ ਪਵੇ, ਇਸ ਲਈ ਉਹ ਵਿਸ਼ੇਸ਼ ਸਾਵਧਾਨੀ ਨਾਲ ਕੰਮ ਕਰ ਰਹੇ ਹਨ।  ਜੁੱਤੀਆਂ ਅਤੇ ਵਰਦੀਆਂ ਭਿੱਜਣ ਦੇ ਬਾਵਜੂਦ ਉਨ੍ਹਾਂ ਦੇ ਚਿਹਰਿਆਂ ’ਤੇ ਸੰਤੋਖ ਦੀ ਮੁਸਕਾਨ ਹੈ। ਜਿਥੇ ਪਹਿਲਾਂ ਕੂੜੇ ਦੇ ਢੇਰ ਸ਼ਰਧਾ ਦੀ ਭਾਵਨਾ ਨੂੰ ਠੇਸ ਪਹੁੰਚਾਉਂਦੇ ਸਨ, ਹੁਣ ਸਵੱਛਤਾ ਖ਼ੁਦ ਇਕ ਪੂਜਾ ਬਣ ਗਈ ਹੈ। ਵਲੰਟੀਅਰ ਸਵੇਰੇ-ਸ਼ਾਮ ਸਫ਼ਾਈ ਦੀ ਜ਼ਿੰਮੇਵਾਰੀ ਨਿਭਾਅ ਰਹੇ ਹਨ ਨਾ ਸਿਰਫ ਲੰਗਰਾਂ ਵਿਚ ਬਲਕਿ ਸੜਕਾਂ ਅਤੇ ਆਸ-ਪਾਸ ਦੇ ਹਲਕਿਆਂ ਨੂੰ ਵੀ ਸਾਫ਼ ਰੱਖਣ ਵਿਚ ਮੋਹਰੀ ਭੂਮਿਕਾ ਨਿਭਾਅ ਰਹੇ ਹਨ।
ਮੇਲੇ ਵਿਚ ਆਯੋਜਿਤ ਲੰਗਰ ਹੁਣ ਪਲਾਸਟਿਕ ਮੁਕਤ ਹੋ ਗਏ ਹਨ, ਜਿਸ ਨਾਲ ਸ਼ਰਧਾਲੂਆਂ ਨੂੰ ਨਾ ਕੇਵਲ ਵਧੀਆ ਮਾਹੌਲ ਮਹਿਸੂਸ ਹੁੰਦਾ ਹੈ ਬਲਕਿ ਵਾਤਾਵਰਨ ਪ੍ਰਤੀ ਜਾਗਰੂਕਤਾ ਵੀ ਵੱਧਦੀ ਹੈ। ਇਸ ਪਹਿਲ ਵਿਚ ਵੀ ਐਨ.ਜੀ.ਓਜ਼ ਅਤੇ ਸਿਵਲ ਡਿਫੈਂਸ ਦੀ ਖ਼ੁਦ ਦੀ ਹਿੱਸੇਦਾਰੀ ਸਲਾਹੁਣਯੋਗ ਰਹੀ ਹੈ। ਉਹ ਜਾਗਰੂਕਤਾ ਮੁਹਿੰਮ ਚਲਾ ਰਹੇ ਹਨ ਅਤੇ ਬਦਲਵੀ ਸਮੱਗਰੀ ਦੀ ਵਰਤੋਂ ਨੂੰ  ਉਤਸ਼ਾਹਿਤ ਕਰ ਰਹੇ ਹਨ। ਨਗਰ ਨਿਗਮ ਅਤੇ ਪ੍ਰਦੂਸ਼ਣ ਕੰਟਰੋਲ ਵਿਭਾਗ ਦੇ ਸਹਿਯੋਗ ਨਾਲ ਉਨ੍ਹਾਂ ਲੰਗਰ ਸੁਸਾਇਟੀਆਂ ਨੂੰ ਵਾਤਾਵਰਨ ਅਨਕੂਲ ਪਲੇਟਾਂ, ਡੂਨੇ ਅਤੇ ਚਮਚ ਵੀ ਦਿੱਤੇ ਜਾ ਰਹੇ ਹਨ, ਜੋ ਅਣਜਾਨੇ ਵਿਚ ਸਿੰਗਲ ਯੂਜ਼ ਪਲਾਸਟਿਕ ਲੈ ਕੇ ਆ ਗਏ ਸਨ।
ਸ਼ਿਫਟ ਆਧਾਰਿਤ ਡਿਊਟੀ ਤਹਿਤ ਸਾਰੇ ਐਨ.ਜੀ.ਓਜ਼ ਦੇ ਮੈਂਬਰ ਇਕ-ਦੂਜੇ ਦਾ ਸਹਿਯੋਗ ਕਰ ਰਹੇ ਹਨ। ਇਹ ਨਾ ਕੇਵਲ ਕੰਮ ਦੀ ਗਤੀ ਵਧਾਉਂਦੇ ਹਨ ਬਲਕਿ ਆਪਸੀ ਸਨਮਾਨ ਅਤੇ ਸੇਵਾ ਭਾਵਨਾ ਨੂੰ ਵੀ ਮਜ਼ਬੂਤੀ ਦਿੰਦੇ ਹਨ। ਇਸ ਤਰ੍ਹਾਂ ਦੀ ਸਮੂਹਿਕ ਸਮਰਪਣ ਭਾਵਨਾ ਨਾਲ ਮੇਲੇ ਦੀ ਵਿਵਸਥਾ ਪਹਿਲੇ ਨਾਲੋਂ ਕਿਤੇ ਵੱਧ ਸੰਗਠਿਤ ਨਜ਼ਰ ਆਉਂਦੀ ਹੈ।
ਡਿਪਟੀ ਕਮਿਸ਼ਨਰ ਆਸ਼ਿਕਾ ਜੈਨ ਨੇ ਇਨ੍ਹਾਂ ਸਾਰੇ ਕਰਮਯੋਗੀਆਂ ਪ੍ਰਤੀ ਧੰਨਵਾਦ ਪ੍ਰਗਟ ਕਰਦੇ ਹੋਏ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਨਾਲ ਮੋਢੇ ਨਾਲ ਮੋਢਾ ਮਿਲਾ ਕੇ ਸੇਵਾ ਕਰਨ ਵਾਲੇ ਇਨ੍ਹਾਂ ਕਰਮਯੋਗੀਆਂ ਦਾ ਯੋਗਦਾਨ ਕਦੇ ਭੁਲਾਇਆ ਨਹੀਂ ਜਾ ਸਕਦਾ। ਉਨ੍ਹਾਂ ਦੀ ਸ਼ਰਧਾ ਅਤੇ ਸੇਵਾ ਭਾਵਨਾ ਬਹੁਤ ਹੀ ਸ਼ਲਾਘਾਯੋਗ ਹੈ ਅਤੇ ਇਹੀ ਹੁਸ਼ਿਆਰਪੁਰ ਨੂੰ ਵਿਸ਼ੇਸ਼ ਬਣਾਉਂਦੇ ਹਨ। ਇਸ ਕਾਰਜ ਪ੍ਰਣਾਲੀ ਨੇ ਨਾ ਸਿਰਫ਼ ਸ਼ਰਧਾਲੂਆਂ ਦੀ ਸੁਵਿਧਾ ਯਕੀਨੀ ਬਣਾਈ ਹੈ ਬਲਕਿ ਇਹ ਉਸ ਸੋਚ ਨੂੰ ਵੀ ਉਜਾਗਰ ਕਰਦੀ ਹੈ ਕਿ ਪ੍ਰਸ਼ਾਸਨ ਅਤੇ ਨਾਗਰਿਕ ਸਹਿਯੋਗ ਨਾਲ ਕੁਝ ਵੀ ਸੰਭਵ ਹੋ ਸਕਦਾ ਹੈ।