ਫ਼ਿਰੋਜ਼ਪੁਰ 29 ਮਈ 2025 AJ DI awaaj
ਪੰਜਾਬ ਸਰਕਾਰ ਵਲੋਂ ‘ਯੁੱਧ ਨਸ਼ਿਆਂ ਵਿਰੁੱਧ’ ਮੁਹਿੰਮ ਅਧੀਨ ‘ਨਸ਼ਾ ਮੁਕਤੀ ਯਾਤਰਾ’ ਤਹਿਤ ਵਿਧਾਇਕ ਫਿਰੋਜ਼ਪੁਰ ਸ਼ਹਿਰੀ ਸ. ਰਣਬੀਰ ਸਿੰਘ ਭੁੱਲਰ ਵੱਲੋਂ ਪਿੰਡ ਦੁਲਚੀ ਕੇ, ਲੰਗਿਆਣਾ ਅਤੇ ਪੱਲਾ ਮੇਘਾ ਵਿਚ ਜਨ ਸਭਾ ਕੀਤੀ ਗਈ। ਇਸ ਤੋਂ ਇਲਾਵਾ ਚੇਅਰਮੈਨ ਜ਼ਿਲ੍ਹਾ ਯੋਜਨਾ ਕਮੇਟੀ ਸ. ਚੰਦ ਸਿੰਘ ਗਿੱਲ ਅਤੇ ਡਾ. ਅਮਨਦੀਪ ਕੌਰ ਗੋਸਲ (ਕੋਆਰਡੀਨੇਟਰ ਨਸ਼ਾ ਮੁਕਤੀ ਮੋਰਚਾ ਹਲਕਾ ਫਿਰੋਜ਼ਪੁਰ ਸ਼ਹਿਰੀ) ਵੱਲੋਂ ਕਿਲਚਾ, ਨਿਹਾਲੇ ਵਾਲਾ, ਕੁਤਬੇ ਵਾਲਾ ਵਿੱਖੇ ਪਿੰਡ ਵਾਸੀਆਂ ਨਾਲ ਮੀਟਿੰਗ ਕਰਦਿਆਂ ਨਸ਼ਿਆਂ ਨੂੰ ਜੜੋਂ ਖਤਮ ਕਰਨ ਲਈ ਪ੍ਰੇਰਿਤ ਕੀਤਾ ਗਿਆ ਤੇ ਨਸ਼ਿਆਂ ਖਿਲਾਫ ਲੜਨ ਦੀ ਸਹੁੰ ਚੁਕਾਈ ਗਈ।
ਇਸ ਮੌਕੇ ਆਯੋਜਿਤ ਜਾਗਰੂਕਤਾ ਸਭਾ ਦੌਰਾਨ ਪਿੰਡ ਵਾਸੀਆਂ ਨੂੰ ਸੰਬੋਧਨ ਕਰਦਿਆਂ ਵਿਧਾਇਕ ਰਣਬੀਰ ਸਿੰਘ ਭੁੱਲਰ ਨੇ ਲੋਕਾਂ ਨੂੰ ਮੁੱਖ ਮੰਤਰੀ ਪੰਜਾਬ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਵਿੱਚ ਚਲਾਈ ਗਈ ‘ਯੁੱਧ ਨਸ਼ਿਆਂ ਵਿਰੁੱਧ’ ਮੁਹਿੰਮ ਤਹਿਤ ਨਸ਼ਾ ਤਸਕਰਾਂ ਵਿਰੁੱਧ ਇਕਜੁਟ ਹੋਣ ਦਾ ਸੱਦਾ ਦਿੱਤਾ। ਉਨ੍ਹਾਂ ਕਿਹਾ ਕਿ ਪੰਜਾਬ ਦੀ ਜਵਾਨੀ ਤੇ ਪੰਜਾਬ ਨੂੰ ਬਚਾਉਣ ਲਈ ਸੂਬਾ ਸਰਕਾਰ ਨੇ ਕਮਰ ਕਸ ਲਈ ਹੈ, ਇਸ ਨਿਰਣਾਇਕ ਜੰਗ ਵਿੱਚ ਲੋਕਾਂ ਦੇ ਸਾਥ ਦੀ ਬਹੁਤ ਲੋੜ ਹੈ। ਹੁਣ ਸਾਡੀ ਜਿੰਮੇਵਾਰੀ ਬਣਦੀ ਹੈ ਅਸੀਂ ਸਰਕਾਰ ਦਾ ਸਾਥ ਦੇ ਕੇ ਨਸ਼ੇ ਨੂੰ ਪੰਜਾਬ ਵਿਚੋਂ ਖਤਮ ਕਰਨ ਦਾ ਸਹਿਯੋਗ ਦੇਈਏ।
ਚੇਅਰਮੈਨ ਜਿਲ੍ਹਾ ਯੋਜਨਾ ਕਮੇਟੀ ਸ. ਚੰਦ ਸਿੰਘ ਗਿੱਲ ਨੇ ਸੰਦੇਸ਼ ਦਿੰਦਿਆਂ ਕਿਹਾ ਕਿ ਪਿਛਲੀਆਂ ਸਰਕਾਰਾਂ ਨੇ ਪੰਜਾਬ ਨੂੰ ਨਸ਼ਿਆਂ ਦੀ ਦਲਦਲ ‘ਚ ਧਕੇਲਣ ਲਈ ਕੋਈ ਕਸਰ ਨਹੀਂ ਛੱਡੀ ਪਰ ਹੁਣ ਮੁੱਖ ਮੰਤਰੀ ਪੰਜਾਬ ਦੀ ਅਗਵਾਈ ‘ਚ ‘ਰੰਗਲਾ ਪੰਜਾਬ’ ਦੀ ਸਿਰਜਣਾ ਹੋ ਰਹੀ ਹੈ। ਉਨਾਂ ਕਿਹਾ ਕਿ ਲੋਕਾਂ ਦੇ ਸਹਿਯੋਗ ਨਾਲ ਨਾਮੁਰਾਦ ਬਿਮਾਰੀ ਨਸ਼ੇ ਨੂੰ ਜੜੋਂ ਖਤਮ ਕੀਤਾ ਜਾਵੇਗਾ।
ਡਾ. ਅਮਨਦੀਪ ਕੌਰ ਗੋਸਲ (ਕੋਆਰਡੀਨੇਟਰ ਨਸ਼ਾ ਮੁਕਤੀ ਮੋਰਚਾ ਹਲਕਾ ਫਿਰੋਜ਼ਪੁਰ ਸ਼ਹਿਰੀ) ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਪੰਜਾਬ ਸਰਕਾਰ ਵਲੋਂ ਪਿੰਡ, ਕਸਬਿਆਂ ਦੇ ਸ਼ਹਿਰਾਂ ਤੱਕ ਪੁਹੰਚ ਕਰਕੇ ਲੋਕਾਂ ਨੂੰ ਨਸ਼ਿਆਂ ਦੇ ਵਿਰੁੱਧ ਲਾਮਬੰਦ ਕਰਨ ਦੇ ਨਾਲ-ਨਾਲ ਜੋ ਲੋਕ ਕਿਸੇ ਕਾਰਨ ਨਸ਼ਿਆਂ ਦੇ ਜਾਲ ਵਿੱਚ ਫਸ ਗਏ ਹਨ, ਉਨਾਂ ਦਾ ਇਲਾਜ ਕਰਵਾਉਣ ਲਈ ਪ੍ਰੇਰਿਤ ਕੀਤਾ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਸਰਕਾਰ ਵੱਲੋਂ ਨਸ਼ਾ ਛੁਡਾਊ ਕੇਂਦਰਾਂ ਵਿੱਚ ਨਸ਼ਾ ਪੀੜਤਾਂ ਦਾ ਇਲਾਜ ਮੁਫ਼ਤ ਕੀਤਾ ਜਾਂਦਾ ਹੈ। ਉਨ੍ਹਾਂ ਨਸ਼ੇ ਦੀ ਦਲਦਲ ਵਿੱਚ ਫਸੇ ਨੌਜਵਾਨਾਂ ਅਤੇ ਨਸ਼ੇ ਦੇ ਆਦਿ ਲੋਕਾਂ ਪ੍ਰਤੀ ਹਮਦਰੀ ਭਰਿਆ ਰਵੱਈਆ ਅਪਣਾਉਂਦੇ ਹੋਏ ਉਨ੍ਹਾਂ ਨੂੰ ਇਲਾਜ ਕਰਵਾਉਣ ਲਈ ਪ੍ਰੇਰਿਤ ਕਰਨ ਅਤੇ ਉਨ੍ਹਾਂ ਨੂੰ ਮੁੜ ਸਮਾਜ ਦੀ ਮੁੱਖ ਧਾਰਾ ਨਾਲ ਜੋੜਣ ਲਈ ਸੱਦਾ ਦਿੱਤਾ।
ਇਸ ਮੌਕੇ ਡੀ.ਐਸ.ਪੀ. ਸੁਖਵਿੰਦਰ ਸਿੰਘ, ਸੁੱਖਦੇਵ ਸਿੰਘ ਸਰਪੰਚ, ਦਵਿੰਦਰ ਸਿੰਘ ਟੋਨਾ ਓਪਲ, ਜਗਜੀਤ ਸਿੰਘ, ਬੋਹੜ ਸਿੰਘ ਸਰਪੰਚ, ਬਲਵੀਰ ਸਿੰਘ ਸਰਪੰਚ, ਰਾਜ ਬਹਾਦਰ ਸਿੰਘ, ਹਿਮਾਂਸ਼ੂ ਠੱਕਰ, ਅਮਰਿੰਦਰ ਸਿੰਘ, ਗੁਰਭੇਜ ਸਿੰਘ, ਪਰਗਟ ਸਿੰਘ ਮੱਲ, ਕੁੰਵਰਜੋਤ ਸਿੰਘ, ਲਖਵਿੰਦਰ ਸਿੰਘ ਤੋਂ ਇਲਾਵਾ ਹੋਰ ਅਧਿਕਾਰੀ ਤੇ ਵੱਡੀ ਗਿਣਤੀ ਵਿੱਚ ਲੋਕ ਮੌਜੂਦ ਸਨ।














