ਤਲਵੰਡੀ ਭਾਈ(ਫਿਰੋਜ਼ਪੁਰ), 25 ਸਤੰਬਰ 2025 AJ DI Awaaj
Punjab Desk : ਪੀਣ ਵਾਲੇ ਪਾਣੀ ਦੀ ਸਮੱਸਿਆ ਨੂੰ ਲੈ ਕੇ ਲੰਮੇ ਸਮੇਂ ਤੋਂ ਉਡੀਕ ਵਿੱਚ ਬੈਠੇ ਤਲਵੰਡੀ ਭਾਈ ਦੇ ਲੋਕਾਂ ਨੂੰ ਬਹੁਤ ਵੱਡੀ ਰਾਹਤ ਮਿਲਣ ਜਾ ਰਹੀ ਹੈ। ਪਾਣੀ ਦੀ ਇਸ ਸਮੱਸਿਆ ਦਾ ਪੱਕੇ ਤੌਰ ‘ਤੇ ਹੱਲ ਹੋ ਗਿਆ ਹੈ। 21 ਹਜ਼ਾਰ ਦੇ ਲਗਭਗ ਆਬਾਦੀ ਵਾਲੇ ਇਸ ਸ਼ਹਿਰੀ ਕਸਬੇ ਦੇ ਲੋਕਾਂ ਤੱਕ ਆਂਉਦੇ ਸਮੇਂ ਘਰ-ਘਰ ਤੱਕ ਕੁਦਰਤੀ ਤੱਤਾਂ ਨਾਲ ਭਰਪੂਰ ਨਹਿਰੀ ਪਾਣੀ ਪਹੁੰਚਾਇਆ ਜਾਵੇਗਾ।
ਇਹ ਜਾਣਕਾਰੀ ਸਾਂਝੀ ਕਰਦਿਆਂ ਹਲਕਾ ਫ਼ਿਰੋਜ਼ਪੁਰ ਦਿਹਾਤੀ ਦੇ ਵਿਧਾਇਕ ਐਡਵੋਕੇਟ ਰਜਨੀਸ਼ ਦਹੀਯਾ ਨੇ ਦੱਸਿਆ ਕਿ 33 ਕਰੋੜ ਰੁਪਏ ਦੀ ਲਾਗਤ ਨਾਲ ਅੰਮ੍ਰਿਤ ਯੋਜਨਾ ਤਹਿਤ ਤਲਵੰਡੀ ਭਾਈ ਵਿਖੇ ਵੱਡਾ ਪ੍ਰੋਜੈਕਟ ਮੁਕੰਮਲ ਰੂਪ ਵਿੱਚ ਤਿਆਰ ਹੋ ਚੁੱਕਾ ਹੈ। ਦੋ ਪੜਾਵਾਂ ਦੇ ਪਹਿਲੇ ਪੜਾਅ ਵਿੱਚ ਕਰੀਬ ਸਾਡੇ ਸੱਤ ਰੁਪਏ ਦੀ ਕਰੋੜ ਲਾਗਤ ਨਾਲ ਦੋ ਟਿਊਬਵੈਲ ਅਤੇ ਦੋ ਪਾਣੀ ਦੀਆਂ ਵੱਡੀ ਟੈਂਕੀਆਂ ਬਣਾਈ ਜਾਣਗੀਆਂ।
ਵਿਧਾਇਕ ਦਹੀਯਾ ਨੇ ਦੱਸਿਆ ਕਿ ਸ਼ਹਿਰ ਮੰਡੀ ਵਾਲੇ ਪਾਸੇ ਬਣਨ ਵਾਲੀ ਪਾਣੀ ਦੀ ਟੈਂਕੀ ਦੀ ਕਪੈਸਟੀ 50 ਹਜਾਰ ਗੈਲਨ ਹੋਵੇਗੀ ਅਤੇ ਪਿੰਡ ਵਾਲੇ ਪਾਸੇ ਬਣਨ ਵਾਲੀ ਟੈਂਕੀ ਦੀ ਕਪੈਸਟੀ ਡੇਢ ਲੱਖ ਗੈਲਨ ਹੋਵੇਗੀ। ਵਿਧਾਇਕ ਦਹੀਯਾ ਨੇ ਦੱਸਿਆ ਕਿ ਸਰਹੰਦ ਫੀਡਰ ਤੋਂ ਕਰੀਬ ਸਾਡੇ 12 ਕਿਲੋਮੀਟਰ ਲੰਮੀ ਪਾਈਪ ਲਾਈਨ ਤਲਵੰਡੀ ਪਿੰਡ ਵਾਲੇ ਸ਼ਮਸ਼ਾਨ ਘਾਟ ਪਾਸੇ ਤੱਕ ਵਿਛਾਈ ਜਾਵੇਗੀ। ਇਸ ਪਾਈਪ ਲਾਈਨ ਰਾਹੀ ਸਰਹੰਦ ਫੀਡਰ ਨਹਿਰ ਦਾ ਕੁਦਰਤੀ ਤੱਤਾਂ ਨਾਲ ਭਰਪੂਰ ਪਾਣੀ ਤਲਵੰਡੀ ਵਿਖੇ ਬਣਨ ਵਾਲੇ ਵਾਟਰ ਟਰੀਟਮੈਂਟ ਪਲਾਂਟ ਤੱਕ ਪਹੁੰਚੇਗਾ ਇਸ ਪਲਾਂਟ ਦੀ ਕਪੈਸਟੀ ਕਰੀਬ 43 ਲੱਖ ਲੀਟਰ ਪ੍ਰਤੀ ਦਿਨ ਦੀ ਹੋਵੇਗੀ।
ਉਨ੍ਹਾਂ ਨੇ ਦੱਸਿਆ ਕਿ ਦੋਵੇਂ ਪੜਾਵਾਂ ਵਿੱਚ ਮੁਕੰਮਲ ਹੋਣ ਵਾਲੇ ਇਸ ਕੰਮ ਲਈ ਟੈਂਡਰ ਵਰਕ ਪ੍ਰੋਗਰੈਸ ਅਧੀਨ ਹੈ। ਪਹਿਲੇ ਪਹਿਲੇ ਪੜਾਅ ਵਿੱਚ ਬਣਨ ਵਾਲੀਆਂ ਪਾਣੀ ਦੀਆਂ ਟੈਂਕੀਆਂ ਅਤੇ ਟਿਊਬ ਵੈਲਾਂ ਦੇ ਵਰਕ ਆਰਡਰ ਅਲਾਟ ਹੋ ਚੁੱਕੇ ਹਨ। ਪ੍ਰੋਜੈਕਟ ਸਬੰਧੀ ਵਾਟਰ ਸਪਲਾਈ ਅਤੇ ਸੀਵਰੇਜ ਬੋਰਡ ਦੇ ਐਸਡੀਓ ਅਸ਼ੋਕ ਮੈਣੀ ਅਤੇ ਜੇਈ ਮਨਿੰਦਰ ਕੁਮਾਰ ਨਾਲ ਮੀਟਿੰਗ ਕਰਦਿਆਂ ਹੋਇਆ ਵਿਧਾਇਕ ਰਜਨੀਸ਼ ਦਹੀਯਾ ਨੇ ਦੱਸਿਆ ਕਿ ਮੌਜੂਦਾ ਚੱਲ ਰਹੇ ਡਿਸਟਰੀਬਿਊਸ਼ਨ ਕਨੈਕਸ਼ਨਾਂ ਤੋਂ ਇਲਾਵਾ ਨਵੇਂ ਘਰਾਂ ਨੂੰ 1131 ਕਨੈਕਸ਼ਨ ਜਾਰੀ ਕੀਤੇ ਜਾਣਗੇ
ਵਿਧਾਇਕ ਨੇ ਦੱਸਿਆ ਕਿ ਜਦੋਂ ਉਹ 2022 ਦੀਆਂ ਚੋਣਾਂ ਲਈ ਚੋਣ ਪ੍ਰਚਾਰ ਕਰ ਰਹੇ ਸੀ ਤਾਂ ਉਸ ਵੇਲੇ ਲੋਕਾਂ ਵੱਲੋਂ ਪੀਣ ਵਾਲੇ ਸਾਫ ਪਾਣੀ ਅਤੇ ਹੱਡਾ ਰੋੜੀ ਦੀ ਸਮੱਸਿਆ ਨੂੰ ਮੁੱਖ ਰੂਪ ਵਿੱਚ ਚੁੱਕਿਆ ਸੀ। ਉਨ੍ਹਾਂ ਨੇ ਦੱਸਿਆ ਕਿ ਇਹ ਦੋਵੇਂ ਮੁਸ਼ਕਲਾਂ ਸਮੱਸਿਆਵਾਂ ਦਾ ਹੱਲ ਪੱਕੇ ਤੌਰ ‘ਤੇ ਆਉਂਦੇ ਦਿਨਾਂ ਵਿੱਚ ਲੋਕਾਂ ਨੂੰ ਹੁੰਦਾ ਹੋਇਆ ਨਜ਼ਰ ਆਏਗਾ। ਮਾਨਯੋਗ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਜਲਦ ਨੀਂਹ ਪੱਥਰ ਰੱਖਿਆ ਜਾਵੇਗਾ। ਉਨ੍ਹਾਂ ਨੇ ਦੱਸਿਆ ਕਿ ਨਗਰ ਪੰਚਾਇਤ ਕਸਬਾ ਮੁਦਕੀ ਵਿਖੇ ਇਸੇ ਤਰ੍ਹਾਂ ਦੇ ਪ੍ਰੋਜੈਕਟ ਤੇ ਕੰਮ ਜਾਰੀ ਹੈ।
