“ਛੱਤ ਮਿਲੀ ਤਾਂ ਸੁਪਨੇ ਜਗੇ”, ਗਰੀਬ ਦੇ ਘਰ ‘ਚ ਖੁਸ਼ੀ ਦੀ ਕਿਰਣ

31

ਲੰਬੀ, 04 ਫਰਵਰੀ 2026 AJ DI Awaaj

Punjab Desk :  ਪੰਜਾਬ ਸਰਕਾਰ ਦੀ ਲੋਕ—ਭਲਾਈ ਸੋਚ ਅਤੇ ਗਰੀਬ—ਹਿਤੈਸ਼ੀ ਨੀਤੀਆਂ ਨੂੰ ਅਮਲੀ ਜਾਮਾ ਪਾਉਂਦਿਆਂ, ਕੈਬਨਿਟ ਮੰਤਰੀ ਸ. ਗੁਰਮੀਤ ਸਿੰਘ ਖੁੱਡੀਆਂ ਨੇ ਹਲਕਾ ਲੰਬੀ ਦੇ ਪਿੰਡ ਥਰਾਜ ਵਾਲਾ ਵਿਖੇ 26 ਲੋੜਵੰਦ ਪਰਿਵਾਰਾਂ ਨੂੰ ਨਵੇਂ ਮਕਾਨ ਦੀ ਉਸਾਰੀ ਲਈ ਕੁੱਲ 39 ਲੱਖ ਰੁਪਏ ਦੀ ਰਾਸ਼ੀ ਦੇ ਸੈਂਕਸ਼ਨ ਲੈਟਰ ਵੰਡ ਕੇ ਉਨ੍ਹਾਂ ਦੇ ਜੀਵਨ ਵਿੱਚ ਸੁਖ, ਸੁਰੱਖਿਆ ਅਤੇ ਆਸ ਦੀ ਨਵੀਂ ਰੌਸ਼ਨੀ ਜਗਾਈ।

ਇਸ ਸਮਾਰੋਹ ਦੌਰਾਨ ਸੈਂਕਸ਼ਨ ਲੈਟਰ ਪ੍ਰਾਪਤ ਕਰਦੇ ਸਮੇਂ ਕਈ ਲਾਭਪਾਤਰੀਆਂ ਦੀਆਂ ਅੱਖਾਂ ‘ਚ ਖੁਸ਼ੀ ਨਜ਼ਰ ਆਈ, ਕਿਉਂਕਿ ਜਿਨ੍ਹਾਂ ਲਈ ਪੱਕੀ ਛੱਤ ਸਾਲਾਂ ਤੋਂ ਇੱਕ ਅਧੂਰਾ ਸੁਪਨਾ ਸੀ, ਉਹ ਅੱਜ ਸਰਕਾਰ ਦੀ ਮਦਦ ਨਾਲ ਹਕੀਕਤ ਬਣਨ ਜਾ ਰਿਹਾ ਹੈ। ਇਹ ਸਿਰਫ਼ ਮਾਲੀ ਸਹਾਇਤਾ ਨਹੀਂ, ਸਗੋਂ ਗਰੀਬ ਪਰਿਵਾਰਾਂ ਲਈ ਇੱਜ਼ਤ, ਸੁਰੱਖਿਆ ਅਤੇ ਭਵਿੱਖ ਦੀ ਨਵੀਂ ਸ਼ੁਰੂਆਤ ਹੈ।

ਇਸ ਮੌਕੇ ਸੰਬੋਧਨ ਕਰਦਿਆਂ ਕੈਬਨਿਟ ਮੰਤਰੀ ਸ. ਗੁਰਮੀਤ ਸਿੰਘ ਖੁੱਡੀਆਂ ਨੇ ਕਿਹਾ ਕਿ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪੰਜਾਬ ਸਰਕਾਰ ਦਾ ਮਕਸਦ ਸਿਰਫ਼ ਸਕੀਮਾਂ ਬਨਾਉਣਾ ਨਹੀਂ, ਸਗੋਂ ਉਨ੍ਹਾਂ ਨੂੰ ਜ਼ਮੀਨ ‘ਤੇ ਉਤਾਰ ਕੇ ਆਮ ਆਦਮੀ ਦੇ ਜੀਵਨ ‘ਚ ਅਸਲੀ ਬਦਲਾਅ ਲਿਆਉਣਾ ਹੈ। ਉਨ੍ਹਾਂ ਕਿਹਾ ਕਿ ਲੋੜਵੰਦਾਂ ਨੂੰ ਪੱਕਾ ਮਕਾਨ ਦੇਣਾ ਸਰਕਾਰ ਦੀ ਪ੍ਰਾਥਮਿਕਤਾ ਹੈ ਤਾਂ ਜੋ ਕੋਈ ਵੀ ਪਰਿਵਾਰ ਬਿਨਾਂ ਛੱਤ ਦੇ, ਬੇਸਹਾਰਾ ਮਹਿਸੂਸ ਨਾ ਕਰੇ।

ਉਨ੍ਹਾਂ ਵਧੇਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਪ੍ਰਤੀ ਲਾਭਪਾਤਰੀ 1.5 ਲੱਖ ਰੁਪਏ ਦੀ ਮਾਲੀ ਸਹਾਇਤਾ ਦੇ ਤੌਰ ‘ਤੇ ਕੁੱਲ 26 ਪਰਿਵਾਰਾਂ ਨੂੰ ਇਹ ਸੈਂਕਸ਼ਨ ਲੈਟਰ ਜਾਰੀ ਕੀਤੇ ਗਏ ਹਨ। ਇਹ ਰਾਸ਼ੀ ਨਵੇਂ ਮਕਾਨ ਦੀ ਉਸਾਰੀ ਵਿੱਚ ਮਦਦਗਾਰ ਸਾਬਤ ਹੋਵੇਗੀ ਅਤੇ ਲਾਭਪਾਤਰੀਆਂ ਦੇ ਸਿਰ ਉੱਪਰ ਪੱਕੀ ਛੱਤ ਦਾ ਸੁਪਨਾ ਸਾਕਾਰ ਕਰਨ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਏਗੀ।

ਕੈਬਨਿਟ ਮੰਤਰੀ ਨੇ ਕਿਹਾ, “ਘਰ ਸਿਰਫ਼ ਇੱਟਾਂ ਅਤੇ ਸੀਮੈਂਟ ਨਾਲ ਨਹੀਂ ਬਣਦਾ, ਘਰ ਇੱਜ਼ਤ, ਸੁਰੱਖਿਆ ਅਤੇ ਸੁਖ ਦਾ ਨਾਂ ਹੈ। ਜਦੋਂ ਪਰਿਵਾਰ ਨੂੰ ਆਪਣੀ ਛੱਤ ਮਿਲਦੀ ਹੈ, ਤਾਂ ਬੱਚਿਆਂ ਦੀ ਪੜ੍ਹਾਈ, ਸਿਹਤ ਅਤੇ ਭਵਿੱਖ ਆਪੇ ਹੀ ਸੁਰੱਖਿਅਤ ਹੋ ਜਾਂਦਾ ਹੈ। ਪੰਜਾਬ ਸਰਕਾਰ ਗਰੀਬ ਦੀ ਢਾਲ ਬਣ ਕੇ ਖੜੀ ਹੈ।”

ਉਨ੍ਹਾਂ ਨੇ ਇਹ ਵੀ ਦੱਸਿਆ ਕਿ ਸਰਕਾਰ ਵੱਲੋਂ ਲੋਕਾਂ ਨਾਲ ਕੀਤੇ ਗਏ ਹਰ ਵਾਅਦੇ ਨੂੰ ਇੱਕ—ਇੱਕ ਕਰਕੇ ਪੂਰਾ ਕੀਤਾ ਜਾ ਰਿਹਾ ਹੈ ਅਤੇ ਕਿਸੇ ਵੀ ਯੋਗ ਲਾਭਪਾਤਰੀ ਨੂੰ ਸਰਕਾਰੀ ਸਕੀਮਾਂ ਤੋਂ ਵਾਂਝਾ ਨਹੀਂ ਰਹਿਣ ਦਿੱਤਾ ਜਾਵੇਗਾ। ਉਨ੍ਹਾਂ ਨੇ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਕਿ ਲਾਭਪਾਤਰੀਆਂ ਨੂੰ ਕਿਸੇ ਵੀ ਤਰ੍ਹਾਂ ਦੀ ਦਫ਼ਤਰੀ ਦੇਰੀ ਜਾਂ ਪਰੇਸ਼ਾਨੀ ਨਾ ਹੋਵੇ।

ਇਸ ਮੌਕੇ ਸਰਪੰਚ ਦਰਸ਼ਨ ਸਿੰਘ, ਮਨਪ੍ਰੀਤ ਪੋਪੀ, ਕੁਲਵਿੰਦਰ ਸਿੰਘ, ਅੰਗਰੇਜ਼ ਮੈਂਬਰ, ਰਛਪਾਲ ਮੈਂਬਰ, ਕਾਰਜ ਮੈਂਬਰ, ਜਗਦੀਸ਼ ਮੈਂਬਰ, ਸੁਖਪਾਲ ਰਾਜੂ, ਸੰਦੀਪ ਨੰਬਰਦਾਰ, ਦਪਿੰਦਰ ਦੀਪੀ, ਗੁਰਮੁੱਖ ਮੈਂਬਰ ਸਮੇਤ ਵੱਡੀ ਗਿਣਤੀ ਵਿੱਚ ਪਿੰਡ ਵਾਸੀ ਹਾਜ਼ਰ ਸਨ, ਜਿਨ੍ਹਾਂ ਨੇ ਸਰਕਾਰ ਦੇ ਇਸ ਲੋਕ—ਭਲਾਈ ਕਦਮ ਦੀ ਭਰਪੂਰ ਸ਼ਲਾਘਾ ਕੀਤੀ।

ਪਿੰਡ ਵਾਸੀਆਂ ਨੇ ਕਿਹਾ ਕਿ ਇਹ ਸਹਾਇਤਾ ਸਿਰਫ਼ ਰਕਮ ਨਹੀਂ, ਸਗੋਂ ਗਰੀਬ ਦੇ ਜੀਵਨ ਵਿੱਚ ਆਤਮ—ਵਿਸ਼ਵਾਸ ਅਤੇ ਨਵੇਂ ਸਵੇਰੇ ਦੀ ਉਮੀਦ ਹੈ।