ਚੰਡੀਗੜ੍ਹ, 26 ਅਕਤੂਬਰ, 2025 (ਅੱਜ ਦੀ ਆਵਾਜ਼ ਬਿਊਰੋ) – ਰਿਲੀਜਨਜ਼ ਫਾਰ ਪੀਸ ਅਮਰੀਕਾ ਦੇ ਕਾਰਜਕਾਰੀ ਨਿਰਦੇਸ਼ਕ ਡਾ. ਤਰੁਨਜੀਤ ਸਿੰਘ ਬੁਤਾਲੀਆ ਨੂੰ ਮਿਨਹਾਜ ਯੂਨੀਵਰਸਿਟੀ, ਲਾਹੌਰ ਵਿਖੇ ਆਯੋਜਿਤ ਅੰਤਰ-ਧਰਮ ਸਦਭਾਵਨਾ ਅਤੇ ਸਿੱਖ ਵਿਰਾਸਤ ਦੀ ਸੰਭਾਲ ਪ੍ਰਤੀ ਉਨ੍ਹਾਂ ਦੀ ਜੀਵਨ ਭਰ ਦੀ ਵਚਨਬੱਧਤਾ ਦੇ ਸਨਮਾਨ ਵਿੱਚ ਜੀਵਨ ਭਰ ਦੀ ਪ੍ਰਾਪਤੀ (ਲਾਈਫਟਾਈਮ ਅਚੀਵਮੈਂਟ) ਐਵਾਰਡ ਨਾਲ ਸਨਮਾਨਿਤ ਕੀਤਾ ਗਿਆ ਹੈ।
ਇਹ ਪੁਰਸਕਾਰ ਵਿਸ਼ਵ ਧਰਮਾਂ ‘ਤੇ 8ਵੀਂ ਅੰਤਰਰਾਸ਼ਟਰੀ ਕਾਨਫਰੰਸ ਦੌਰਾਨ ਪੇਸ਼ ਕੀਤਾ ਗਿਆ ਜਿੱਥੇ ਮਿਨਹਾਜ ਯੂਨੀਵਰਸਿਟੀ ਦੇ ਚੇਅਰਮੈਨ ਡਾ. ਹੁਸੈਨ ਕਾਦਰੀ ਅਤੇ ਵਾਈਸ-ਚਾਂਸਲਰ ਡਾ. ਐਸ.ਐਮ. ਸ਼ਹਿਜ਼ਾਦ ਨੇ ਡਾ. ਬੁਤਾਲੀਆ ਨੂੰ ਸਨਮਾਨਿਤ ਕੀਤਾ। ਇਸੇ ਸਮਾਰੋਹ ਵਿੱਚ ਕ੍ਰਿਸ਼ਚੀਅਨ ਸਟੱਡੀ ਸੈਂਟਰ, ਰਾਵਲਪਿੰਡੀ ਦੇ ਡਾਇਰੈਕਟਰ ਬਿਸ਼ਪ ਸੈਮੂਅਲ ਰਾਬਰਟ ਅਜ਼ਾਰੀਆ ਨੂੰ ਵੀ ਰਾਸ਼ਟਰੀ ਲਾਈਫਟਾਈਮ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ।
ਵਿਸ਼ਵ ਪੱਧਰੀ ਇਸ ਕਾਨਫਰੰਸ ਨੇ “ਲਚਕੀਲੇ ਸਮਾਜਾਂ ਦਾ ਨਿਰਮਾਣ : ਕੱਟੜਤਾ ਨੂੰ ਜੜ੍ਹਾਂ ਤੋਂ ਰੋਕਣਾ” ਵਿਸ਼ੇ ਹੇਠ ਪ੍ਰਮੁੱਖ ਧਾਰਮਿਕ ਵਿਦਵਾਨਾਂ ਅਤੇ ਵਿਸ਼ਵਵਿਆਪੀ ਧਾਰਮਿਕ ਸ਼ਖਸੀਅਤਾਂ ਨੂੰ ਇਕੱਠਾ ਕੀਤਾ। ਦੋ ਦਿਨਾਂ ਦੇ ਵਿਚਾਰ-ਵਟਾਂਦਰੇ ਦੌਰਾਨ ਵਧ ਰਹੇ ਧਰੁਵੀਕਰਨ ਅਤੇ ਅਸਹਿਣਸ਼ੀਲਤਾ ਦੇ ਯੁੱਗ ਵਿੱਚ ਅੰਤਰ-ਧਰਮ ਸੰਵਾਦ ਨੂੰ ਉਤਸ਼ਾਹਿਤ ਕਰਨ ਅਤੇ ਸਮਾਜਿਕ ਏਕਤਾ ਨੂੰ ਉਤਸ਼ਾਹਿਤ ਕਰਨ ‘ਤੇ ਕੇਂਦ੍ਰਿਤ ਕੀਤਾ ਗਿਆ।
ਪੁਰਸਕਾਰ ਪ੍ਰਾਪਤ ਕਰਨ ਉਪਰੰਤ ਡਾ. ਬੁਤਾਲੀਆ ਨੇ ਯੂਨੀਵਰਸਿਟੀ ਅਤੇ ਕਾਨਫਰੰਸ ਆਯੋਜਕਾਂ ਦਾ ਧੰਨਵਾਦ ਕਰਦਿਆਂ ਇਸ ਪੁਰਸਕਾਰ ਨੂੰ ਦੁਨੀਆ ਭਰ ਵਿੱਚ ਅੰਤਰ-ਧਰਮ ਸਹਿਯੋਗ ਨੂੰ ਅੱਗੇ ਵਧਾਉਣ ਵਾਲਿਆਂ ਦੇ ਸਮੂਹਿਕ ਯਤਨਾਂ ਲਈ ਹੌਸਲਾ ਅਫਜਾਈ ਦੱਸਿਆ। ਉਨ੍ਹਾਂ ਨੇ ਵੱਖ-ਵੱਖ ਭਾਈਚਾਰਿਆਂ ਵਿੱਚ ਪਈਆਂ ਵੰਡਾਂ ਨੂੰ ਦਰੁਸਤ ਕਰਨ ਅਤੇ ਆਪਸੀ ਸਤਿਕਾਰ-ਸਹਿਚਾਰ ਨੂੰ ਉਤਸ਼ਾਹਿਤ ਕਰਨ ਵਿੱਚ ਦੁਵੱਲੇ ਸੰਵਾਦ ਦੀ ਮਹੱਤਵਪੂਰਨ ਭੂਮਿਕਾ ‘ਤੇ ਜ਼ੋਰ ਦਿੱਤਾ।
ਇਸ ਸਮਾਗਮ ਵਿੱਚ ਡਾ. ਬੁਤਾਲੀਆ ਵੱਲੋਂ ਸ਼ਾਂਤੀ ਦੇ ਇੱਕ ਵਿਸ਼ਵਵਿਆਪੀ ਰਾਜਦੂਤ, ਸਭਿਆਚਾਰਾਂ ਅਤੇ ਧਰਮਾਂ ਵਿਚਕਾਰ ਇੱਕ ਪੁਲ-ਨਿਰਮਾਤਾ ਵਜੋਂ ਸਥਾਈ ਪ੍ਰਭਾਵ ਪਾਉਣ ਅਤੇ ਅੰਤਰ-ਧਰਮ ਲੀਡਰਸ਼ਿਪ ਦੇ ਖੇਤਰ ਵਿੱਚ ਉਨ੍ਹਾਂ ਦੇ ਵਿਲੱਖਣ ਸਥਾਨ ਦੀ ਸਰਾਹਨਾ ਕੀਤੀ।














