ਸੱਪ ਦੇ ਡੰਗਣ ‘ਤੇ ਘਰੇਲੂ ਇਲਾਜ ‘ਤੇ ਸਮਾਂ ਬਰਬਾਦ ਨਾ ਕਰੋ

44
ਪੰਜਾਬ ਵਿੱਚ ਐਸ.ਆਈ.ਆਰ

ਫਾਜਿਲਕਾ 20 ਸਤੰਬਰ 2025 Aj Di Awaaj

Punjab Desk : ਸਿਵਲ ਸਰਜਨ ਡਾਕਟਰ ਰਾਜ ਕੁਮਾਰ ਦੀ ਉਚੇਚੀ ਨਿਗਰਾਨੀ ਵਿੱਚ ਸਹਾਇਕ ਸਿਵਲ ਸਰਜਨ ਕਮ ਨੋਡਲ ਅਫਸਰ ਡਾਕਟਰ ਰੋਹਿਤ ਗੋਇਲ ਨੇ ਦੱਸਿਆ ਕਿ ਸਿਹਤ ਵਿਭਾਗ ਵੱਲੋ ਸੱਪ ਦੇ ਡੰਗਣ ਬਾਰੇ ਜਾਗਰੂਕਤਾ ਦਿਵਸ ਮਨਾਇਆ । ਡਾਕਟਰ ਰੋਹਿਤ ਗੋਇਲ ਨੇ ਦੱਸਿਆ ਕਿ ਸੱਪ ਦੇ ਡੰਗਣ ‘ਤੇ ਲੋਕਾਂ ਦੀ ਪ੍ਰਤੀਕਿਰਿਆ ਸੱਪ ਦੇ ਡੰਗਣ ਨਾਲੋਂ ਜ਼ਿਆਦਾ ਖ਼ਤਰਨਾਕ ਹੁੰਦੀ ਹੈ। ਅੱਜ ਵੀ ਬਹੁਤ ਸਾਰੇ ਲੋਕ ਤਾਂਤਰਿਕਾ ਜਾਂ ਘਰੇਲੂ ਇਲਾਜ ‘ਤੇ ਵਿਸ਼ਵਾਸ ਕਰਦੇ ਹਨ। ਇਸ ਪ੍ਰਕਿਰਿਆ ਵਿੱਚ ਜ਼ਹਿਰ ਸਰੀਰ ‘ਚ ਫੈਲ ਜਾਂਦਾ ਹੈ ਤੇ ਫਿਰ ਇਲਾਜ ਮੁਸ਼ਕਲ ਹੋ ਜਾਂਦਾ ਹੈ। ਜੇਕਰ ਸੱਪ ਦੇ ਡੰਗਣ ਦੇ ਪਹਿਲੇ 60 ਮਿੰਟਾ ‘ਚ ਇਲਾਜ ਕੀਤਾ ਜਾਵੇ ਤਾਂ ਪੀੜਤ ਦੀ ਜਾਨ ਬਚਾਉਣਾ ਆਸਾਨ ਹੈ।

ਸਿਵਲ ਹਸਪਤਾਲ ਫ਼ਾਜ਼ਿਲਕਾ, ਅਬੋਹਰ ਅਤੇ ਜਲਾਲਾਬਾਦ ਦੀ ਐਮਰਜੈਂਸੀ ‘ਚ ਸੱਪ ਦੇ ਜ਼ਹਿਰ ਵਿਰੋਧੀ ਟੀਕਿਆਂ ਦਾ ਪੂਰਾ ਸਟਾਕ ਉਪਲੱਬਧ ਹੈ ਤੇ ਸਿਖਲਾਈ ਪ੍ਰਾਪਤ ਡਾਕਟਰ 24 ਘੰਟੇ ਤਾਇਨਾਤ ਹਨ। ਇਸ ਦਾ ਇਲਾਜ ਬਿਲਕੁਲ ਮੁਫ਼ਤ ਹੈ। ਐਂਟੀ-ਵੇਨਮ ਟੀਕਾ ਹੀ ਸਭ ਤੋਂ ਪ੍ਰਭਾਵਸ਼ਾਲੀ ਇਲਾਜ ਹੈ। ਸੱਪ ਦੇ ਡੰਗਣ ‘ਤੇ ਹਰ ਹਾਲਤ ਵਿੱਚ ਪਹਿਲਾਂ ਮਰੀਜ਼ ਨੂੰ ਸ਼ਾਂਤ ਕਰਨਾ ਜ਼ਰੂਰੀ ਹੈ। ਡਰ ਦਿਲ ਦੀ ਧੜਕਣ ਨੂੰ ਵਧਾਉਂਦਾ ਹੈ, ਜਿਸ ਕਾਰਨ ਜ਼ਹਿਰ ਪੂਰੇ ਸਰੀਰ ‘ਚ ਤੇਜ਼ੀ ਨਾਲ ਫੈਲਦਾ ਹੈ। ਉਹਨਾਂ ਕਿਹਾ ਕਿ ਜ਼ਖ਼ਮ ਨੂੰ ਕੱਸ ਕੇ ਨਾ ਬੰਨ੍ਹੋ, ਕਿਉਂਕਿ ਇਸ ਨਾਲ ਟਿਸ਼ੂ ਨੂੰ ਨੁਕਸਾਨ ਹੋ ਸਕਦਾ ਹੈ। ਕੱਟ ਵਾਲੀ ਥਾਂ ਨੂੰ ਸਾਫ਼ ਕੱਪੜੇ ਨਾਲ ਢੱਕੋ, ਸਪਲਿੰਟ ਦੀ ਮਦਦ ਨਾਲ ਸੱਪ ਦੇ ਡੰਗ ਵਾਲੀ ਥਾਂ ਨੂੰ ਸਥਿਰ ਰੱਖੋ। ਜਦੋਂ ਸੱਪ ਡੰਗਦਾ ਹੈ ਤਾਂ ਮੂੰਹ ਨਾਲ ਜ਼ਹਿਰ ਨੂੰ ਚੂਸਣ ਦੀ ਕੋਸ਼ਿਸ਼ ਨਾ ਕਰੋ। ਕੋਈ ਸਥਾਨਕ ਦਵਾਈ ਜਾਂ ਜੜੀ-ਬੂਟੀ ਨਾ ਲਗਾਓ, ਬਰਫ਼ ਤੇਲ ਜਾਂ ਗਰਮ ਪਾਣੀ ਦੀ ਵਰਤੋਂ ਨਾ ਕਰੋ। ਆਪਣੇ-ਆਪ ਦਵਾਈ ਨਾ ਲਓ ਤੇ ਘਰੇਲੂ ਇਲਾਜ ‘ਚ ਸਮਾਂ ਬਰਬਾਦ ਨਾ ਕਰੋ। ਜਿੰਨੀ ਜਲਦੀ ਹੋ ਸਕੇ ਵਿਅਕਤੀ ਨੂੰ ਨੇੜਲੇ ਹਸਪਤਾਲ ਲੈ ਜਾਓ।

 ਜ਼ਿਲ੍ਹਾ ਮਾਸ ਮੀਡੀਆ ਅਫਸਰ ਵਿਨੋਦ ਖੁਰਾਨਾ ਅਤੇ ਡਿਪਟੀ ਮਾਸ ਮੀਡੀਆ ਅਫਸਰ ਮਨਬੀਰ ਸਿੰਘ ਨੇ ਲੋਕਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਕਿਸੇ ਵੀ ਮੈਡੀਕਲ ਐਮਰਜੈਂਸੀ ਲਈ 104 ਮੈਡੀਕਲ ਹੈਲਪਲਾਈਨ ‘ਤੇ ਸੰਪਰਕ ਕੀਤਾ ਜਾ ਸਕਦਾ ਹੈ