ਟਾਇਲਟ ਫਲੱਸ਼ ਕਰਦੇ ਸਮੇਂ ਢੱਕਣ ਖੁੱਲ੍ਹਾ ਰੱਖਦੇ ਹੋ? ਅਮਰੀਕੀ ਰਿਸਰਚ ਨੇ ਖੋਲ੍ਹ ਦਿੱਤਾ ਲੁਕਿਆ ਖ਼ਤਰਾ

6

03 ਜਨਵਰੀ, 2026 ਅਜ ਦੀ ਆਵਾਜ਼

Lifestyle Desk:   ਟਾਇਲਟ ਫਲੱਸ਼ ਕਰਨਾ ਸਾਡੇ ਰੋਜ਼ਾਨਾ ਦੇ ਜੀਵਨ ਦੀ ਇਕ ਆਮ ਆਦਤ ਹੈ। ਅਕਸਰ ਅਸੀਂ ਬਿਨਾਂ ਸੋਚੇ ਸਮਝੇ ਫਲੱਸ਼ ਕਰਦੇ ਹਾਂ ਅਤੇ ਇਹ ਮੰਨ ਲੈਂਦੇ ਹਾਂ ਕਿ ਸਾਰੀ ਗੰਦਗੀ ਪਾਣੀ ਨਾਲ ਬਹਿ ਗਈ ਹੈ। ਪਰ ਅਮਰੀਕਾ ਵਿੱਚ ਹੋਈ ਇਕ ਤਾਜ਼ਾ ਵਿਗਿਆਨਕ ਖੋਜ ਨੇ ਇਸ ਆਮ ਆਦਤ ਨਾਲ ਜੁੜੇ ਵੱਡੇ ਸਿਹਤ ਖ਼ਤਰੇ ਨੂੰ ਬੇਨਕਾਬ ਕਰ ਦਿੱਤਾ ਹੈ।

‘ਅਮਰੀਕਨ ਜਰਨਲ ਆਫ ਇਨਫੈਕਸ਼ਨ ਕੰਟਰੋਲ’ ਵਿੱਚ ਛਪੀ ਇਸ ਸਟਡੀ ਮੁਤਾਬਕ, ਜਦੋਂ ਟਾਇਲਟ ਫਲੱਸ਼ ਕੀਤਾ ਜਾਂਦਾ ਹੈ ਤਾਂ ਬਹੁਤ ਹੀ ਬਰੀਕ ਤੇ ਅਦ੍ਰਿਸ਼ਟ ਕਣ ਹਵਾ ਦੇ ਦਬਾਅ ਨਾਲ ਤੇਜ਼ੀ ਨਾਲ ਉੱਪਰ ਵੱਲ ਉੱਡਦੇ ਹਨ। ਇਹ ਕਣ ਇੰਨੇ ਸੁੱਖੇ ਹੁੰਦੇ ਹਨ ਕਿ ਨੰਗੀਆਂ ਅੱਖਾਂ ਨਾਲ ਦਿਖਾਈ ਨਹੀਂ ਦਿੰਦੇ, ਪਰ ਇਹ ਬਾਥਰੂਮ ਵਿੱਚ ਮੌਜੂਦ ਸਤ੍ਹਾਵਾਂ, ਟੂਥਬਰਸ਼, ਤੌਲੀਏ ਅਤੇ ਹੋਰ ਨਿੱਜੀ ਸਮਾਨ ’ਤੇ ਜਾ ਕੇ ਜਮ੍ਹਾ ਹੋ ਸਕਦੇ ਹਨ।

ਖੋਜ ਦੌਰਾਨ ਇਹ ਵੀ ਸਾਹਮਣੇ ਆਇਆ ਕਿ ਟਾਇਲਟ ਦਾ ਢੱਕਣ ਬੰਦ ਕਰਨ ਨਾਲ ਵੀ ਇਹ ਕਣ ਪੂਰੀ ਤਰ੍ਹਾਂ ਨਹੀਂ ਰੁਕਦੇ। ਇਸ ਦਾ ਕਾਰਨ ਇਹ ਹੈ ਕਿ ਟਾਇਲਟ ਸੀਟ ਅਤੇ ਢੱਕਣ ਦੇ ਵਿਚਕਾਰ ਖਾਲੀ ਥਾਂ ਹੁੰਦੀ ਹੈ, ਜਿਥੋਂ ਹਵਾ ਅਤੇ ਬੂੰਦਾਂ ਬਾਹਰ ਨਿਕਲ ਜਾਂਦੀਆਂ ਹਨ। ਹਾਲਾਂਕਿ, ਢੱਕਣ ਬੰਦ ਕਰਨਾ ਫਿਰ ਵੀ ਸਮਝਦਾਰੀ ਭਰਿਆ ਕਦਮ ਹੈ ਕਿਉਂਕਿ ਇਸ ਨਾਲ ਵੱਡੀਆਂ ਬੂੰਦਾਂ ਦਾ ਫੈਲਾਅ ਕਾਫ਼ੀ ਹੱਦ ਤੱਕ ਘੱਟ ਹੋ ਜਾਂਦਾ ਹੈ।

ਵਿਸ਼ੇਸ਼ਗਿਆਨ ਦਾ ਕਹਿਣਾ ਹੈ ਕਿ ਸਿਰਫ਼ ਢੱਕਣ ਬੰਦ ਕਰਨਾ ਹੀ ਕਾਫ਼ੀ ਨਹੀਂ। ਬਾਥਰੂਮ ਦੀ ਨਿਯਮਤ ਸਫ਼ਾਈ, ਟਾਇਲਟ ਸੀਟ ਅਤੇ ਫਲੱਸ਼ ਹੈਂਡਲ ਨੂੰ ਡਿਸਇੰਫੈਕਟ ਕਰਨਾ, ਢੁੱਕਵੀਂ ਹਵਾ ਦੀ ਆਵਾਜਾਈ (ਵੈਂਟੀਲੇਸ਼ਨ) ਅਤੇ ਨਿੱਜੀ ਸਮਾਨ ਨੂੰ ਟਾਇਲਟ ਤੋਂ ਦੂਰ ਰੱਖਣਾ ਵੀ ਬਹੁਤ ਜ਼ਰੂਰੀ ਹੈ।

ਇਹ ਖੋਜ ਸਾਨੂੰ ਇਹ ਸਿਖਾਉਂਦੀ ਹੈ ਕਿ ਸਾਫ਼-ਸਫ਼ਾਈ ਸਿਰਫ਼ ਦਿਖਾਵੇ ਲਈ ਨਹੀਂ, ਸਗੋਂ ਸਿਹਤਮੰਦ ਜੀਵਨ ਲਈ ਬਹੁਤ ਅਹਿਮ ਹੈ। ਛੋਟੀ ਜਿਹੀ ਸਾਵਧਾਨੀ ਅਪਣਾ ਕੇ ਅਸੀਂ ਵੱਡੀਆਂ ਬਿਮਾਰੀਆਂ ਤੋਂ ਆਪਣੇ ਆਪ ਨੂੰ ਬਚਾ ਸਕਦੇ ਹਾਂ।