ਦਿਵਿਆਂਗਜਨਾਂ ਲਈ ਚੋਣ ਪ੍ਰਕਿਰਿਆ ਯਕੀਨੀ ਬਣਾਉਣ ਲਈ ਜ਼ਿਲ੍ਹਾ ਨਿਗਰਾਨ ਕਮੇਟੀ ਦੀ ਹੋਈ ਮੀਟਿੰਗ

59

ਹੁਸ਼ਿਆਰਪੁਰ, 23 ਮਈ 2025 AJ DI Awaaj
ਦਿਵਿਆਂਗਜਨਾਂ ਨੂੰ ਵੋਟਿੰਗ ਪ੍ਰਕਿਰਿਆ ਵਿਚ ਹਿੱਸਾ ਲੈਣ ਦੇ ਬਰਾਬਰ ਮੌਕੇ ਪ੍ਰਦਾਨ ਕਰਨ ਲਈ ਜ਼ਿਲ੍ਹਾ ਮੋਨੀਟਰਿੰਗ ਕਮੇਟੀ ਆਨ ਅਸੈਸੀਬਲ ਇਲੈਕਸ਼ਨ (ਡੀ.ਐਮ.ਸੀ.ਏ.ਐਫ) ਦੀ ਮਹੱਤਵਪੂਰਨ ਮੀਟਿੰਗ ਡਿਪਟੀ ਕਮਿਸ਼ਨਰ ਆਸ਼ਿਕਾ ਜੈਨ ਦੇ ਦਿਸ਼ਾ-ਨਿਰਦੇਸ਼ਾਂ ‘ਤੇ ਆਯੋਜਿਤ ਕੀਤੀ ਗਈ।
ਮੀਟਿੰਗ ਵਿਚ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ, ਐਨ.ਜੀ.ਓ ਨੁਮਾਇੰਦਿਆਂ ਅਤੇ ਦਿਵਿਆਂਗਜਨਾਂ ਨਾਲ ਸਬੰਧਤ ਸੰਸਥਾਵਾਂ ਨੇ ਭਾਗ ਲਿਆ। ਇਸ ਮੌਕੇ ਕਮੇਟੀ ਦੇ ਨੋਡਲ ਅਫ਼ਸਰ ਜ਼ਿਲ੍ਹਾ ਸਮਾਜਿਕ ਸੁਰੱਖਿਆ ਅਫ਼ਸਰ ਮਨਪ੍ਰੀਤ ਸਿੰਘ ਨੇ ਮੀਟਿੰਗ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਚੋਣ ਕਮਿਸ਼ਨ ਦਾ ਉਦੇਸ਼ ਹੈ ਕਿ ਚੋਣ ਪ੍ਰਕਿਰਿਆ ਹਰ ਵਿਅਕਤੀ ਲਈ ਪਹੁੰਚਯੋਗ ਅਤੇ ਸਮਾਵੇਸ਼ੀ ਹੋਵੇ, ਵਿਸ਼ੇਸ਼ ਰੂਪ ਨਾਲ ਦਿਵਿਆਂਗ ਵੋਟਰਾਂ ਦੇ ਲਈ।
ਉਨ੍ਹਾਂ ਕਿਹਾ ਕਿ ਪੋਲਿੰਗ ਸਟੇਸ਼ਨਾਂ ‘ਤੇ ਰੈਂਪ, ਵ੍ਹੀਲਚੇਅਰ, ਬ੍ਰੇਲ ਵਿਚ ਵੋਟਰ ਸੂਚੀਆਂ, ਸੂਚਕ ਬੋਰਡ, ਸਾਈਨ ਲੈਂਗੂਏਜ ਇੰਟਰਪ੍ਰੇਟਰ ਅਤੇ ਹੈਲਪਲਾਈਨ ਨੰਬਰ ਵਰਗੀਆਂ ਸਹੂਲਤਾਂ ਪ੍ਰਦਾਨ ਕੀਤੀਆਂ ਜਾਣਗੀਆਂ। ਨਾਲ ਹੀ, ਦਿਦਿਆਂਗ ਵੋਟਰਾਂ ਦੀ ਪਹਿਚਾਣ ਕਰਕੇ ਉਨ੍ਹਾਂ ਦੇ ਘਰ ਤੋਂ ਵੋਟ ਕੇਂਦਰ ਤੱਕ ਆਉਣ-ਜਾਣ ਦੇ ਵਿਸ਼ੇਸ਼  ਇੰਤਜ਼ਾਮ ਕੀਤੇ ਜਾਣਗੇ।
ਮੀਟਿੰਗ ਵਿਚ ਸੁਝਾਅ ਦਿੱਤਾ ਗਿਆ ਕਿ ਦਿਵਿਆਂਗਜਨਾਂ ਦੀਆਂ ਸੂਚੀਆਂ ਬਣਾ ਕੇ ਰਜਿਸਟਰਡ ਵੋਟਰਾਂ ਤੱਕ ਪਹੁੰਚ ਬਣਾਈ ਜਾਵੇ। ਇਸ ਤੋਂ ਇਲਾਵਾ, ਉਨ੍ਹਾਂ ਦੀ ਸਹੂਲਤ ਲਈ ਵਿਸ਼ੇਸ਼ ਤੌਰ ‘ਤੇ ਸਿਖਲਾਈ ਪ੍ਰਾਪਤ ਵਲੰਟੀਅਰਾਂ ਨੂੰ ਤਾਇਨਾਤ ਕਰਨ ਦਾ ਵੀ ਪ੍ਰਸਤਾਵ ਰੱਖਿਆ ਗਿਆ।
ਚੋਣ ਕਾਨੂੰਗੋ ਦੀਪਕ ਕੁਮਾਰ ਨੇ ਕਿਹਾ ਕਿ ਜਨ ਜਾਗਰੂਕਤਾ ਪ੍ਰੋਗਰਾਮਾਂ ਰਾਹੀਂ ਦਿਵਿਆਗਜਨ ਵਿਅਕਤੀਆਂ ਨੂੰ ਪ੍ਰੇਰਿਤ ਕੀਤਾ ਜਾਵੇਗਾ ਤਾਂ ਜੋ ਉਹ ਸੁਤੰਤਰ ਤੌਰ ‘ਤੇ ਵੋਟ ਪਾ ਸਕਣ। ਇਸ ਮੌਕੇ ਡਿਪਟੀ ਡੀ.ਈ.ਓ ਧੀਰਜ ਵਸ਼ਿਸ਼ਟ, ਸ਼ੈਲੇਂਦਰ ਠਾਕੁਰ, ਇੰਦਰਜੀਤ ਨੰਦਨ, ਪ੍ਰਦੀਪ ਕੁਮਾਰ, ਹਰਿੰਦਰ ਸਿੰਘ ਫਲੋਰਾ, ਡਾ. ਨਿਸ਼ਾ ਮੋਦੀ, ਆਰਤੀ ਤੋਂ ਇਲਾਵਾ ਕਮੇਟੀ ਦੇ ਹੋਰ ਮੈਂਬਰ ਵੀ ਮੌਜੂਦ ਸਨ।