ਬਰਨਾਲਾ, 23 ਮਈ 2025 Aj Di Awaaj
ਜ਼ਿਲ੍ਹਾ ਮੈਜਿਸਟਰੇਟ ਬਰਨਾਲਾ ਸ੍ਰੀ ਟੀ ਬੈਨਿਥ ਨੇ ਭਾਰਤੀ ਨਾਗਰਿਕ ਸੁਰੱਖਿਆ ਸੰਘਤਾ, 2023 ਦੀ ਧਾਰਾ 163 ਤਹਿਤ ਪ੍ਰਾਪਤ ਹੋਏ ਅਧਿਕਾਰਾਂ ਦੀ ਵਰਤੋਂ ਕਰਦਿਆਂ ਕਿਹਾ ਕਿ ਜ਼ਮੀਨ ਮਾਲਕਾਂ ਨੂੰ ਖੂਹ/ਬੋਰ ਲਗਾਉਣ ਲਈ 15 ਦਿਨ ਪਹਿਲਾਂ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਬਰਨਾਲਾ ਤੋਂ ਲਿਖ਼ਤੀ ਪ੍ਰਵਾਨਗੀ ਲੈਣੀ ਲਾਜ਼ਮੀ ਹੋਵੇਗੀ।
ਖੂਹ ਬੋਰ ਲਗਾਉਣ, ਮੁਰੰਮਤ ਕਰਨ ਵਾਲੀਆਂ ਸਾਰੀਆਂ ਏਜੰਸੀਆਂ ਜਿਵੇਂ ਸਰਕਾਰੀ/ਅਰਧ—ਸਰਕਾਰੀ/ਪ੍ਰਾਈਵੇਟ ਵਗੈਰਾ, ਪੇਂਡੂ ਖੇਤਰ ਲਈ ਕਾਰਜਕਾਰੀ ਇੰਜੀਨੀਅਰ, ਵਾਟਰ ਸਪਲਾਈ ਤੇ ਸੈਨੀਟੇਸ਼ਨ ਵਿਭਾਗ, ਸ਼ਹਿਰੀ ਖੇਤਰਾਂ ਵਿੱਚ ਕਾਰਜਕਾਰੀ ਇੰਜੀਨੀਅਰ ਵਾਟਰ ਸਪਲਾਈ ਤੇ ਸੀਵਰੇਜ ਬੋਰਡ ਕੋਲੋਂ ਰਜਿਸਟਰੇਸ਼ਨ ਕਰਵਾਉਣੀ ਜ਼ਰੂਰੀ ਹੋਵੇਗੀ ਅਤੇ ਕੋਈ ਏਜੰਸੀ ਬਿਨਾਂ ਰਜਿਸਟਰੇਸ਼ਨ/ਲਿਖਤੀ ਪ੍ਰਵਾਨਗੀ ਤੋਂ ਬਗੈਰ ਖੂਹ ਬੋਰ ਨਹੀਂ ਲਗਾਵੇਗੀ। ਉਨ੍ਹਾਂ ਕਿਹਾ ਕਿ ਖੂਹ ਬੋਰ ਲਗਾਉਣ ਵਾਲੀ ਥਾਂ ਦੇ ਨਜ਼ਦੀਕ ਸਬੰਧਤ ਮਾਲਕ ਵੱਲੋਂ ਏਜੰਸੀ ਦਾ ਪਤਾ ਅਤੇ ਆਪਣਾ ਪਤਾ ਸਾਈਨ ਬੋਰਡ ’ਤੇ ਲਿਖਵਾਉਣਾ ਜ਼ਰੂਰੀ ਹੋਵੇਗਾ ਅਤੇ ਬੋਰ ਵਾਲੀ ਥਾਂ ’ਤੇ ਕੰਡਿਆਲੀ ਤਾਰ ਜਾਂ ਕੋਈ ਬੈਰੀਕੇਡ ਲਾਉਣਾ ਜ਼ਰੂਰੀ ਹੋਵੇਗਾ। ਜੇਕਰ ਪੰਪ ਦੀ ਮੁਰੰਮਤ ਕਰਨੀ ਹੈ ਤਾਂ ਖੂਹ ਜਾਂ ਬੋਰ ਖੁੱਲ੍ਹਾ ਨਹੀ ਛੱਡਿਆ ਜਾਵੇਗਾ।
ਖੂਹ/ਬੋਰ ਦਾ ਢੱਕਣ ਕੇਸਿੰਗ ਪਾਈਪ ਨਾਲ ਨਟ—ਬੋਲਟਾਂ ਨਾਲ ਫਿਕਸ ਹੋਣਾ ਚਾਹੀਦਾ ਹੈ। ਖੂਹ/ਬੋਰ ਦੀ ਉਸਾਰੀ ਤੋਂ ਬਾਅਦ ਉਸ ਦੇ ਤਲੇ ’ਤੇ ਜ਼ਮੀਨ ਦੇ ਪੱਧਰ ਤੋਂ ਉਤੇ ਥੱਲੇ ਸੀਮੈਂਟ ਅਤੇ ਕੰਕਰੀਟ ਦਾ ਨਿਸ਼ਚਿਤ ਪਲੇਟ ਫਾਰਮ ਬਣਾਇਆ ਜਾਵੇ। ਪੰਪ ਦੀ ਮੁਰੰਮਤ ਦੀ ਸੂਰਤ ਵਿੱਚ ਖੂਹ ਬੋਰ ਖੁੱਲ੍ਹਾ ਨਾ ਛੱਡਿਆ ਜਾਵੇਗਾ। ਬੋਰ ਤੋਂ ਬਾਅਦ ਟੋਆ ਮਿੱਟੀ ਨਾਲ ਚੰਗੀ ਤਰ੍ਹਾਂ ਭਰਿਆ ਜਾਵੇਗਾ। ਨਕਾਰਾ ਬੰਦ ਪਏ ਖੂਹ ਜਾਂ ਬੋਰ ਨੂੰ ਚੀਕਨੀ ਮਿੱਟੀ/ ਪੱਥਰ/ਕੰਕਰੀਟ ਵਗੈਰਾ ਨਾਲ ਤਲੇ ਤੋਂ ਲੈ ਕੇ ਉਪਰ ਤੱਕ ਚੰਗੀ ਤਰ੍ਹਾਂ ਭਰ ਕੇ ਬੰਦ ਕਰਨ ਯਕੀਨੀ ਬਣਾਇਆ ਜਾਵੇ। ਬੋਰ ਦੀ ਖੁਦਾਈ ਦਾ ਕੰਮ ਮੁਕੰਮਲ ਹੋਣ ’ਤੇ ਜ਼ਮੀਨ ਦੀ ਸਥਿਤੀ ਪਹਿਲਾ ਵਾਲੀ ਬਹਾਲ ਹੋਣੀ ਜ਼ਰੂਰੀ ਹੋਵੇਗੀ। ਉਨ੍ਹਾਂ ਕਿਹਾ ਡੀ.ਡੀ.ਪੀ.ਓ ਬਰਨਾਲਾ ਸਾਰੇ ਜ਼ਿਲ੍ਹੇ ਦੇ ਬੋਰ/ਖੂਹ ਦੀ ਸੂਚਨਾ ਸਰਪੰਚਾਂ ਕੋਲੋ ਇਕੱਤਰ ਕਰਕੇ ਆਪਣੇ ਦਫ਼ਤਰ ਵਿੱਚ ਤਿਆਰ ਰੱਖਣਗੇ।
ਇਕ ਹੋਰ ਹੁਕਮ ਅਨੁਸਾਰ ਜ਼ਿਲ੍ਹਾ ਮੈਜਿਸਟਰੇਟ ਨੇ ਜ਼ਿਲ੍ਹੇ ਦੇ ਸਾਈਬਰ ਕੈਫੇ ਮਾਲਕਾਂ ਲਈ ਹੁਕਮ ਜਾਰੀ ਕਰਦਿਆਂ ਹਦਾਇਤ ਕੀਤੀ ਹੈ ਕਿ ਅਣਜਾਣ ਵਿਅਕਤੀ ਨੂੰ ਬਿਨਾਂ ਪਛਾਣ ਪੱਤਰ ਦੇ ਸਾਈਬਰ ਕੈਫੇ ਵਰਤਣ ਦੀ ਇਜਾਜ਼ਤ ਨਾ ਦਿੱਤੀ ਜਾਵੇ। ਉਨ੍ਹਾਂ ਹਦਾਇਤ ਕੀਤੀ ਕਿ ਸਾਇਬਰ ਕੈਫੇ ਦੀ ਵਰਤੋਂ ਕਰਨ ਵਾਲੇ ਹਰੇਕ ਵਿਅਕਤੀ ਦਾ ਰਿਕਾਰਡ ਰੱਖਣ ਲਈ ਵਿਸ਼ੇਸ਼ ਰਜਿਸਟਰ ਲਗਾਇਆ ਜਾਵੇ ਅਤੇ ਹਰੇਕ ਆਉਣ ਵਾਲੇ ਵਿਅਕਤੀ ਲਈ ਜ਼ਰੂਰੀ ਹੋਵੇਗਾ ਕਿ ਉਹ ਆਪਣਾ ਨਾਮ, ਪਤਾ, ਟੈਲੀਫੋਨ ਨੰਬਰ ਸਮੇਤ ਮੰਤਵ ਰਜਿਸਟਰ ਵਿੱਚ ਆਪਣੇ ਹੱਥ ਨਾਲ ਇੰਦਰਾਜ ਕਰੇਗਾ ਅਤੇ ਹਸਤਾਖਰ ਕਰਨੇ ਵੀ ਲਾਜ਼ਮੀ ਹੋਣਗੇ। ਕੈਫੇ ਦੀ ਵਰਤੋਂ ਕਰਨ ਵਾਲੇ ਵਿਅਕਤੀ ਦੀ ਪਛਾਣ ਕੈਫੇ ਮਾਲਕ ਵੱਲੋਂ ਉਸਦੇ ਪਹਿਚਾਣ ਪੱਤਰ, ਵੋਟਰ ਕਾਰਡ, ਡਰਾਈਵਿੰਗ ਲਾਇਸੈਂਸ, ਪਾਸਪੋਰਟ ਅਤੇ ਫੋਟੋ ਕਰੈਡਿਟ ਕਾਰਡ ਨਾਲ ਕੀਤੀ ਜਾਵੇਗੀ। ਐਕਟੀਵਿਟੀ ਸਰਵਰ ਦਾ ਮੁੱਖ ਸਰਵਰ ਵਿੱਚ ਰਿਕਾਰਡ ਘੱਟੋ-ਘੱਟ ਛੇ ਮਹੀਨੇ ਲਈ ਰੱਖਿਆ ਜਾਵੇਗਾ। ਕੈਫੇ ਵਿੱਚ ਆਉਣ ਵਾਲੇ ਕਿਸੇ ਵਿਅਕਤੀ ’ਤੇ ਸ਼ੱਕ ਹੋਣ ’ਤੇ ਕੈਫੇ ਮਾਲਕ ਤੁਰੰਤ ਪੁਲਿਸ ਨੂੰ ਸੂਚਿਤ ਕਰੇਗਾ। ਕਿਸੇ ਵੀ ਵਿਅਕਤੀ ਵੱਲੋਂ ਵਰਤੇ ਗਏ ਵਿਸ਼ੇਸ਼ ਕੰਪਿਊਟਰ ਬਾਰੇ ਰਿਕਾਰਡ ਨੂੰ ਸੰਭਾਲ ਕੇ ਰੱਖਣਾ ਲਾਜ਼ਮੀ ਹੋਵੇਗਾ।
ਉਪਰੋਕਤ ਹੁਕਮ 18 ਜੁਲਾਈ 2025 ਤੱਕ ਲਾਗੂ ਰਹਿਣਗੇ।
