ਨੈਸ਼ਨਲ ਵੈਕਟਰ ਬੌਰਨ ਡਿਜੀਜ ਕੰਟਰੋਲ ਪ੍ਰੋਗਰਾਮ ਅਧੀਨ ਜਿਲਾ ਪੱਧਰੀ ਮੋਨੀਟਰਿੰਗ ਕਮੇਟੀ ਦੀ ਹੋਈ ਮੀਟਿੰਗ

43

ਫ਼ਰੀਦਕੋਟ 23 ਮਈ 2025 Aj Di Awaaj

ਨੈਸ਼ਨਲ ਵੈਕਟਰ ਬੌਰਨ ਡਿਜੀਜ ਕੰਟਰੋਲ ਪ੍ਰੋਗਰਾਮ ਅਧੀਨ ਜਿਲਾ ਪੱਧਰੀ ਮੋਨੀਟਰਿੰਗ ਕਮੇਟੀ ਦੀ ਮੀਟਿੰਗ ਡਿਪਟੀ ਕਮਿਸ਼ਨਰ ਮੈਡਮ ਪੂਨਮਦੀਪ ਕੌਰ ਦੀ ਪ੍ਰਧਾਨਗੀ ਹੇਠ ਹੋਈ। ਇਸ ਮੌਕੇ ਸਿਵਲ ਸਰਜਨ ਡਾ. ਚੰਦਰ ਸ਼ੇਖਰ ਵੀ ਵਿਸ਼ੇਸ਼ ਤੌਰ ਤੇ ਹਾਜ਼ਰ ਸਨ।

ਇਸ ਮੌਕੇ ਡਿਪਟੀ ਕਮਿਸ਼ਨਰ ਪੂਨਮਦੀਪ ਕੌਰ ਨੇ ਸਾਰੇ ਵਿਭਾਗਾਂ ਦੇ ਮੁਖੀਆਂ ਨੂੰ ਹਦਾਇਤ ਕੀਤੀ ਗਈ ਕਿ ਮਲੇਰੀਆ ਅਤੇ ਡੇਂਗੂ ਬੁਖਾਰ ਦੀ ਰੋਕਥਾਮ ਲਈ ਸਮੂਹ ਵਿਭਾਗ ਸਿਹਤ ਵਿਭਾਗ ਨੂੰ ਪੂਰਾ ਸਹਿਯੋਗ ਦੇਣ। ਉਨ੍ਹਾਂ ਕਿਹਾ ਕਿ ਸਮੂਹ ਦਫਤਰੀ ਅਮਲਾ ਆਪਣੀ ਨੈਤਿਕ ਜੁੰਮੇਵਾਰੀ ਸਮਝਦੇ ਹੋਏ ਦਫਤਰਾਂ ਵਿੱਚ ਸਫਾਈ ਦਾ ਵਿਸ਼ੇਸ਼ ਧਿਆਨ ਰੱਖਣ। ਉਨ੍ਹਾਂ ਕਿਹਾ ਕਿ ਬਰਸਾਤ ਦਾ ਪਾਣੀ ਇੱਕਠਾ ਹੋਣ ਨਾਲ ਲਾਰਵਾ ਪੈਦਾ ਹੋਣ ਦੀ ਸੰਭਾਵਨਾ ਹੁੰਦੀ ਹੈ ਇਸ ਲਈ ਸਫਾਈ ਦਾ ਖਾਸ ਧਿਆਨ ਰੱਖਿਆ ਜਾਵੇ। ਉਨ੍ਹਾਂ ਨਗਰ ਕੌਸਲ ਦੇ ਅਧਿਕਾਰੀਆਂ ਨੂੰ ਵੀ ਸ਼ਹਿਰ ਵਿੱਚ ਸਫਾਈ ਰੱਖਣ ਦੀ ਹਦਾਇਤ ਕੀਤੀ।

ਡਿਪਟੀ ਕਮਿਸ਼ਨਰ ਨੇ ਆਦੇਸ਼ ਦਿੱਤੇ ਕਿ ਜਿਲ੍ਹੇ ਦੇ ਜੈਤੋ, ਬਾਜਾਖਾਨਾ, ਕੋਟਕਪੂਰਾ, ਫਰੀਦਕੋਟ ਸਮੇਤ ਹੋਰ ਪੇਂਡੂ ਤੇ ਸ਼ਹਿਰੀ ਖੇਤਰਾਂ ਵਿੱਚ ਸਿਹਤ, ਜਨ ਸਿਹਤ, ਨਗਰ ਕੌਂਸਲ ਆਦਿ ਵਿਭਾਗਾਂ ਅਧਾਰਿਤ ਟੀਮਾਂ ਭੇਜ ਕੇ ਪੀਣ ਵਾਲੇ ਪਾਣੀ ਦੇ ਨਮੂਨੇ ਲਏ ਜਾਣ ਤਾਂ ਜੋ ਬਰਸਾਤੀ ਮੌਸਮ ਦੌਰਾਨ ਹੋਣ ਵਾਲੀਆਂ ਬਿਮਾਰੀਆਂ ਤੋਂ ਬਚਿਆ ਜਾ ਸਕੇ। ਉਨ੍ਹਾਂ ਕਿਹਾ ਕਿ ਲੋਕਾਂ ਨੂੰ ਇਸ ਸਬੰਧੀ ਵੱਧ ਤੋਂ ਵੱਧ ਜਾਗਰੂਕ ਕੀਤਾ ਜਾਵੇ।

ਸਿਵਲ ਸਰਜਨ ਫਰੀਦਕੋਟ ਡਾ. ਚੰਦਰ ਸ਼ੇਖਰ ਕੱਕੜ ਨੇ ਦੱਸਿਆ ਕਿ ਸਿਹਤ ਵਿਭਾਗ ਵੱਲੋ ਵੈਕਟਰ ਬੌਰਨ ਬਿਮਾਰੀਆਂ ਦੀ ਰੋਕਥਾਮ ਲਈ ਹਰ ਸੰਭਵ ਉਪਰਾਲੇ ਕੀਤੇ ਜਾ ਰਹੇ ਹਨ, ਬਰੀਡਿੰਗ ਚੈਕਰ ਅਤੇ ਸਿਹਤ ਕਾਮਿਆਂ ਵੱਲੋ ਜਿਲੇ ਵਿੱਚ ਡੋਰ ਟੂ ਡੋਰ ਸਰਵੇ ਕੀਤਾ ਜਾ ਰਿਹਾ ਹੈ। ਘਰਾਂ ਵਿੱਚ ਜਾ ਕੇ ਮੱਛਰ ਪੈਦਾ ਹੋਣ ਦੇ ਸਥਾਨਾਂ ਦੀ ਜਾਂਚ ਕੀਤੀ ਜਾ ਰਹੀ ਹੈ ।ਮੱਛਰ ਦਾ ਲਾਰਵਾ ਮਿਲਣ ਤੇ ਨਸ਼ਟ ਕੀਤਾ ਜਾ ਰਿਹਾ ਹੈ। ਮਰੀਜਾਂ ਦੇ ਇਲਾਜ ਲਈ ਵੀ ਵਿਭਾਗ ਵੱਲੋ ਢੁਕਵੇ ਪ੍ਰਬੰਧ ਮੁਕੰਮਲ ਕੀਤੇ ਗਏ ਹਨ।

ਇਸ ਮੌਕੇ ਸੀਨੀਅਰ ਮੈਡੀਕਲ ਅਫਸਰ ਕੋਟਕੂਪਰਾ ਡਾ. ਹਰਿੰਦਰ ਗਾਂਧੀ, ਡਾ. ਸਰਬਜੀਤ ਰੋਮਾਣਾ, ਡਾ. ਦੀਪਤੀ ਅਰੋੜਾ, ਡਾ. ਹਿਮਾਂਸ਼ੂ ਗੁਪਤਾ, ਜਿਲ੍ਹਾ ਸਿੱਖਿਆ ਅਫਸਰ ਸੈਕੰਡਰੀ ਮੈਡਮ ਨੀਲਮ ਰਾਣੀ, ਜਿਲ੍ਹਾ ਸਿੱਖਿਆ ਅਫਸਰ ਐਲੀਮੈਂਟਰੀ ਮੈਡਮ ਅੰਜਨਾ ਕੌਂਸਲ ਤੋਂ ਇਲਾਵਾ ਸਿਹਤ ਵਿਭਾਗ ਦੇ ਹੋਰ ਅਧਿਕਾਰੀ ਅਤੇ ਕਰਮਚਾਰੀ ਹਾਜ਼ਰ ਸਨ।