ਡਾਇਰੈਕਟਰ ਤੇ ਸੂਬਾ ਕਿਸਾਨ ਆਗੂ ਜਸਬੀਰ ਸੁਰ ਸਿੰਘ ਕਾਫਲੇ ਨਾਲ ਪਾਣੀਆਂ ਦੀ ਰਾਖੀ ਲਈ ਨੰਗਲ ਡੈਮ ਵਿਖੇ ਧਰਨੇ ‘ਚ ਪੁੱਜੇ

84

ਤਾਰਨ ਤਾਰਨ, 16 ਮਈ

ਪਾਵਰਕਾਮ ਦੇ ਡਾਇਰੈਕਟਰ (ਪ੍ਰਬੰਧਕੀ) ਤੇ ਆਮ ਆਦਮੀ ਪਾਰਟੀ ਕਿਸਾਨ ਵਿੰਗ ਦੇ ਸੂਬਾ ਉਪ ਪ੍ਰਧਾਨ ਸ੍ਰ.ਜਸਬੀਰ ਸਿੰਘ ਸੁਰ ਸਿੰਘ ਵਲੋਂ ਪਾਰਟੀ ਦੇ ਸਰਗਰਮ ਵਲੰਟੀਅਰਾਂ, ਆਗੂਆਂ , ਪੰਚਾਂ ਸਰਪੰਚਾਂ ਦੇ ਵਿਸ਼ਾਲ ਕਾਫਲੇ ਨਾਲ ਨੰਗਲ ਡੈਮ ਵਿਖੇ ਪਾਰਟੀ ਵਲੋਂ ਦਿਨ ਰਾਤ ਪਾਣੀ ਤੇ ਪਹਿਰੇਦਾਰੀ ਲਈ ਜਾਰੀ ਰੋਸ਼ ਧਰਨੇ ‘ਚ ਕੇਂਦਰੀ ਮੋਦੀ ਸਰਕਾਰ , ਭਾਜਪਾ ਹਰਿਆਣਾ ਸਰਕਾਰ ਦੇ ਵਿਰੁੱਧ ਅਤੇ ਪਾਣੀਆਂ ਦੀ ਰਾਖੀ ਦੇ ਹੱਕ ‘ਚ ਜ਼ੋਰਦਾਰ ਨਾਆਰੇਬਾਜ਼ੀ ਕਰਦਿਆਂ ਸ਼ਮੂਲੀਅਤ ਕੀਤੀ।

ਇਸ ਉਪਰੰਤ ਰੋਸ ਧਰਨੇ ਚੋਂ ਵਾਪਸ ਪਰਤ ਕੇ ਗੱਲਬਾਤ ਦੌਰਾਨ ਡਾਇਰੈਕਟਰ ਤੇ ਸੂਬਾ ਕਿਸਾਨ ਆਗੂ ਸ੍ਰ.ਜਸਬੀਰ ਸਿੰਘ ਸੁਰ ਸਿੰਘ ਨੇ ਕੇਂਦਰ ਦੀ ਭਾਜਪਾ ਮੋਦੀ ਸਰਕਾਰ ਨੂੰ ਆੜੇ ਹੱਥੀ ਲੈਂਦਿਆਂ ਕਿਹਾ ਕਿ ਬੀ ਬੀ ਐਮ ਬੀ ਜਰੀਏ ਧੱਕੇ ਨਾਲ ਪੰਜਾਬ ਦੇ ਪਾਣੀਆਂ ਤੇ ਡਾਕਾ ਮਾਰਕੇ ਆਪਣੇ ਭਾਜਪਾ ਸ਼ਾਸ਼ਿਤ ਸੂਬੇ ਹਰਿਆਣਾ ਨੂੰ ਪਾਣੀ ਦੇਣ ਲਈ ਅੱਡੀ ਚੋਟੀ ਦੀ ਧੱਕੇਸ਼ਾਹੀ ਕਰਨ ਤੇ ਉਤਰੀ ਹੋਈ ਹੈ।  ਜਦੋਂ ਕਿ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਸਰਕਾਰ ਤੇ ਆਮ ਆਦਮੀ ਪਾਰਟੀ ਦੇ ਸੂਬਾ ਪ੍ਰਧਾਨ ਸ੍ਰੀ ਅਮਨ ਅਰੋੜਾ ਦੀ ਪ੍ਰਧਾਨਗੀ ਚ ਪਾਰਟੀ ਤੇ ਕਿਸਾਨ ਵਿੰਗ ਦਾ ਇੱਕ ਇੱਕ ਵਲੰਟੀਅਰ ਆਪਣੇ ਖੂਨ ਦੇ ਇੱਕ ਇੱਕ ਆਖਰੀ ਕਤਰੇ ਦਾ ਬਲੀਦਾਨ ਦੇ ਕੇ ਪਾਣੀ ਦੀ ਰਾਖੀ ਕਰਦਿਆਂ ਕਿਸੇ ਵੀ ਕੀਮਤ ਤੇ ਭਾਜਪਾ ਸ਼ਾਸ਼ਿਤ ਕੇਂਦਰ ਸਰਕਾਰ  ਨੂੰ ਪੰਜਾਬ ਦੇ ਹੱਕ ਦਾ ਪਾਣੀ ਖੋਹਣ ਦੀ ਕਦਾਚਿਤ ਇਜਾਜਤ ਨਹੀਂ ਦੇਵੇਗਾ।

 ਉਨ੍ਹਾਂ ਨੇ ਪੰਜਾਬ ਦੇ ਦਰਿਆਈ ਪਾਣੀਆਂ ਤੇ ਪੰਜਾਬ ਦਾ ਸੌ ਫ਼ੀਸਦ ਇਖਲਾਕੀ ਹੱਕ ਜਤਾਉਂਦਿਆਂ ਕਿਹਾ ਕਿ ਵਹਿੰਦੇ ਦਰਿਆਵਾਂ ਤੇ ਵੱਡੇ ਨਾਲ਼ਿਆਂ ਹੇਠ ਪੰਜਾਬ ਦੇ ਕਿਸਾਨਾਂ ਵਲੋਂ ਉਪਜਾਊ ਜਮੀਨਾਂ ਦਿੱਤੀਆਂ ਹੋਈਆਂ ਹਨ, ਜਦੋਂ ਕਿ ਹਰ ਵਰੇ੍ ਇਨ੍ਹਾਂ ‘ਚ ਹੜ੍ਹ ਆਉਣ ਕਾਰਣ ਮਨੁੱਖੀ ਮੌਤਾਂ, ਪਸ਼ੂ ਧਨ, ਤੇ ਅਰਥ ਚਾਰੇ ਤੇ ਦਰਿਆ ਬੁਰਦ ਹੁੰਦੀਆਂ ਉਪਜਾਊ ਜਮੀਨਾਂ ਦੀ  ਬਰਬਾਦੀ ਦਾ ਸੰਤਾਪ ਕਿਸਾਨਾਂ, ਮਜ਼ਦੂਰਾਂ ਸਮੇਤ ਪੰਜਾਬ ਵਾਸੀ ਹੰਢਾਉਂਦੇ ਹਨ। ਇਸੇ ਤਰ੍ਹਾਂ  ਸੂਬੇ ਦੇ 153 ਬਲਾਕਾਂ ਚੋਂ 118 ਦੇ ਕਰੀਬ ਬਲਾਕਾਂ ਦਾ ਪਾਣੀ ਖਤਰਨਾਕ ਡਾਰਕ ਜ਼ੋਨ ਚ ਜਾਣ ਦੇ ਨਤੀਜੇ ਵਜੋਂ ਪੀਣ ਵਾਲੇ ਦਾ ਪਾਣੀ ਸੰਕਟ, ਕੈਂਸਰ ਤੇ ਕਾਲਾ ਪੀਲੀਆ ਵਰਗੀਆਂ ਨਾਮੁਰਾਦ ਬਿਮਾਰੀਆਂ ਦੀ ਮਨੁੱਖੀ ਮਾਰ ਵੀ ਪੰਜਾਬ ਵਾਸੀ ਹੀ ਆਪਣੇ ਪਿੰਡੇ ਤੇ ਝੱਲ ਰਹੇ ਹਨ।

ਉਥੇ ਪੰਜਾਬ ਸਰਕਾਰ ਵਲੋਂ ਭੇਜੇ ਗਏ ਵਾਰ ਵਾਰ  ਚੇਤਾਵਨੀਆਂ ਪੱਤਰਾਂ ਦੇ ਬਾਵਜੂਦ ਹਰਿਆਣਾ ਨੇ ਪਾਣੀ ਦੀ ਸਮਝਦਾਰੀ ਨਾਲ ਵਰਤੋਂ ਦੀ ਬਜਾਏ ਘੋਰ ਅਣਗਹਿਲੀ ਨਾਲ ਉਜੱਡ ਤਰੀਕੇ ਨਾਲ ਬਰਬਾਦੀ ਕੀਤੀ। ਉਨ੍ਹਾਂ ਇਹ ਵੀ ਕਿਹਾ ਕਿ ਪੰਜਾਬ ਪਹਿਲਾਂ ਹੀ ਮਨੁੱਖੀ ਹਮਦਰਦੀ ਵੱਜੋਂ ਹਰਿਆਣਾ ਨੂੰ ਲੋੜੀਂਦੇ 1750 ਕਿਉਸਿਕ ਪਾਣੀ  ਤੋਂ ਵਧੇਰੇ 4000 ਕਿਉਸਿਕ ਪਾਣੀ ਆਪਣੇ ਕੋਟੇ ਚੋਂ ਪ੍ਰਦਾਨ ਕਰ ਰਿਹਾ ਹੈ। ਪੰਜਾਬ ਕੋਲ ਹਰਿਆਣਾ ਨੂੰ ਵਾਧੂ ਪਾਣੀ ਦੇਣ ਲਈ ਪਾਣੀ ਦੀ ਇਕ ਬੂੰਦ ਵੀ ਫਾਲਤੂ ਨਹੀਂ ਹੈ। ਉਨ੍ਹਾਂ ਨੇ ਬੀ ਬੀ ਐਮ ਬੀ ਦੇ ਚੇਅਰਮੈਨ ਦੇ ਪੰਜਾਬ ਪ੍ਰਤੀ ਮਾਰੂ ਰਵੱਈਏ ਦੀ ਅਲੋਚਣਾ ਕੀਤੀ ਅਤੇ ਕਿਹਾ ਕਿ ਬੀ ਬੀ ਐਮ ਬੀ ਦਾ ਲੱਗਭਗ ਸਾਰਾ ਖਰਚਾ ਪੰਜਾਬ ਸਰਕਾਰ ਵਲੋਂ ਚੁੱਕਿਆ ਜਾਂਦਾ ਹੈ।

ਪਰ ਬਦਲੇ ਵਿੱਚ ਬੀ ਬੀ ਐਮ ਬੀ ਦੇ ਚੇਅਰਮੈਨ ਵਲੋਂ ਪੰਜਾਬ ਦੇ ਪਾਣੀ ਨੂੰ ਜਬਰੀ ਖੋਹ ਕੇ ਹਰਿਆਣਾ ਨੂੰ ਦੇਣ ਲਈ ਕਥਿਤ ਤੌਰ ਤੇ ਚੋਰੀ ਛਿੱਪੇ ਡਾਕੇ ਵਾਂਗੂ ਕਦਮ ਪੁੱਟੇ ਜਾਂਦੇ ਹਨ। ਡਾਇਰੈਕਟਰ ਤੇ ਸੂਬਾ ਕਿਸਾਨ ਆਗੂ ਸ੍ਰ. ਸੁਰ ਸਿੰਘ ਨੇ ਪਾਣੀਆਂ ਦੀ ਰਾਖ਼ੀ ਦੇ ਮੁੱਦੇ ਤੇ ਕਾਂਗਰਸ, ਭਾਜਪਾ ਤੇ ਅਕਾਲੀ ਦਲ ਦੀ ਘੇਰਾਬੰਦੀ ਕਰਦਿਆਂ ਕਿਹਾ ਕਿ ਸਰਵ ਪਾਰਟੀ ਮੀਟਿੰਗ ਤੇ ਪੰਜਾਬ ਵਿਧਾਨ ਸਭਾ ਦੇ ਵਿਸ਼ੇਸ਼ ਇਜਲਾਸ ਚ ਮਗਰ ਮੱਛ ਦੇ ਅੱਥਰੂ ਵਹਾਉਂਦਿਆਂ ਪੰਜਾਬ ਦੀ ਸੱਤਾ ਤੇ 70 ਸਾਲ ਵਾਰੀ ਵਾਰੀ ਕਬਜਾ ਕਰ ਰਹੀਆਂ ਇਨਾ ਰਵਾਇਤੀ ਪਾਰਟੀਆਂ ਕਾਂਗਰਸ, ਅਕਾਲੀ ਤੇ ਭਾਜਪਾ ਨੇ ਪਾਣੀਆਂ ਦੀ ਰਾਖੀ ਲਈ ਹਰ ਕੁਰਬਾਨੀ ਦੇਣ ਦਾ ਰੋਲਾ ਰੱਪਾ ਤਾਂ ਪਾਇਆ ਹੋਇਆ ਹੈ, ਪਰ ਅਸਲ ਚ ਇਹ ਪਾਰਟੀਆਂ ਅਖ਼ਬਾਰੀ ਬਿਆਨਾਂ ਤੱਕ ਕਾਗਜ਼ੀ ਸ਼ੇਰ ਹੀ ਸਾਬਤ ਹੋਈਆਂ ਕਿਉਂਕਿ ਨੰਗਲ ਡੈਮ ਵਿਖੇ ਪਾਣੀ ਦੀ ਰਾਖੀ ਲਈ ਮੁੱਖ ਮੰਤਰੀ ਸ੍ਰ. ਭਗਵੰਤ ਸਿੰਘ ਮਾਨ ਵਲੋਂ ਖ਼ੁਦ ਧਰਨਾ ਦਿੱਤਾ ਗਿਆ ਅਤੇ ਮੰਤਰੀਆਂ ਸਮੇਤ ਵਿਧਾਇਕ ਤੇ ਪਾਰਟੀ ਆਗੂ ਵੀ ਸਰਗਰਮੀ ਨਾਲ ਸ਼ਾਮਲ ਹੋ ਰਹੇ ਹਨ, ਪਰ ਉਕਤ ਰਵਾਇਤੀ ਪਾਰਟੀਆਂ ਨੇ ਪਿੱਠ ਵਿਖਾਈ।

ਫੋਟੋ ਕੈਪਸਨ:

ਨੰਗਲ ਡੈਮ ਵਿਖੇ ਪਾਣੀਆਂ ਦੀ ਰਾਖੀ ਲਈ ਰੋਸ ਧਰਨਾ ਦੇਣ ਸਮੇਂ ਡਾਇਰੈਕਟਰ ਤੇ ਸੂਬਾ ਕਿਸਾਨ ਆਗੂ ਸ੍ਰ. ਜਸਬੀਰ ਸਿੰਘ ਸੁਰ ਸਿੰਘ ਹੋਰਾਂ ਨਾਲ।