ਫ਼ਾਜ਼ਿਲਕਾ 8 ਸਤੰਬਰ 2025 AJ DI Awaaj
Punjab Desk : ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਵਿੱਚ ਆਏ ਹੜ੍ਹ ਨੇ ਲੋਕਾਂ ਦੇ ਨਾਲ-ਨਾਲ ਪਸ਼ੂ-ਪਾਲਣ ਨੂੰ ਵੀ ਗੰਭੀਰ ਤੌਰ ’ਤੇ ਪ੍ਰਭਾਵਿਤ ਕੀਤਾ ਹੈ। ਫਸਲਾਂ ਦੇ ਡੁੱਬ ਜਾਣ ਕਾਰਨ ਕਿਸਾਨੀ ਨੂੰ ਵੱਡਾ ਨੁਕਸਾਨ ਹੋਇਆ ਹੈ ਅਤੇ ਪਸ਼ੂਆਂ ਲਈ ਚਾਰੇ ਦੀ ਕਮੀ ਸਭ ਤੋਂ ਵੱਡੀ ਸਮੱਸਿਆ ਵਜੋਂ ਸਾਹਮਣੇ ਆਈ ਹੈ। ਹਾਲਾਂਕਿ ਜ਼ਿਲ੍ਹਾ ਪ੍ਰਸ਼ਾਸਨ ਫਾਜ਼ਿਲਕਾ ਵੱਲੋਂ ਹਰਾ ਚਾਰਾ, ਕੈਟਲ ਫੀਡ ਮੁਹੱਈਆ ਕਰਵਾਈ ਜਾ ਰਹੀ ਹੈ।
ਇਹਨਾਂ ਹੀ ਹਾਲਾਤਾਂ ਵਿੱਚ, ਫ਼ਾਜ਼ਿਲਕਾ ਜ਼ਿਲ੍ਹੇ ਦੇ ਪਿੰਡ ਧਰਾਂਗਵਾਲਾ ਦੇ ਨੌਜਵਾਨਾਂ ਨੇ ਆਪਣੀ ਜ਼ਿੰਮੇਵਾਰੀ ਨੂੰ ਸਮਝਦਿਆਂ ਹੜ੍ਹ ਪੀੜਤਾਂ ਦੀ ਸਹਾਇਤਾ ਲਈ ਹਰਾ ਚਾਰਾ ਮੁਹੱਈਆ ਕਰਵਾਇਆ। ਪਿੰਡ ਤੋਂ ਹਰੇ ਚਾਰੇ ਨਾਲ ਭਰੀ ਟਰਾਲੀ ਤਿਆਰ ਕਰਕੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਬਣਾਏ ਗਏ ਰਾਹਤ ਕੇਂਦਰਾਂ ਤੱਕ ਪਹੁੰਚਾਈ ਗਈ, ਜਿਸ ਨਾਲ ਬਹੁਤ ਸਾਰੇ ਮਵਸ਼ੀਆਂ ਦੀ ਤੁਰੰਤ ਲੋੜ ਪੂਰੀ ਹੋਈ।
ਧਰਾਂਗਵਾਲਾ ਦੇ ਨੌਜਵਾਨਾਂ ਦਾ ਕਹਿਣਾ ਹੈ ਕਿ ਜਿਵੇਂ ਇਨਸਾਨਾਂ ਲਈ ਖਾਣ-ਪੀਣ ਜ਼ਰੂਰੀ ਹੈ, ਉਸੇ ਤਰ੍ਹਾਂ ਮਵਸ਼ੀਆਂ ਲਈ ਚਾਰਾ ਲਾਜ਼ਮੀ ਹੈ। ਉਹਨਾਂ ਦੇ ਅਨੁਸਾਰ, “ਜੇ ਪਸ਼ੂਆਂ ਨੂੰ ਚਾਰਾ ਨਾ ਮਿਲੇ ਤਾਂ ਹੜ੍ਹ ਦਾ ਅਸਰ ਦੋਹਰਾ ਹੋ ਜਾਂਦਾ ਹੈ ਕਿਉਂਕਿ ਇਹ ਕਿਸਾਨ ਦੀ ਆਰਥਿਕ ਰੀੜ੍ਹ ਦੀ ਹੱਡੀ ਹਨ।”
ਸਥਾਨਕ ਲੋਕਾਂ ਨੇ ਵੀ ਇਸ ਯੋਗਦਾਨ ਦੀ ਖੂਬ ਪ੍ਰਸ਼ੰਸਾ ਕੀਤੀ ਹੈ ਅਤੇ ਕਿਹਾ ਹੈ ਕਿ ਜਦੋਂ ਪਿੰਡ ਦੇ ਨੌਜਵਾਨ ਇਸ ਤਰ੍ਹਾਂ ਸੇਵਾ ਵਿੱਚ ਅੱਗੇ ਆਉਂਦੇ ਹਨ ਤਾਂ ਪੀੜਤ ਪਰਿਵਾਰਾਂ ਵਿੱਚ ਨਵੀਂ ਉਮੀਦ ਜਗਦੀ ਹੈ। ਜ਼ਿਲ੍ਹਾ ਪ੍ਰਸ਼ਾਸਨ ਨੇ ਵੀ ਇਸ ਪ੍ਰਯਾਸ ਦੀ ਸਰਾਹਨਾ ਕਰਦਿਆਂ ਕਿਹਾ ਹੈ ਕਿ ਇਸ ਤਰ੍ਹਾਂ ਦੇ ਸੇਵਾਪ੍ਰੇਮੀ ਕਦਮ ਸਰਕਾਰੀ ਰਾਹਤ ਯਤਨਾਂ ਲਈ ਇਕ ਵੱਡਾ ਸਹਿਯੋਗ ਸਾਬਤ ਹੁੰਦੇ ਹਨ।
ਧਰਾਂਗਵਾਲਾ ਦੇ ਨੌਜਵਾਨਾਂ ਨੇ ਵਚਨ ਦਿੱਤਾ ਹੈ ਕਿ ਜਦੋਂ ਵੀ ਤੇ ਜਿੱਥੇ ਵੀ ਜ਼ਰੂਰਤ ਪਵੇਗੀ, ਉਹ ਹਮੇਸ਼ਾਂ ਸੇਵਾ ਲਈ ਤਿਆਰ ਰਹਿਣਗੇ। ਉਹਨਾਂ ਦਾ ਕਹਿਣਾ ਹੈ ਕਿ “ਸੇਵਾ ਕਰਨਾ ਸਾਡੀ ਰੀਤ ਹੈ, ਤੇ ਮਦਦ ਕਰਨਾ ਸਾਡਾ ਫਰਜ਼।”














