ਦਿੜ੍ਹਬਾ, 27 ਅਕਤੂਬਰ 2025 AJ DI Awaaj
Punjab Desk : ਵਿਧਾਨ ਸਭਾ ਹਲਕਾ ਦਿੜ੍ਹਬਾ ਦੇ ਹਰੇਕ ਪਿੰਡ ਨੂੰ ਬੁਨਿਆਦੀ ਢਾਂਚੇ ਪੱਖੋਂ ਮਜ਼ਬੂਤ ਕਰਨ ਲਈ ਸ਼ੁਰੂ ਕੀਤੀ ਗਈ ਕਵਾਇਦ ਦੇ ਚੱਲਦਿਆਂ ਪੰਜਾਬ ਦੇ ਵਿੱਤ ਅਤੇ ਯੋਜਨਾ ਮੰਤਰੀ ਸ੍ਰ ਹਰਪਾਲ ਸਿੰਘ ਚੀਮਾ ਨੇ ਅੱਜ ਪਿੰਡ ਛਾਜਲੀ, ਛਾਜਲਾ, ਮੈਦੇਵਾਸ, ਦੌਲੇਵਾਲਾ ਅਤੇ ਡਸਕਾ ਨੂੰ 1.34 ਕਰੋੜ ਰੁਪਏ ਦੇ ਚੈੱਕ ਵੰਡੇ। ਇਸ ਮੌਕੇ ਉਹਨਾਂ ਨਾਲ ਤਪਿੰਦਰ ਸਿੰਘ ਸੋਹੀ ਓ ਐਸ ਡੀ ਵਿੱਤ ਮੰਤਰੀ, ਹਰਵਿੰਦਰ ਸਿੰਘ ਛਾਜਲੀ ਚੇਅਰਮੈਨ ਮਾਰਕੀਟ ਕਮੇਟੀ ਸੂਲਰ ਘਰਾਟ, ਮਨਿੰਦਰ ਸਿੰਘ ਘੁੰਮਣ ਪ੍ਰਧਾਨ ਨਗਰ ਪੰਚਾਇਤ ਦਿੜ੍ਹਬਾ ਅਤੇ ਵੱਡੀ ਗਿਣਤੀ ਵਿੱਚ ਇਲਾਕੇ ਦੇ ਲੋਕ ਹਾਜ਼ਰ ਸਨ।
ਵੱਖ ਵੱਖ ਪਿੰਡਾਂ ਵਿੱਚ ਰੱਖੇ ਸਮਾਗਮਾਂ ਨੂੰ ਸੰਬੋਧਨ ਕਰਦਿਆਂ ਸ੍ਰ ਹਰਪਾਲ ਸਿੰਘ ਚੀਮਾ ਨੇ ਦੱਸਿਆ ਕਿ ਅੱਜ ਪਿੰਡ ਛਾਜਲੀ, ਛਾਜਲਾ, ਮੈਦੇਵਾਸ, ਦੌਲੇਵਾਲਾ ਅਤੇ ਡਸਕਾ ਨੂੰ 1.34 ਕਰੋੜ ਰੁਪਏ ਦੇ ਚੈੱਕ ਵੰਡੇ ਗਏ ਹਨ। ਇਸ ਰਾਸ਼ੀ ਨਾਲ ਪਿੰਡ ਵਾਸੀਆਂ ਦੀ ਮੰਗ ਅਨੁਸਾਰ ਗਲੀਆਂ, ਨਾਲੀਆਂ, ਕੈਮਰੇ, ਲਾਈਟਾਂ ਅਤੇ ਸ਼ੈੱਡ ਬਣਵਾਉਣ ਦੇ ਕੰਮ ਕਰਵਾਏ ਜਾਣਗੇ। ਇਹਨਾ ਵਿਕਾਸ ਕਾਰਜਾਂ ਵਿੱਚ ਪਿੰਡ ਛਾਜਲਾ ਅਤੇ ਮੈਦੇਵਾਸ ਵਿੱਚ ਬਣਨ ਵਾਲੇ ਆਧੁਨਿਕ ਸਹੂਲਤਾਂ ਨਾਲ ਲੈਸ ਖੇਡ ਸਟੇਡੀਅਮ ਵੀ ਸ਼ਾਮਿਲ ਹਨ। ਉਹਨਾਂ ਕਿਹਾ ਕਿ ਇਹ ਸਾਰੇ ਵਿਕਾਸ ਕਾਰਜ ਤੈਅ ਸਮਾਂ ਸੀਮਾ ਵਿੱਚ ਜਲਦ ਤੋਂ ਜਲਦ ਮੁਕੰਮਲ ਕਰਵਾਏ ਜਾਣਗੇ ਤਾਂ ਜੋ ਲੋਕ ਇਹਨਾਂ ਦਾ ਵੱਧ ਤੋਂ ਵੱਧ ਲਾਭ ਲੈ ਸਕਣ।
ਸ੍ਰ ਚੀਮਾ ਨੇ ਕਿਹਾ ਕਿ ਸੂਬੇ ਦੇ ਲੋਕਾਂ ਨੇ ਸਾਲ 2022 ਵਿੱਚ ਪਿਛਲੀਆਂ ਸਰਕਾਰਾਂ ਤੋਂ ਤੰਗ ਆ ਕੇ ਸ੍ਰ ਭਗਵੰਤ ਸਿੰਘ ਮਾਨ ਦੀ ਅਗਵਾਈ ਵਿੱਚ ਸਰਕਾਰ ਬਣਾਈ ਸੀ। ਦੇਸ਼ ਦੀ ਆਜ਼ਾਦੀ ਤੋਂ ਬਾਅਦ ਤੋਂ ਹੀ ਕਿਸੇ ਵੀ ਸਰਕਾਰ ਨੇ ਸੂਬੇ ਦੇ ਸਰਬਪੱਖੀ ਵਿਕਾਸ ਲਈ ਯਤਨ ਨਹੀਂ ਕੀਤੇ। ਸਮੇਂ ਸਮੇਂ ਦੀਆਂ ਸਰਕਾਰਾਂ ਵੱਲੋਂ ਸਿਰਫ਼ ਆਪਣੇ ਸਵਾਰਥੀ ਹਿੱਤਾਂ ਦੀ ਪੂਰਤੀ ਨੂੰ ਪਹਿਲ ਦਿੱਤੀ ਗਈ। ਜਿਸ ਕਾਰਨ ਸੂਬਾ ਪੰਜਾਬ ਅਤੇ ਇੱਥੋਂ ਦੇ ਲੋਕ ਵਿਕਾਸ ਤੋਂ ਬਹੁਤ ਹੀ ਪਛੜ ਗਏ। ਹੁਣ ਪੰਜਾਬ ਸਰਕਾਰ ਵੱਲੋਂ ਲੋਕਾਂ ਨਾਲ ਕੀਤੇ ਚੋਣ ਵਾਅਦਿਆਂ ਤੋਂ ਵੀ ਅੱਗੇ ਜਾ ਕੇ ਕੰਮ ਕੀਤਾ ਜਾ ਰਿਹਾ ਹੈ। ਉਹਨਾਂ ਦਾਅਵੇ ਨਾਲ ਕਿਹਾ ਕਿ ਜਲਦ ਹੀ ਹਰੇਕ ਪਿੰਡ ਨੂੰ ਸ਼ਹਿਰ ਵਰਗੀ ਹਰ ਸਹੂਲਤ ਮਿਲਣ ਲੱਗੇਗੀ।














