ਰੋਹਤਕ 05 Jan 2026 AJ DI Awaaj
Punjab Desk : ਸੁਨਾਰੀਆ ਜੇਲ੍ਹ ਵਿੱਚ ਸਜ਼ਾ ਕੱਟ ਰਹੇ ਡੇਰਾ ਸੱਚਾ ਸੌਦਾ ਦੇ ਮੁਖੀ ਗੁਰਮੀਤ ਰਾਮ ਰਹੀਮ ਨੂੰ ਇੱਕ ਵਾਰ ਫਿਰ ਜੇਲ੍ਹ ਤੋਂ ਪੈਰੋਲ ‘ਤੇ ਰਿਹਾਅ ਕਰ ਦਿੱਤਾ ਗਿਆ ਹੈ। ਇਸ ਵਾਰ ਉਸ ਨੂੰ 40 ਦਿਨਾਂ ਦੀ ਪੈਰੋਲ ਦਿੱਤੀ ਗਈ ਹੈ। ਸੋਮਵਾਰ ਸਵੇਰੇ ਕਰੀਬ 11:30 ਵਜੇ ਪੈਰੋਲ ਮਿਲਣ ਤੋਂ ਬਾਅਦ ਉਹ ਸਿਰਸਾ ਸਥਿਤ ਡੇਰੇ ਲਈ ਰਵਾਨਾ ਹੋ ਗਿਆ।
ਰਾਮ ਰਹੀਮ ਦੀ ਰਿਹਾਈ ਨੂੰ ਦੇਖਦੇ ਹੋਏ ਸਿਰਸਾ ਡੇਰੇ ਦੇ ਆਲੇ-ਦੁਆਲੇ ਸੁਰੱਖਿਆ ਦੇ ਸਖ਼ਤ ਇੰਤਜ਼ਾਮ ਕੀਤੇ ਗਏ ਹਨ ਅਤੇ ਵੱਡੀ ਗਿਣਤੀ ਵਿੱਚ ਪੁਲਿਸ ਫੋਰਸ ਤਾਇਨਾਤ ਕੀਤੀ ਗਈ ਹੈ। ਸੁਨਾਰੀਆ ਜੇਲ੍ਹ ਤੋਂ ਉਸ ਨੂੰ ਲੈਣ ਲਈ ਡੇਰੇ ਵੱਲੋਂ ਲਗਜ਼ਰੀ ਗੱਡੀਆਂ ਦਾ ਕਾਫ਼ਲਾ ਪਹੁੰਚਿਆ, ਜਿਸ ਵਿੱਚ ਦੋ ਬੁਲੇਟਪਰੂਫ ਲੈਂਡ ਕਰੂਜ਼ਰ, ਦੋ ਫਾਰਚੂਨਰ ਅਤੇ ਹੋਰ ਵਾਹਨ ਸ਼ਾਮਲ ਸਨ।
ਦੱਸਣਯੋਗ ਹੈ ਕਿ ਪਿਛਲੇ ਅੱਠ ਸਾਲਾਂ ਦੌਰਾਨ ਇਹ 15ਵੀਂ ਵਾਰ ਹੈ ਜਦੋਂ ਗੁਰਮੀਤ ਰਾਮ ਰਹੀਮ ਨੂੰ ਜੇਲ੍ਹ ਤੋਂ ਪੈਰੋਲ ਜਾਂ ਅਸਥਾਈ ਰਿਹਾਈ ਮਿਲੀ ਹੈ। ਸਾਲ 2026 ਵਿੱਚ ਇਹ ਉਸ ਦੀ ਪਹਿਲੀ ਪੈਰੋਲ ਹੈ। ਇਸ ਤੋਂ ਪਹਿਲਾਂ ਵੀ ਉਹ 15 ਅਗਸਤ ਨੂੰ ਪੈਰੋਲ ‘ਤੇ ਬਾਹਰ ਆਇਆ ਸੀ, ਜਦੋਂ ਡੇਰਾ ਸੱਚਾ ਸੌਦਾ ਦੇ ਦੂਜੇ ਗੁਰੂ ਸ਼ਾਹ ਸਤਨਾਮ ਜੀ ਦੇ ਜਨਮ ਦਿਵਸ ਦੇ ਮੌਕੇ ‘ਤੇ ਉਸ ਨੂੰ ਰਿਹਾਈ ਮਿਲੀ ਸੀ।
ਰਾਮ ਰਹੀਮ ਦੇ ਸਿਰਸਾ ਪਹੁੰਚਣ ਤੋਂ ਪਹਿਲਾਂ ਹੀ ਡੇਰੇ ਵਿੱਚ ਤਿਆਰੀਆਂ ਸ਼ੁਰੂ ਹੋ ਗਈਆਂ ਹਨ। ਗੌਰਤਲਬ ਹੈ ਕਿ ਅਗਸਤ 2017 ਵਿੱਚ ਉਸ ਨੂੰ ਦੋ ਮਹਿਲਾ ਪੈਰੋਕਾਰਾਂ ਨਾਲ ਜਬਰ-ਜਨਾਹ ਦੇ ਮਾਮਲਿਆਂ ਵਿੱਚ ਦੋਸ਼ੀ ਕਰਾਰ ਦੇ ਕੇ 20 ਸਾਲ ਦੀ ਕੈਦ ਦੀ ਸਜ਼ਾ ਸੁਣਾਈ ਗਈ ਸੀ। ਇਸ ਤੋਂ ਬਾਅਦ ਪੰਚਕੂਲਾ ਅਤੇ ਸਿਰਸਾ ਵਿੱਚ ਭਾਰੀ ਹਿੰਸਾ ਭੜਕ ਉੱਠੀ ਸੀ, ਜਿਸ ਵਿੱਚ ਕਰੀਬ 40 ਲੋਕਾਂ ਦੀ ਮੌ*ਤ ਹੋ ਗਈ ਸੀ।
ਇਸ ਤੋਂ ਇਲਾਵਾ, ਸਾਲ 2019 ਵਿੱਚ ਪੰਚਕੂਲਾ ਦੀ ਵਿਸ਼ੇਸ਼ ਸੀਬੀਆਈ ਅਦਾਲਤ ਨੇ ਇੱਕ ਪੱਤਰਕਾਰ ਦੇ ਕ*ਤਲ ਮਾਮਲੇ ਵਿੱਚ ਵੀ ਗੁਰਮੀਤ ਰਾਮ ਰਹੀਮ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਸੀ। ਰਾਮ ਰਹੀਮ ਨੂੰ ਮਿਲ ਰਹੀਆਂ ਵਾਰ-ਵਾਰ ਪੈਰੋਲਾਂ ਨੂੰ ਲੈ ਕੇ ਸਮੇਂ-ਸਮੇਂ ‘ਤੇ ਵਿਰੋਧ ਅਤੇ ਸਵਾਲ ਵੀ ਉੱਠਦੇ ਰਹੇ ਹਨ।














