ਮਜੀਠੀਆ ਦੇ ਹੱਕ ‘ਚ ਡੇਰਾ ਬਿਆਸ ਮੁਖੀ ਦਾ ਬਿਆਨ, ਦੋਸ਼ ਬੇਬੁਨਿਆਦ ਕਰਾਰ

29

ਨਾਭਾ: 02  Feb 2026 AJ DI Awaaj

Punjab Desk :  ਨਾਭਾ ਜੇਲ੍ਹ ਵਿੱਚ ਬਿਕਰਮ ਸਿੰਘ ਮਜੀਠੀਆ ਨਾਲ ਮੁਲਾਕਾਤ ਤੋਂ ਬਾਅਦ ਡੇਰਾ ਬਿਆਸ ਦੇ ਮੁਖੀ ਬਾਬਾ ਗੁਰਿੰਦਰ ਸਿੰਘ ਢਿੱਲੋਂ ਦਾ ਬਿਆਨ ਪੰਜਾਬ ਦੀ ਸਿਆਸਤ ਵਿੱਚ ਚਰਚਾ ਦਾ ਕੇਂਦਰ ਬਣ ਗਿਆ ਹੈ। ਜੇਲ੍ਹ ਤੋਂ ਬਾਹਰ ਆ ਕੇ ਪ੍ਰੈਸ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਮਜੀਠੀਆ ‘ਤੇ ਲੱਗੇ ਸਾਰੇ ਦੋਸ਼ਾਂ ਨੂੰ ਸਿੱਧੇ ਤੌਰ ‘ਤੇ ਰੱਦ ਕਰ ਦਿੱਤਾ।

ਬਾਬਾ ਗੁਰਿੰਦਰ ਸਿੰਘ ਢਿੱਲੋਂ ਨੇ ਕਿਹਾ ਕਿ ਮਜੀਠੀਆ ਖ਼ਿਲਾਫ਼ ਲੱਗੇ ਇਲਜ਼ਾਮ ਝੂਠੇ ਅਤੇ ਬੇਬੁਨਿਆਦ ਹਨ ਅਤੇ ਇਨ੍ਹਾਂ ਦਾ ਸੱਚ ਸਮੇਂ ਨਾਲ ਆਪ ਸਾਹਮਣੇ ਆ ਜਾਵੇਗਾ। ਉਨ੍ਹਾਂ ਕਿਹਾ ਕਿ ਮਜੀਠੀਆ ਉਨ੍ਹਾਂ ਦੇ ਦੋਸਤ ਹਨ ਅਤੇ ਉਹ ਅੱਗੇ ਵੀ ਉਨ੍ਹਾਂ ਨਾਲ ਮਿਲਦੇ ਰਹਿਣਗੇ।

ਡੇਰਾ ਮੁਖੀ ਨੇ ਦੱਸਿਆ ਕਿ ਜੇਲ੍ਹ ਅੰਦਰ ਮਜੀਠੀਆ ਦਾ ਮਨੋਬਲ ਕਾਫ਼ੀ ਮਜ਼ਬੂਤ ਹੈ ਅਤੇ ਉਹ ਖੁਸ਼ਮਿਜ਼ਾਜ਼ ਨਜ਼ਰ ਆਏ। ਹਾਲਾਂਕਿ, ਉਨ੍ਹਾਂ ਇਹ ਵੀ ਸਪੱਸ਼ਟ ਕੀਤਾ ਕਿ ਜੇਲ੍ਹ ਅੰਦਰ ਹੋਈ ਹਰ ਗੱਲ ਜਨਤਕ ਤੌਰ ‘ਤੇ ਸਾਂਝੀ ਨਹੀਂ ਕੀਤੀ ਜਾ ਸਕਦੀ।

ਸਰਕਾਰ ਜਾਂ ਮਾਮਲੇ ‘ਤੇ ਟਿੱਪਣੀ ਕਰਨ ਬਾਰੇ ਪੁੱਛੇ ਸਵਾਲ ‘ਤੇ ਬਾਬਾ ਗੁਰਿੰਦਰ ਸਿੰਘ ਢਿੱਲੋਂ ਨੇ ਕਿਹਾ ਕਿ ਕਿਸੇ ਬਾਰੇ ਟਿੱਪਣੀ ਕਰਨਾ ਉਨ੍ਹਾਂ ਨੂੰ ਸ਼ੋਭਾ ਨਹੀਂ ਦਿੰਦਾ। ਉਨ੍ਹਾਂ ਕਿਹਾ ਕਿ ਨਿੱਜੀ ਰਿਸ਼ਤੇ ਆਪਣੀ ਜਗ੍ਹਾ ਹਨ ਅਤੇ ਸਰਕਾਰ ਆਪਣੀ ਜਗ੍ਹਾ, ਦੋਹਾਂ ਨੂੰ ਵੱਖ ਰੱਖਣਾ ਹੀ ਠੀਕ ਹੈ।

ਇਸ ਬਿਆਨ ਤੋਂ ਬਾਅਦ ਸਪੱਸ਼ਟ ਹੋ ਗਿਆ ਹੈ ਕਿ ਬਿਕਰਮ ਮਜੀਠੀਆ ਮਾਮਲੇ ਵਿੱਚ ਡੇਰਾ ਬਿਆਸ ਮੁਖੀ ਦਾ ਰੁਖ ਖੁੱਲ੍ਹਾ ਅਤੇ ਸਹਾਇਕ ਹੈ। ਨਾਭਾ ਜੇਲ੍ਹ ਵਿੱਚ ਹੋਈ ਇਹ ਮੁਲਾਕਾਤ ਹੁਣ ਸਿਰਫ਼ ਨਿੱਜੀ ਮਾਮਲਾ ਨਹੀਂ ਰਹੀ, ਸਗੋਂ ਪੰਜਾਬ ਦੀ ਸਿਆਸਤ ਵਿੱਚ ਨਵੀਂ ਚਰਚਾ ਨੂੰ ਜਨਮ ਦੇ ਰਹੀ ਹੈ।