ਬਰਨਾਲਾ, 14 ਅਗਸਤ 2025 AJ DI Awaaj
Punjab Desk : ਜ਼ਿਲ੍ਹੇ ਵਿੱਚ ਪਰਾਲੀ ਪ੍ਰਬੰਧਨ ਮੁਹਿੰਮ ਤਹਿਤ ਡਿਪਟੀ ਕਮਿਸ਼ਨਰ ਬਰਨਾਲਾ ਸ੍ਰੀ ਟੀ ਬੈਨਿਥ ਦੀ ਅਗਵਾਈ ਹੇਠ ਗਤੀਵਿਧੀਆਂ ਜਾਰੀ ਹਨ। ਇਸ ਮੁਹਿੰਮ ਤਹਿਤ ਪਿੰਡ ਵਾਰ ਕਿਸਾਨਾਂ ਨੂੰ ਜਾਗਰੂਕ ਕਰਨ ਲਈ ਟੀਮਾਂ ਦਾ ਗਠਨ ਕੀਤਾ ਗਿਆ ਹੈ।
ਡਿਪਟੀ ਕਮਿਸ਼ਨਰ ਬਰਨਾਲਾ ਵਲੋਂ ਇਸ ਮੁਹਿੰਮ ਤਹਿਤ ਪਿੰਡ ਕੱਟੂ ਵਿੱਚ ਮੀਟਿੰਗ ਕੀਤੀ ਗਈ ਹੈ। ਡਿਪਟੀ ਕਮਿਸ਼ਨਰ ਬਰਨਾਲਾ ਨੇ ਕਿਹਾ ਕਿ ਪਿਛਲੇ ਸਾਲਾਂ ਦੌਰਾਨ ਪਿੰਡ ਕੱਟੂ ਦੇ ਕਿਸਾਨਾਂ ਨੇ ਪਰਾਲੀ ਪ੍ਰਬੰਧਨ ਵਿੱਚ ਯੋਗ ਭੂਮਿਕਾ ਨਿਭਾਈ ਹੈ ਜਿਸ ਸਦਕਾ ਪਿੰਡ ਵਿੱਚ ਪਰਾਲੀ ਨੂੰ ਅੱਗ ਲਗਾਉਣ ਦੇ ਮਾਮਲੇ ਕਾਫੀ ਘਟੇ ਹਨ।
ਓਨ੍ਹਾਂ ਕਿਸਾਨਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਉਹ ਇਸ ਸਾਲ ਵੀ ਪਰਾਲੀ ਦਾ ਸੁੱਚਜਾ ਪ੍ਰਬੰਧਨ ਕਰਨ ਲਈ ਖੇਤੀ ਮਸ਼ੀਨਰੀ ਦੀ ਵਰਤੋਂ ਕਰਨ, ਪਿੰਡ ਵਿੱਚ ਲਗਭਗ 67 ਦੇ ਕਰੀਬ ਮਸ਼ੀਨਾਂ ਉਪਲਬਧ ਹਨ, ਜਿਨ੍ਹਾਂ ਦੀ ਸੂਚੀ ਕੋਅਪਰੇਟਿਵ ਸੁਸਾਇਟੀ ਵਿੱਚ ਲਗਾਈ ਗਈ ਹੈ, ਜਿਸ ਕਿਸਾਨ ਨੂੰ ਮਸ਼ੀਨ ਦੀ ਜ਼ਰੂਰਤ ਹੋਵੇ, ਉਹ ਕਿਸਾਨ ਖੇਤੀਬਾੜੀ ਵਿਭਾਗ ਨਾਲ ਜਾਂ ਫਿਰ ਪਿੰਡ ਵਿੱਚ ਨਿਯੁਕਤ ਕੀਤੇ ਨੋਡਲ ਅਫਸਰ ਨਾਲ ਸੰਪਰਕ ਕਰ ਸਕਦੇ ਹਨ। ਉਹਨਾਂ ਜਾਣਕਾਰੀ ਦਿਦਿਆ ਕਿਹਾ ਕਿ ਜਿਲ੍ਹਾ ਪ੍ਰਸ਼ਾਸਨ ਬਰਨਾਲਾ ਵੱਲੋਂ ਪਰਾਲੀ ਪ੍ਰਬੰਧਨ ਲਈ ਇੱਕ ਕਿਸਾਨ ਕਾਲ ਸੈਂਟਰ ਸਥਾਪਤ ਕੀਤਾ ਜਾਵੇਗਾ ਤੇ ਨੰਬਰ ਜਾਰੀ ਕੀਤਾ ਜਾਵੇਗਾ ਜਿਸ ‘ਤੇ ਫੋਨ ਕਰਕੇ ਵੀ ਕਿਸਾਨ ਮਸ਼ੀਨਰੀ ਦੀ ਬੁਕਿੰਗ ਕਰਵਾ ਸਕਦੇ ਹਨ।
ਇਸ ਤੋਂ ਇਲਾਵਾ ਉਨ੍ਹਾਂ ਜਾਣਕਾਰੀ ਦਿਦਿਆ ਕਿਹਾ ਕਿ ਬਰਨਾਲਾ ਜ਼ਿਲ੍ਹੇ ਦੇ ਕਿਸਾਨਾਂ ਲਈ ਜ਼ਿਲ੍ਹਾ ਪ੍ਰਸ਼ਾਸਨ ਬਰਨਾਲਾ ਵੱਲੋਂ ਲੱਕੀ ਡਰਾਅ (ਪਰਾਲੀ) ਸ਼ੁਰੂ ਕੀਤਾ ਗਿਆ ਹੈ ਜਿਸ ਵਿੱਚ ਪਹਿਲਾਂ ਇਨਾਮ 20000, ਦੂਜਾ ਇਨਾਮ 15000 ਤੇ ਤੀਸਰਾ ਇਨਾਮ 10000 ਤੇ ਹੋਰ 22 ਕਿਸਾਨਾਂ ਨੂੰ 2500—2500 ਰੁਪਏ ਦਿੱਤੇ ਜਾਣਗੇ, ਇਹ ਓਨ੍ਹਾਂ ਕਿਸਾਨਾਂ ਲਈ ਹੈ, ਜੋ ਕਿ ਕਿਸਾਨ ਪਰਾਲੀ ਨੂੰ ਅੱਗ ਲਗਾਏ ਬਿਨਾਂ ਇਸ ਦਾ ਯੋਗ ਪ੍ਰਬੰਧਨ ਕਰਦੇ ਹਨ, ਉਹ 31 ਅਗਸਤ 2025 ਤੱਕ ਇਸ ਲਈ ਅਪਲਾਈ ਕਰ ਸਕਦੇ ਹਨ, ਇਸ ਕਿਊ ਆਰ ਕੋਡ ਜਾਰੀ ਕੀਤਾ ਗਿਆ ਹੈ, ਜਿਸ ਨੂੰ ਸਕੈਨ ਕਰਕੇ ਕਿਸਾਨ ਲੱਕੀ ਡਰਾਅ (ਪਰਾਲੀ) ਲਈ ਅਪਲਾਈ ਕਰ ਸਕਦੇ ਹਨ।
ਇਸ ਮੌਕੇ ਕਿਸਾਨ ਸੁਖਵਿੰਦਰ ਸਿੰਘ ਅਤੇ ਰਾਜਿੰਦਰ ਸਿੰਘ ਨੇ ਪਰਾਲੀ ਦੀ ਸੁੱਚਜੀ ਸਾਂਭ ਸੰਭਾਲ ਦੇ ਤਜਰਬੇ ਸਾਂਝੇ ਕੀਤੇ।
ਇਸ ਮੌਕੇ ਮੁੱਖ ਖੇਤੀਬਾੜੀ ਅਫ਼ਸਰ ਡਾ. ਜਗਸੀਰ ਸਿੰਘ ਨੇ ਕਿਸਾਨਾਂ ਨੂੰ ਖੇਤੀਬਾੜੀ ਵਿਭਾਗ ਨਾਲ ਲਗਾਤਾਰ ਸੰਪਰਕ ਵਿੱਚ ਰਹਿਣ ਤੇ ਆਧੁਨਿਕ ਤੇ ਵਿਗਿਆਨਕ ਢੰਗਾਂ ਨੂੰ ਅਪਨਾ ਕੇ ਖੇਤੀ ਵਿੱਚ ਤਬਦੀਲੀ ਲਿਆਉਣ ਲਈ ਪ੍ਰੇਰਿਤ ਕੀਤਾ।
ਇਸ ਮੌਕੇ ਡਾ. ਧਰਮਵੀਰ ਸਿੰਘ, ਸੁਖਪਾਲ ਸਿੰਘ (ਖੇਤੀਬਾੜੀ ਅਫ਼ਸਰ), ਅਸਿਸਟੈਂਟ ਰਜਿਸਟਰਾਰ (ਸਹਿਕਾਰੀ ਸੁਸਾਇਟੀ) ਰੁਪਿੰਦਰ ਸਿੰਘ, ਗੁਰਮੀਤ ਸਿੰਘ ਅਤੇ ਸਤਨਾਮ ਸਿੰਘ ਖੇਤੀਬਾੜੀ ਵਿਕਾਸ ਅਫ਼ਸਰ, ਸੁਨੀਤਾ ਰਾਣੀ ਨੋਡਲ ਅਫ਼ਸਰ (ਪਰਾਲੀ ਪ੍ਰਬੰਧਨ) ਤੋਂ ਇਲਾਵਾ ਹੋਰ ਅਧਿਕਾਰੀ/ਕਰਮਚਾਰੀ ਤੇ ਕਿਸਾਨ ਹਾਜ਼ਰ ਸਨ।














