ਬਰਨਾਲਾ, 6 ਸਤੰਬਰ 2025 AJ DI Awaaj
Punjab Desk : ਡਿਪਟੀ ਕਮਿਸ਼ਨਰ ਬਰਨਾਲਾ ਸ਼੍ਰੀ ਟੀ ਬੈਨਿਥ ਨੇ ਭਾਰੀ ਮੀਂਹ ਤੋਂ ਪ੍ਰਭਾਵਤ ਇਲਾਕਿਆਂ ਦਾ ਦੌਰਾ ਕੀਤਾ।
ਉਨ੍ਹਾਂ ਪਿੰਡ ਹਿੰਮਤਪੁਰਾ ਬਸਤੀ ਬਡਬਰ ਅਤੇ ਭੂਰੇ ਵਿਖੇ ਅਸੁਰੱਖਿਅਤ ਇਮਾਰਤਾਂ ਦਾ ਦੌਰਾ ਕੀਤਾ ਅਤੇ ਇਨ੍ਹਾਂ ਪਿੰਡਾਂ ‘ਚ ਲਗਾਏ ਗਏ ਰਾਹਤ ਕੈਂਪਾਂ ‘ਚ ਲੋਕਾਂ ਨੂੰ ਮਿਲੇ । ਉਨ੍ਹਾਂ ਦੱਸਿਆ ਕਿ ਪਿਛਲੇ ਕਈ ਦਿਨਾਂ ਤੋਂ ਲਗਾਤਾਰ ਹੋ ਰਹੀ ਬਾਰਿਸ਼ ਕਾਰਨ ਕੱਚੇ ਘਰਾਂ ਦਾ ਨੁਕਸਾਨ ਹੋਇਆ ਹੈ। ਉਨ੍ਹਾਂ ਲੋਕਾਂ ਨੂੰ ਪੁਰਜ਼ੋਰ ਅਪੀਲ ਕੀਤੀ ਕਿ ਉਹ ਅਸੁਰੱਖਿਅਤ ਥਾਂਵਾਂ ਛੱਡ ਕੇ ਜਾਂ ਆਪਣੇ-ਆਪਣੇ ਪਿੰਡਾਂ’ ਚ ਬਣੇ ਰਾਹਤ ਕੇਂਦਰਾਂ ਵਿਖੇ ਸ਼ਿਫਟ ਹੋ ਜਾਣ।
ਇਸ ਵਾਰੀ ਲਗਾਤਾਰ ਮੀਂਹ ਪੈਣ ਕਰਕੇ ਮਕਾਨਾਂ ਨੂੰ ਜ਼ਿਆਦਾ ਨੁਕਸਾਨ ਪੁੱਜ ਰਿਹਾ ਹੈ। ਖਾਸ ਕਰਕੇ ਜਿਹੜੇ ਕੱਚੇ ਘਰ ਹਨ ਜਾਂ ਬਾਲਿਆਂ ਵਾਲੀਆਂ ਛੱਤਾਂ ਹਨ ਜਾਂ ਢਾਂਚੇ ਕਮਜ਼ੋਰ ਹਨ, ਓਥੇ ਛੱਤਾਂ ਜਾਂ ਕੰਧਾਂ ਡਿੱਗਣ ਦਾ ਖਤਰਾ ਬਣਿਆ ਰਹਿਣਾ ਹੈ। ਉਨ੍ਹਾਂ ਜ਼ਿਲ੍ਹਾ ਬਰਨਾਲਾ ਵਾਸੀਆਂ ਨੂੰ ਅਪੀਲ ਕੀਤੀ ਕਿ ਜਿਹੜੇ ਮਕਾਨ ਕੱਚੇ ਹਨ ਜਾਂ ਅਣ ਸੁਰੱਖਿਅਤ ਹਨ, ਉਹ ਪਰਿਵਾਰ ਮੀਹਾਂ ਦੇ ਦਿਨਾਂ ਵਿਚ ਅਜਿਹੇ ਘਰਾਂ ਵਿੱਚ ਰਹਿਣ ਦੀ ਬਜਾਏ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਬਣਾਏ ਨੇੜਲੇ ਰਾਹਤ ਕੈਂਪਾਂ ਵਿੱਚ ਆ ਕੇ ਰਹਿ ਸਕਦੇ ਹਨ, ਜਿੱਥੇ ਸਾਰੀਆਂ ਲੋੜੀਂਦੀਆਂ ਸਹੂਲਤਾਂ ਦਾ ਪ੍ਰਬੰਧ ਕੀਤਾ ਗਿਆ ਹੈ।
ਇਸ ਬਾਰੇ ਪਿੰਡਾਂ ਵਿਚ ਸਰਪੰਚ, ਪਟਵਾਰੀ ਜਾਂ ਪੰਚਾਇਤ ਸਕੱਤਰ ਨੂੰ ਦੱਸਿਆ ਜਾਵੇ। ਸ਼ਹਿਰਾਂ ਵਿੱਚ ਨਗਰ ਕੌਂਸਲ ਦੇ ਈ ਓ ਜਾਂ ਆਪਣੇ ਵਾਰਡ ਦੇ ਐਮ ਸੀ ਨੂੰ ਸੂਚਿਤ ਕੀਤਾ ਜਾਵੇ ਤਾਂ ਜੋ ਕਿਸੇ ਵੀ ਤਰ੍ਹਾਂ ਦੇ ਜਾਨੀ – ਮਾਲੀ ਨੁਕਸਾਨ ਤੋਂ ਬਚਾਅ ਕੀਤਾ ਜਾ ਸਕੇ। ਜ਼ਿਲ੍ਹਾ ਪ੍ਰਸ਼ਾਸਨ ਬਰਨਾਲਾ ਵੱਲੋਂ ਨੰਬਰ ਵੀ ਜਾਰੀ ਕੀਤਾ ਗਿਆ ਹੈ, ਕਿਸੇ ਵੀ ਤਰ੍ਹਾਂ ਦੀ ਲੋੜ ਪੈਣ ‘ਤੇ ਤੁਸੀ 01679-233031 ‘ਤੇ ਸੰਪਰਕ ਕਰ ਸਕਦੇ ਹੋ।
ਉਨ੍ਹਾਂ ਦੱਸਿਆ ਕਿ ਜਿਹੜੀਆਂ ਇਮਾਰਤਾਂ ਦਾ ਨੁਕਸਾਨ ਹੋਇਆ ਹੈ ਉਨ੍ਹਾਂ ਇਮਾਰਤਾਂ ਦੇ ਮਾਲਕਾਂ ਨੂੰ ਸਰਕਾਰ ਵੱਲੋਂ ਬਣਦੇ ਨਿਯਮਾਂ ਅਨੁਸਾਰ ਮੁਆਵਜ਼ਾ ਦਿੱਤਾ ਜਾਵੇਗਾ।
ਅੱਜ ਉਨ੍ਹਾਂ ਸੀਵਰ ਟ੍ਰੀਟਮੈਂਟ ਪਲਾਂਟ ਦਾ ਵੀ ਦੌਰਾ ਕੀਤਾ ਜਿਥੇ ਉਨ੍ਹਾਂ ਨਿਰਦੇਸ਼ ਦਿੱਤੇ ਕਿ ਮੀਂਹ ਵਾਲੇ ਪਾਣੀ ਦੀ ਨਿਕਾਸੀ ਲਈ ਪਲਾਂਟ ਦਾ ਕੰਮ ਸਮੇਂ ਸਿਰ ਨੇਪਰੇ ਚਾੜ੍ਹਿਆ ਜਾਵੇ ਇਸ ਮੌਕੇ ਉਨ੍ਹਾਂ ਨਾਲ ਆਈ ਏ ਐੱਸ (ਸਿਖ਼ਲਾਈ ਅਧੀਨ) ਸ੍ਰੀ ਸ਼ਿਵਾਂਸ਼ ਰਾਠੀ ਵੀ ਮੌਜੂਦ ਸਨ
