ਪਟਿਆਲਾ, 28 ਜੁਲਾਈ 2025 Aj DI Awaaj
Punjab Desk : ਪਟਿਆਲਾ ਦੇ ਡਿਪਟੀ ਕਮਿਸ਼ਨਰ ਡਾ. ਪ੍ਰੀਤੀ ਯਾਦਵ ਨੇ ਅੱਜ ਰਾਜਪੁਰਾ ਸਬ ਡਵੀਜ਼ਨ ਦੇ ਪਿੰਡ ਸੈਦਖੇੜੀ ਦਾ ਦੌਰਾ ਕੀਤਾ। ਇਸ ਮੌਕੇ ਉਨ੍ਹਾਂ ਪਿੰਡ ਦੇ ਸਰਕਾਰੀ ਹਾਈ ਸਕੂਲ ਸਮੇਤ ਮਨਰੇਗਾ ਤੇ ਕੂੜਾ ਪ੍ਰਬੰਧਨ ਦਾ ਜਾਇਜ਼ਾ ਵੀ ਲਿਆ। ਇਸ ਮੌਕੇ ਉਨ੍ਹਾਂ ਦੇ ਨਾਲ ਰਾਜਪੁਰਾ ਦੇ ਉਪ ਮੰਡਲ ਮੈਜਿਸਟ੍ਰੇਟ (ਐਸ.ਡੀ.ਐਮ) ਸ੍ਰੀ ਅਵਿਕੇਸ਼ ਗੁਪਤਾ ਤੇ ਜ਼ਿਲ੍ਹਾ ਸਿੱਖਿਆ ਅਫ਼ਸਰ ਸ਼ਾਲੂ ਮਹਿਰਾ ਵੀ ਮੌਜੂਦ ਸਨ।
ਡਾ. ਪ੍ਰੀਤੀ ਯਾਦਵ ਨੇ ਸਕੂਲ ਦਾ ਦੌਰਾ ਕਰਦਿਆਂ ਵਿਦਿਆਰਥੀਆਂ ਨਾਲ ਮੁਲਾਕਾਤ ਕਰਕੇ ਉਨ੍ਹਾਂ ਦੀ ਪੜ੍ਹਾਈ, ਲਾਇਬ੍ਰੇਰੀ, ਖੇਡਾਂ ਅਤੇ ਹੋਰ ਸਹੂਲਤਾਂ ਬਾਰੇ ਜਾਣਕਾਰੀ ਹਾਸਲ ਕੀਤੀ। ਉਹਨਾਂ ਵਿਦਿਆਰਥੀਆਂ ਨੂੰ ਨਸ਼ਿਆਂ ਦੀ ਅਲਾਮਤ ਤੋਂ ਦੂਰ ਰਹਿਣ ਲਈ ਵੀ ਪ੍ਰੇਰਿਆ।
ਡਿਪਟੀ ਕਮਿਸ਼ਨਰ ਨੇ ਵਿਦਿਆਰਥੀਆਂ ਨੂੰ ਉਤਸ਼ਾਹਿਤ ਕਰਦਿਆਂ ਕਿਹਾ ਕਿ ਵਿਦਿਆਰਥੀ ਜੀਵਨ ‘ਚ ਕੀਤੀ ਸਖ਼ਤ ਮਿਹਨਤ ਦਾ ਨਤੀਜਾ ਜ਼ਰੂਰ ਮਿਲਦਾ ਹੈ। ਇਸ ਤੋਂ ਇਲਾਵਾ ਉਹਨਾਂ ਨੇ ਅਧਿਆਪਕਾਂ ਨੂੰ ਵਿਦਿਆਰਥੀਆਂ ਵਿੱਚ ਨੈਤਿਕ ਗੁਣਾਂ ਅਤੇ ਕਿੱਤਾ ਮੁਖੀ ਅਗਵਾਈ ਦੇਣ ਲਈ ਵੀ ਉਤਸ਼ਾਹਿਤ ਕੀਤਾ।
ਡਾ. ਯਾਦਵ ਨੇ ਸਕੂਲ ਪ੍ਰਬੰਧ ਤੇ ਤਸੱਲੀ ਪ੍ਰਗਟ ਕਰਦਿਆਂ ਉਨ੍ਹਾਂ ਨੇ ਹੈੱਡ ਮਾਸਟਰ ਹਰਪ੍ਰੀਤ ਸਿੰਘ ਅਤੇ ਅਧਿਆਪਕਾਂ ਦੀ ਟੀਮ ਦੀ ਪ੍ਰਸ਼ੰਸਾ ਕੀਤੀ। ਉਨ੍ਹਾਂ ਨੇ ਕਿਹਾ ਕਿ ਸਕੂਲ ਵਿਚ ਸਫਾਈ, ਵਿਦਿਅਰਥੀਆਂ ਦੀ ਪਾਠਕ੍ਰਮ ਗਤੀਵਿਧੀਆਂ ਅਤੇ ਸਰਕਾਰੀ ਸਕੀਮਾਂ ਦੀ ਲਾਗੂ ਰਣਨੀਤੀ ਦਰਸਾਉਂਦੀ ਹੈ ਕਿ ਸਕੂਲ ਦੀ ਟੀਮ ਮਿਲ ਕੇ ਚੰਗੇ ਪੱਧਰ ‘ਤੇ ਮਿਹਨਤ ਕਰ ਰਹੀ ਹੈ। ਉਨ੍ਹਾਂ ਨੇ ਇਹ ਵੀ ਕਿਹਾ ਕਿ ਵਿਦਿਅਰਥੀਆਂ ਦੇ ਸਰਵਪੱਖੀ ਵਿਕਾਸ ਲਈ ਅਧਿਆਪਕਾਂ ਦੀ ਭੂਮਿਕਾ ਮਹੱਤਵਪੂਰਨ ਹੈ।
